ਮੋਹਾਲੀ, 2 ਫਰਵਰੀ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਦਮਦਮੀ ਟਕਸਾਲ ਜੱਥਾ ਭਿੰਡਰਾਂ, ਚੌਂਕ ਮਹਿਤਾ ਦੇ ਮੌਜੂਦਾ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਜੀ ਦੀ ਨਿਗਰਾਨੀ ਵਿਚ ਵਿਦਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਵੀਨਤਮ ਸਟੀਕ ਤਿਆਰ ਕੀਤਾ ਗਿਆ ਜਿਸ ਨੂੰ 15 ਜਿਲਦਾਂ ਵਿਚ ਛਾਪਿਆ ਗਿਆ ਹੈ। ਇਹਨਾਂ 15 ਜਿਲਦਾਂ ਦਾ ਇਕ ਸੈੱਟ ਉਹਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਗੁਰੂ ਨਾਨਕ ਚੇਅਰ ਵਿਭਾਗ ਦੀ ਲਾਇਬ੍ਰੇਰੀ ਵਾਸਤੇ ਵਿਸ਼ੇਸ਼ ਰੂਪ ਵਿਚ ਭੇਜਿਆ ਹੈ। ਹੁਣ ਤੱਕ ਅਨੇਕ ਟੀਕੇ ਜਗਿਆਸੂਆਂ, ਪਾਠਕਾਂ ਤੱਕ ਵਿਦਵਾਨਾਂ ਵੱਲੋਂ ਲਿਖੇ ਜਾ ਚੁੱਕੇ ਹਨ। ਉਹਨਾਂ ਵਿਚੋਂ ਸੰਪਰਦਾਈ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਦੇ ਯਤਨ ਸ਼ਾਮਲ ਹਨ। ਵਿਚਾਰ ਅਧੀਨ ਟੀਕਾ ਸਭ ਤੋਂ ਪਿਛੋਂ ਦਾ ਪ੍ਰਕਾਸ਼ਿਤ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਪੌਣਾ ਸਾਲ ਦਮਦਮਾ ਸਾਹਿਬ ਵਿਖੇ ਕਿਆਮ ਕੀਤਾ ਸੀ ਜਿੱਥੇ ਉਹਨਾਂ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਪਾਸੋਂ ਆਦਿ ਗ੍ਰੰਥ ਦੀ ਬੀੜ ਲਿਖਵਾਈ ਸੀ। ਭਾਈ ਮਨੀ ਸਿੰਘ ਜੀ ਤੋਂ ਗਿਆਨੀਆਂ ਦੀ ਅਤੇ ਬਾਬਾ ਦੀਪ ਸਿੰਘ ਜੀ ਤੋਂ ਦਮਦਮੀ ਟਕਸਾਮ ਚੱਲੀ। ਦੋਵੇਂ ਮਹਾਂਪੁਰਖ ਗੁਰਮਤਿ ਦੇ ਭਾਰੀ ਵਿਦਵਾਨ ਅਤੇ ਵਿਆਖਿਆਕਾਰ ਸਨ। ਗਿਆਨੀਆਂ ਦੀ ਟਕਸਾਲ ਭਾਈ ਵੀਰ ਸਿੰਘ ਜੀ ਤੱਕ ਸਰਗਰਮ ਰਹੀ। ਦਮਦਮੀ ਟਕਸਾਲ ਹੁਣ ਤੱਕ ਗਿਆਨੀ ਹਰਨਾਮ ਸਿੰਘ ਜੀ ਧੁੰਮਾ ਜੀ ਦੀ ਸਰਪ੍ਰਸਤੀ ਹੇਠ ਸਰਗਰਮ ਹੈ। ਹੱਥਲੇ ਟੀਕੇ ਵਿਚਲੀ ਕਥਾ ਸੰਤ ਗੁਰਬਚਨ ਸਿੰਘ ਜੀ ਤੋਂ ਸ਼ੁਰੂ ਹੋਈ ਜਿਸਨੂੰ ਟੇਪ ਰਿਕਾਰਡ ਦੀਆਂ ਕੈਸਟਾਂ ਰਾਹੀਂ ਰਿਕਾਰਡ ਕੀਤਾ ਗਿਆ। ਉਪਰੰਤ ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ ਅਤੇ ਸੰਤ ਹਰਨਾਮ ਸਿੰਘ ਧੁੰਮਾ ਤੱਕ ਇਹ ਵਿਆਖਿਆਕਾਰੀ ਸੰਪੂਰਨ ਹੋਈ ਹੈ। ਸਾਰੇ ਟੀਕਿਆਂ ਵਿਚੋਂ ਨਵੀਨਤਮ ਹੋਣ ਕਰਕੇ ਇਹ ਜਗਿਆਸੂਆਂ ਲਈ ਹਿੱਤਕਾਰੀ ਹੋਵੇਗੀ।
ਧੰਨਵਾਦੀ ਸਮਾਰੋਹ ਵਿਚ ਚੇਅਰਪਰਸਨ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਨਾਲ ਡਾ. ਜਗਮੋਹਨ ਸਿੰਘ ਅਤੇ ਮੈਡਮ ਦਵਿੰਦਰ ਕੌਰ ਸ਼ਾਮਲ ਹੋਏ ਅਤੇ ਗੁਰੂ ਨਾਨਕ ਚੇਅਰ, ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦਮਦਮੀ ਟਕਸਾਲ ਜੱਥਾ ਭਿੰਡਰਾਂ, ਚੌਂਕ ਮਹਿਤਾ ਦਾ ਧੰਨਵਾਦ ਕੀਤਾ।
ਇਹ ਖਬਰ ਚੇਅਰਪਰਸਨ ,ਗੁਰੂ ਨਾਨਕ ਚੇਅਰ ਫਾਰ ਸਟੱਡੀਜ਼
ਇਨ ਯੂਨੀਵਰਸਲ ਅਡਵਾਂਸਮੈਂਟ ਨੇ ਪੱਤਰਕਾਰ ਨਾਲ ਸਾਂਝੀ ਕੀਤੀ।
Leave a Comment
Your email address will not be published. Required fields are marked with *