ਕੋਟਕਪੂਰਾ, 2 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਪ੍ਰਧਾਨ ਸੰਜੀਪ ਕੁਮਾਰ ਅਹੂਜਾ (ਕਿੱਟੂ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਵਿਸ਼ਵ ਅਧਿਆਪਕ ਦਿਵਸ ਮੌਕੇ ਸਮਾਜਸੇਵੀ ਅਧਿਆਪਕ ਧਰਮਹਿੰਦਰ ਸਿੰਘ ਡੋਡ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਕਲੱਬ ਦੇ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਮੁਤਾਬਿਕ 31-3-1975 ਨੂੰ ਪਿੰਡ ਡੋਡ ਵਿਖੇ ਮਾਤਾ ਜਸਵੀਰ ਕੌਰ ਅਤੇ ਪਿਤਾ ਬਲਵੀਰ ਸਿੰਘ ਦੇ ਘਰ ਪੈਦਾ ਹੋਏ ਧਰਮਹਿੰਦਰ ਸਿੰਘ ਡੋਡ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਜਿਲਾ ਮਾਨਸਾ, ਅੱਠਵੀਂ ਸਰਕਾਰੀ ਮਿਡਲ ਸਕੂਲ ਡੋਡ ਤੋਂ ਬਾਅਦ ਉਚੇਰੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਪ੍ਰਾਪਤ ਕੀਤੀ। ਸਰਕਾਰੀ ਨੌਕਰੀ ਦੌਰਾਨ ਉਹਨਾਂ ਨੇ ਵੱਖ ਵੱਖ ਸਕੂਲਾਂ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਅਨੇਕਾਂ ਸੇਵਾ ਕਾਰਜ ਕੀਤੇ। ਉਹਨਾ ਦੱਸਿਆ ਕਿ ਧਰਮਹਿੰਦਰ ਸਿੰਘ ਡੋਡ ਨੇ ਬੱਚਿਆਂ ਨੂੰ ਵਿਦਿਅਕ ਖੇਤਰ ਦੇ ਨਾਲ ਨਾਲ ਧਾਰਮਿਕ ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ਵਿੱਚ ਰੁਚੀ ਲੈਣ ਉਤਸ਼ਾਹਿਤ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਂ ਕਲਾਂ ਵਿਖੇ ਮੁੱਖ ਅਧਿਆਪਕ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਧਰਮਹਿੰਦਰ ਸਿੰਘ ਡੋਡ ਦਾ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ 5 ਅਕਤੂਬਰ ਦਿਨ ਸ਼ਨੀਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ।