ਰੋਪੜ, 17 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਡਾ. ਐਸ.ਪੀ. ਸਿੰਘ ਉਬਰਾਏ ਦੀ ਯੋਗ ਅਗਵਾਈ ਵਿੱਚ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਪਿੰਡ ਕੋਟਲਾ ਟੱਪਰੀਆਂ ਵਿਖੇ ਜਸਵੀਰ ਕੌਰ ਦੇ ਮਕਾਨ ਦਾ ਨੀਂਹ-ਪੱਥਰ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਾਲਿਆਂ ਤੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਦੇ ਕਰ-ਕਮਲਾਂ ਨਾਲ਼ ਰਖਵਾਇਆ ਗਿਆ। ਜਿੰਨ੍ਹਾ ਟਰੱਸਟ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਨੇ ਦੱਸਿਆ ਕਿ ਸ. ਉਬਰਾਏ ਨੇ ਮੀਂਹ ਕਾਰਨ ਨੁਕਸਾਨੇ ਗਏ ਗਰੀਬ ਪਰਿਵਾਰਾਂ ਦੇ ਘਰਾਂ ਦੀ ਉਸਾਰੀ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਸੀ। ਜਿਸ ਦੇ ਚਲਦਿਆਂ ਕੜਾਕੇ ਦੀ ਠੰਢ ਵਿੱਚ ਵੀ ਝੁੱਗੀ ਵਿੱਚ ਰਹਿ ਰਹੇ ਇਸ ਲੋੜਵੰਦ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਬਰਾਏ ਸਾਹਿਬ ਨੇ ਤੁਰੰਤ ਇਹਨਾਂ ਲਈ ਦੋ ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ। ਉਨ੍ਹਾਂ ਕਿਹਾ ਕਿ ਰੋਪੜ ਜਿਲੇ ਦੇ ਹੋਰ ਲੋੜਵੰਦ ਪਰਿਵਾਰਾਂ ਵੀ ਮਦਦ ਲਈ ਸੰਪਰਕ ਕਰ ਸਕਦੇ ਹਨ। ਉਪਰੰਤ ਪਰਿਵਾਰ ਨੇ ਟਰੱਸਟ ਦਾ ਉਚੇਚੇ ਤੌਰ ‘ਤੇ ਸ਼ੁਕਰਾਨਾ ਕੀਤਾ। ਇਸ ਮੌਕੇ ਮਦਨ ਮੋਹਨ ਗੁਪਤਾ, ਸ ਇੰਦਰਜੀਤ ਸਿੰਘ, ਸੁਖਦੇਵ ਸ਼ਰਮਾ, ਜਗਜੀਤ ਸਿੰਘ ਟੀਮ ਮੈਂਬਰ, ਸਰਪੰਚ ਗੁਰਮੇਲ ਸਿੰਘ ਅਤੇ ਹੋਰ ਪਤਵੰਤੇ ਪਤਵੰਤੇ ਸੱਜਣ ਹਾਜ਼ਰ ਸਨ।