ਵਧੀਕ ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਗਰੀਨ ਦੀਵਾਲੀ, ਕਲੀਨ ਦੀਵਾਲੀ ਮਨਾਉਣ ਦੀ ਅਪੀਲ
ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਫਰੀਦਕੋਟ ਜਿਲ੍ਹੇ ਦੇ ਫਰੀਦਕੋਟ, ਕੋਟਕਪੂਰਾ ਤੇ ਜੈਤੋ ਨਗਰ ਕੌਂਸਲਾਂ ਅਧੀਨ ਆਉਂਦੇ ਇਲਾਕਿਆਂ ’ਚ 24 ਅਕਤੂਬਰ ਤੋਂ 7 ਨਵੰਬਰ ਤੱਕ ਸਵੱਛਤਾ ਦੀ ਲਹਿਰ ਤਹਿਤ ਸਫਾਈ ਮੁਹਿੰਮ ਚਲਾਈ ਜਾਵੇਗੀ। ਇਹ ਜਾਣਕਾਰੀ ਉਜਸਵੀ ਅਲੰਕਾਰ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ ਨੇ ਦਿੱਤੀ। ਸ਼੍ਰੀ ਉਜਸਵੀ ਨੇ ਦੱਸਿਆ ਕਿ ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਜਿਲ੍ਹੇ ਦੀਆਂ ਨਗਰ ਕੌਂਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ। ਇਸ ਵਿੱਚ ਜਨਤਕ ਥਾਵਾਂ ਸਰਕਾਰੀ ਇਮਾਰਤਾਂ, ਪਾਰਕਾਂ, ਧਾਰਮਿਕ ਸਥਾਨਾਂ, ਸੜਕਾਂ ਆਦਿ ’ਚ ਇਹ ਮੁਹਿੰਮ ਵਿਸ਼ੇਸ਼ ਤੌਰ ’ਤੇ ਚਲਾਈ ਜਾਵੇਗੀ। ਉਹਨਾਂ ਦੱਸਿਆ ਕਿ ਨਗਰ ਕੌਂਸਲਾਂ ਤੋਂ ਇਲਾਵਾ ਇਸ ਮੁਹਿੰਮ ’ਚ ਜਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ, ਸਕੂਲਾਂ, ਕਾਲਜਾਂ, ਐਨਸੀਸੀ ਯੂਨਿਟਾਂ, ਨਹਿਰੂ ਯੁਵਾ ਕੇਂਦਰਾਂ, ਯੁਵਕ ਸੇਵਾਵਾਂ ਕਲੱਬਾਂ ਸਮੇਤ ਸਮੁੱਚੇ ਸਹਿਰ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਫਾਈ ਪੰਦਰਵਾੜੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਣੇ ਜਿਲ੍ਹੇ ਨੂੰ ਪੂਰੀ ਤਰ੍ਹਾਂ ਸਾਫ-ਸੁਥਰਾ ਰੱਖਣ ਵਿੱਚ ਆਪਣਾ ਸਹਿਯੋਗ ਦੇਣ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਵਾਰ ਗਰੀਨ ਦੀਵਾਲੀ, ਕਲੀਨ ਦੀਵਾਲੀ ਮਨਾਉਣ ਅਤੇ ਦੀਵਾਲੀ ਵਾਲੇ ਦਿਨ ਵੱਧ ਆਵਾਜ, ਵੱਧ ਪ੍ਰਦੂਸ਼ਣ ਵਾਲੇ ਪਟਾਕੇ ਨਾ ਚਲਾਉਣ।