ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੋਟਕਪੂਰਾ ਸ਼ਹਿਰ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਧਾਲੀਵਾਲ ਵਲੋਂ ਸਥਾਨਕ ਸ਼ਹਿਰ ਦੇ ਡਾ. ਚੰਦਾ ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅੱਗੋਂ ਲੰਘਦੀ ਮੁੱਖ ਗਲੀ ਵਿੱਚ ਇੰਟਰਲਾਕ ਟਾਈਲਾਂ ਲਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ, ਕੌਂਸਲਰ ਅਰੁਣ ਚਾਵਲਾ, ਯੂਥ ਆਪ ਆਗੂ ਦੀਪਕ ਮੌਂਗਾ ਅਤੇ ਸਮੂਹ ਮੁਹੱਲਾ ਵਾਸੀਆਂ ਦੀ ਮੌਜੂਦਗੀ ’ਚ ਗਲੀ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਮੁੱਖ ਸੜਕ ਗਿਆਨੀ ਜੈਲ ਸਿੰਘ ਮਾਰਕਿਟ ਤੋਂ ਸ਼ੁਰੂ ਹੋ ਕੇ ਕਾਜੀਆਂ ਵਾਲੇ ਚੌਂਕ ਤੱਕ ਬਣਾਈ ਜਾਵੇਗੀ ਅਤੇ ਇਸ ਨੂੰ ਬਣਾਉਣ ’ਤੇ ਅੰਦਾਜਨ 40 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਸੜਕ ਤਕਰੀਬਨ 25 ਸਾਲ ਪਹਿਲਾਂ ਬਣੀ ਸੀ ਅਤੇ ਲੋਕਾਂ ਵਲੋਂ ਕੀਤੀ ਜਾ ਰਹੀ ਇਹ ਚਿਰੋਕਣੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਖਰਚ ਹੋ ਰਿਹਾ ਪੈਸਾ ਲੋਕਾਂ ਦਾ ਹੀ ਹੈ ਅਤੇ ਸਰਕਾਰ ਇਸਨੂੰ ਪਾਰਦਰਸ਼ੀ ਅਤੇ ਵਧੀਆ ਢੰਗ ਨਾਲ ਖਰਚਣਾ ਚਾਹੁੰਦੀ ਹੈ, ਇਸ ਲਈ ਇਸ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗਲੀ ਦੇ ਪੂਰੇ ਕੰਮ ਨੂੰ ਵਧੀਆ ਢੰਗ ਨਾਲ ਕਰਵਾਇਆ ਜਾਵੇਗਾ ਤਾਂ ਜੋ ਇਲਾਕਾ ਵਾਸੀਆਂ ਨੂੰ ਇਸਦਾ ਪੂਰਾ-ਪੂਰਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਭਾਵੇਂ ਇੱਥੇ ਸੀਵਰੇਜ ਪਿਆ ਹੋਇਆ ਹੈ ਪਰ ਸਥਾਨਕ ਵਾਸੀਆਂ ਦੀ ਮੰਗ ਅਨੁਸਾਰ ਇੱਥੇ ਨਾਲੀਆਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਇਸ ਗਲੀ ਵਿੱਚ ਵਾਟਰ ਵਰਕਸ ਦੀ ਪਾਈਪ, ਗੈਸ ਪਾਈਪ ਲਾਈਪ ਲਾਈਨ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਰਹਿੰਦਾ ਹੈ ਤਾਂ ਉਸਨੂੰ ਟਾਈਲਾਂ ਲੱਗਣ ਤੋਂ ਪਹਿਲਾਂ-ਪਹਿਲਾਂ ਪੂਰਾ ਕਰ ਲਿਆ ਜਾਵੇ ਤਾਂ ਜੋ ਗਲੀ ਬਨਣ ਤੋਂ ਬਾਅਦ ਉਸਨੂੰ ਪੁੱਟਣਾ ਨਾ ਪਵੇ। ਇਸ ਦੌਰਾਨ ਮਨਪ੍ਰੀਤ ਸਿੰਘ ਧਾਲੀਵਾਲ ਨੇ ਸਟਰੀਟ ਲਾਈਟਾਂ ਸਬੰਧੀ ਦੱਸਿਆ ਕਿ ਸ਼ਹਿਰ ਦੇ ਲਗਭਗ 20 ਵਾਰਡਾਂ ਵਿੱਚ ਸਟਰੀਟ ਲਾਈਟਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਤਕਰੀਬਨ 7-8 ਵਾਰਡਾਂ ਵਿੱਚ ਵੀ ਸਟਰੀਟ ਲਾਈਟਾਂ ਦਾ ਕੰਮ ਜਲਦੀ ਪੂਰਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਨਰੇਸ਼ ਗੋਇਲ, ਸੇਵਕ ਮਹਿਤਾ, ਸੁਖਚੈਨ ਸਿੰਘ ਭੋਲੂ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਵੀ ਹਾਜਰ ਸਨ।