ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਰੋਜ ਪੰਜਾਬ ਦਾ ਖਜਾਨਾ ਭਰਿਆ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਜਦਕਿ ਪੰਜਾਬ ਦੇ ਖਜਾਨੇ ਦੀ ਅਸਲ ਹਾਲਤ ਇਹ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਿਰਫ 3000 ਰੁਪਏ ਮਹੀਨਾ ਉਕਾ ਪੱਖਾ ਤਨਖਾਹਾਂ ’ਤੇ ਕੰਮ ਕਰਦੇ ਸਫਾਈ ਸੇਵਕ ਅਤੇ ਸਿਰਫ 5000 ਰੁਪਏ ਮਹੀਨਾ ਉਕਾ ਪੱਕਾ ਤਨਖਾਹ ’ਤੇ ਕੰਮ ਕਰਦੇ ਚੌਂਕੀਦਾਰਾਂ ਨੂੰ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੀ ਤਨਖਾਹ ਡੀ.ਈ.ਓ. ਦਫਤਰਾਂ ਕੋਲ ਬਜਟ ਨਾ ਹੋਣ ਕਾਰਨ ਅੱਜ ਤੱਕ ਨਹੀਂ ਮਿਲੀ, ਜਿਸ ਕਾਰਨ ਇਹ ਮੁਲਾਜਮ ਆਰਥਿਕ ਤੌਰ ’ਤੇ ਪ੍ਰੇਸ਼ਾਨੀਆਂ ਦੇ ਦੌਰ ’ਚੋਂ ਲੰਘ ਰਹੇ ਹਨ ਤੇ ਇਹਨਾਂ ਗਰੀਬ ਪਰਿਵਾਰਾਂ ਦਾ ਜੀਵਨ ਦੁੱਭਰ ਹੋ ਕੇ ਰਹਿ ਗਿਆ ਹੈ। ਇਸ ਸਬੰਧੀ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਸਮੇਤ ਹੋਰ ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਆਪਣੇ ਸਵਾ ਦੋ ਸਾਲ ਦੇ ਰਾਜਭਾਗ ਦੌਰਾਨ ਸੰਸਾਰ ਬੈਂਕ ਤੋਂ ਹਜਾਰਾਂ ਕਰੋੜ ਰੁਪਏ ਦਾ ਕਰਜਾ ਲੈਣ ਦੇ ਬਾਵਜੂਦ ਅਤੇ ਖਜਾਨੇ ’ਤੇ ਬੇਲੋੜੇ ਭਾਰ ਪਾਏ ਜਾਣ ਦੀਆਂ ਨੀਤੀਆਂ ਕਾਰਨ ਦਿਨੋ-ਦਿਨ ਪੰਜਾਬ ਦੇ ਖਜਾਨੇ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਇਹਨਾ ਹਾਲਤਾਂ ਕਾਰਨ ਪੰਜਾਬ ਆਰਥਿਕ ਐਮਰਜੈਂਸੀ ਵੱਲ ਵੱਧ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰਦੇ ਸਫਾਈ ਸੇਵਕਾਂ ਅਤੇ ਚੌਂਕੀਦਾਰਾਂ ਨੂੰ ਪਿਛਲੇ ਅਪ੍ਰੈਲ, ਮਈ ਅਤੇ ਜੂਨ ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰਤ ਦਿੱਤੀਆਂ ਜਾਣ ਤਾਂ ਜੋ ਇਹਨਾਂ ਪਰਿਵਾਰਾਂ ਦਾ ਗੁਜਾਰਾ ਚੱਲਦਾ ਹੋ ਸਕੇ।
Leave a Comment
Your email address will not be published. Required fields are marked with *