
ਅੱਜ ਦੇ ਦਿਨ 60 ਸਾਲ ਪਹਿਲਾਂ 27 ਮਈ 1964 ਨੂੰ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਮੌਤ ਹੋਈ ਸੀ। ਉਹ ਉਸ ਸਮੇਂ ਧਰਮ ਨਿਰਪੱਖਤਾ, ਗੁੱਟ ਨਿਰਲੇਪਤਾ, ਵਿਸ਼ਵ ਅਮਨ ਅਤੇ ਤੀਜੀ ਦੁਨੀਆਂ ਦੇ ਦੇਸ਼ਾਂ ਲਈ ਦੁਨੀਆਂ ਦੇ ਜਾਣੇ ਪਛਾਣੇ ਲੀਡਰਾਂ ਵਿੱਚੋਂ ਇੱਕ ਸਨ। ਉਹਨਾਂ ਦੀ ਮੌਤ ਭਾਰਤ ਵਿੱਚ ਧਰਮ ਨਿਰਪੱਖਤਾ ਅਤੇ ਦੁਨੀਆਂ ਦੇ ਗੁੱਟ ਨਿਰਲੇਪਤਾ ਤੇ ਵਿਸ਼ਵ ਅਮਨ ਦੇ ਹਿਮਾਇਤੀਆਂ ਲਈ ਇਕ ਅਕਹਿ ਅਤੇ ਅਸਹਿ ਸਦਮਾ ਸੀ। ਹੋਰਨਾਂ ਲੋਕਾਂ ਵਾਂਗ, ਉਸ ਸਮੇਂ ਸ਼ਿਵ ਕੁਮਾਰ ਬਟਾਲਵੀ ਦੀ ਕਲਮ ਵੀ ਇਸ ਮੌਤ ਉੱਪਰ ਕੁਰਲਾ ਉੱਠੀ। ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅੰਤਿਮ ਵਿਦਾਈ ਵੇਲੇ “ਸੂਰਜ ਦਾ ਮਰਸੀਆ” ਸਿਰਲੇਖ ਹੇਠ ਲਿਖੀ ਕਵਿਤਾ ਲਿਖੀ ਸੀ, ਜੋ ਬੇਹੱਦ ਸਲਾਹੀ ਗਈ। ਉਹਨਾਂ ਨੇ ਆਪਣੀ ਇਸ ਕਵਿਤਾ ਨੂੰ, 1964 ਵਿੱਚ ਹੀ ਪ੍ਰਕਾਸ਼ਿਤ ਆਪਣੀ ਕਿਤਾਬ “ਬਿਰਹਾ ਤੂੰ ਸੁਲਤਾਨ” ਵਿੱਚ ਸ਼ਾਮਲ ਕੀਤਾ ਸੀ:
“ਸੂਰਜ ਦਾ ਮਰਸੀਆ”
ਅੱਜ ਅਮਨਾਂ ਦਾ ਬਾਬਲ ਮਰਿਆ,
ਸਾਰੀ ਧਰਤ ਨੜੋਏ ਆਈ,
ਤੇ ਅੰਬਰ ਨੇ ਹੌਂਕਾ ਭਰਿਆ।
ਅੱਜ ਅਮਨਾਂ ਦਾ ਬਾਬਲ ਮਰਿਆ।
ਇੰਝ ਫੈਲੀ ਦਿਲ ਦੀ ਖੁਸ਼ਬੋਈ,
ਈਕਣ ਰੰਗ ਸੋਗ ਦਾ ਚੜਿਆ,
ਜੀਕਣ ਸੰਘਣੇ ਵਣ ਵਿੱਚ ਕਿਧਰੇ,
ਚੰਦਨ ਦਾ ਇੱਕ ਬੂਟਾ ਸੜਿਆ।
ਤਹਿਜ਼ੀਬਾਂ ਨੇ ਫੂਹੜੀ ਪਾਈ,
ਤਵਾਰੀਖ ਦਾ ਮੱਥਾ ਠਰਿਆ,
ਮਜ਼ਹਬਾਂ ਨੂੰ ਅੱਜ ਆਈ ਤਰੇਲੀ,
ਕੌਮਾਂ ਘੁੱਟ ਕਲੇਜਾ ਫੜਿਆ।
ਰਾਮ ਰਹੀਮ ਗਏ ਪਥਰਾਏ,
ਹਰਮੰਦਰ ਦਾ ਪਾਣੀ ਡਰਿਆ,
ਫੇਰ ਕਿਸੇ ਮਰੀਅਮ ਦਾ ਜਾਇਆ,
ਅੱਜ ਫਰਜ਼ਾਂ ਦੀ ਸੂਲੀ ਚੜਿਆ।
ਅੱਜ ਸੂਰਜ ਦੀ ਅਰਥੀ ਨਿੱਕਲੀ,
ਅੱਜ ਧਰਤੀ ਦਾ ਸੂਰਜ ਮਰਿਆ।
ਕੁੱਲ ਲੋਕਾਈ ਮੋਢਾ ਦਿੱਤਾ,
ਤੇ ਨੈਣਾਂ ਵਿੱਚ ਹੰਝੂ ਭਰਿਆ।
ਪੈਣ ਮਨੁੱਖਤਾ ਤਾਂਈਂ ਦੰਦਲਾਂ,
ਕਾਲਾ ਦੁੱਖ ਨਾ ਜਾਵੇ ਜਰਿਆ।
ਰੋ ਰੋ ਮਾਰੇ ਢਿੱਡੀਂ ਮੁੱਕੀਆਂ,
ਸਾਰਾ ਜਗਤ ਸਰਹਾਣੇ ਖੜਿਆ।
ਦਸੇ ਦਿਸ਼ਾਵਾਂ ਸੋਗੀ ਹੋਈਆਂ,
ਈਕਣ ਚੁੱਪ ਦਾ ਨਾਗ ਹੈ ਲੜਿਆ,
ਜਿਉਂ ਧਰਤੀ ਨੇ ਅੱਜ ਸੂਰਜ ਦਾ,
ਰੋ ਰੋ ਕੇ ਮਰਸੀਹਾ ਪੜਿਆ।
ਅੱਜ ਅਮਨਾਂ ਦਾ ਬਾਬਲ ਮਰਿਆ,
ਸਾਰੀ ਧਰਤ ਨੜੋਏ ਆਈ,,
ਤੇ ਅੰਬਰ ਨੇ ਹੌਕਾ ਭਰਿਆ,
ਅੱਜ ਅਮਨਾਂ ਦਾ ਬਾਬਲ ਮਰਿਆ।”
ਵੱਲੋਂ
ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ
ਸੰਪਰਕ 9417234744
ਮਿਤੀ 27 ਮਈ 2024