ਸ਼ੱਕ ਵੀ ਇੱਕ ਬਿਮਾਰੀ ਵਾਂਗ ਹੀ ਹੁੰਦਾ ਹੈ, ਜੋ ਮਨੁੱਖ ਨੂੰ ਘੁਣ ਵਾਂਗ ਅੰਦਰੇ ਅੰਦਰ ਖਾ ਜਾਂਦਾ ਹੈ। ਮਨੁੱਖੀ ਮਨ ਨੂੰ ਖੋਖਲਾ ਬਣਾ ਦਿੰਦਾ ਹੈ।ਬਾਹਰੋਂ ਤਾਂ ਭਾਵੇਂ ਇਨਸਾਨ ਸਾਬਤ ਸੂਰਤ ਦਿਸਦਾ ਹੋਵੇ, ਪਰ ਮਨ ਅੰਦਰ ਜੇਕਰ ਇੱਕ ਵਾਰ ਸ਼ੱਕ ਦਾ ਬੀਜ ਪਨਪ ਗਿਆ..ਤਾਂ ਫਿਰ ਖ਼ੈਰ ਨਹੀਂ। ਸ਼ੱਕੀ ਵਿਅਕਤੀ ਹਮੇਸ਼ਾ ਦੁਚਿੱਤੀ ਵਿੱਚ ਫ਼ਸਿਆ ਰਹਿੰਦਾ ਹੈ। ਉਹ ਆਪਣਾ ਵਰਤਮਾਨ ਕਦੇ ਵੀ ਮਾਣ ਨਹੀਂ ਸਕਦਾ ਜਾਂ ਇਵੇਂ ਕਹਿ ਲਓ ਕਿ ਆਪਣੇ ਵਰਤਮਾਨ ਨੂੰ ਮਾਨਣ ਦੀ ਸੋਚ ਹੀ ਨਹੀਂ ਸਕਦਾ ਕਿਉਂਕਿ ਉਸ ਦਾ ਧਿਆਨ ਹੋਰਾਂ ਵੱਲ ਕੇਂਦਰਿਤ ਰਹਿੰਦਾ ਹੈ। ਸ਼ੱਕ ਮਨ ਵਿੱਚ ਪੈਂਦਾ ਹੁੰਦਾ ਹੈ ਅਤੇ ਫਿਰ ਦਿਲ ‘ਤੇ ਏਨਾ ਗਹਿਰਾ ਅਸਰ ਕਰਦਾ ਹੈ ਕਿ ਇਨਸਾਨ ਇਸ ਨਾਲ਼ ਕਈ ਵਾਰ ਮਾਨਸਿਕ ਬਿਮਾਰ ਵੀ ਹੋ ਜਾਂਦਾ ਹੈ।
ਕੋਸ਼ਸ਼ ਕਰੋ ਕਿ ਸ਼ੱਕ ਨੂੰ ਪੈਂਦਾ ਹੀ ਨਾ ਹੋਣ ਦਿਓ, ਜਦੋਂ ਸ਼ੱਕ ਪੈਣ ਲੱਗੇ ਤਾਂ ਉਸਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨ ਦੀ ਕੋਸ਼ਸ਼ ਕਰੋ। ਨਾ ਕਿ ਐਵੇਂ ਇਸਦੇ ਦਾਇਰੇ ਨੂੰ ਗੱਲਾਂ ਅਤੇ ਚੁਗ਼ਲੀਆਂ ਨਾਲ਼ ਵਧਾਇਆ ਜਾਵੇ। ਸਭ ਤੋਂ ਨਾਜ਼ੁਕ ਰਿਸ਼ਤਾ ਪਤੀ-ਪਤਨੀ ਦਾ ਹੁੰਦਾ ਹੈ। ਬਹੁਤੇ ਰਿਸ਼ਤਿਆਂ ਵਿੱਚੋਂ ਕੁੜੱਤਣ ਜਾਂ ਟੁੱਟਣ ਦਾ ਕਾਰਨ ਵੀ ਸ਼ੱਕ ਹੀ ਹੁੰਦਾ ਹੈ। ਅਸੀਂ ਇਹ ਤਾਂ ਕਹਿੰਦੇ ਹਾਂ ਕਿ ਅੱਜ ਸਮਾਂ ਬਦਲ ਗਿਆ ਹੈ, ਪਰ ਦੋਸਤੋ..! ਸਮੇਂ ਦੇ ਨਾਲ਼ ਸੋਚ ਨਹੀਂ ਬਦਲੀ..! ਅਸੀਂ ਆਪ ਤਾਂ ਖੁੱਲ੍ਹ ਕੇ ਜਿਊਣਾ ਚਾਹੁੰਦੇ ਹਾਂ, ਪਰ ਆਪਣੇ ਜੀਵਨ ਸਾਥੀ ਨੂੰ ਖੁੱਲ੍ਹ ਕੇ ਜੀਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਾਂ। ਜੇਕਰ ਕੋਈ ਸ਼ੱਕ ਪਵੇ ਤਾਂ ਝੱਟ ਆਹਮਣੇ ਸਾਹਮਣੇ ਇੱਕ ਵਾਰ ਤਾਂ ਗੱਲ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਕਿ ਬਾਅਦ ਵਿੱਚ ਅਗਲਾ ਆਪਣੀ ਕਹੀ ਗੱਲ ਤੋਂ ਭੱਜ ਨਾ ਸਕੇ। ਬਾਹਰ ਅਤੇ ਭਾਈਵਾਲੀ ਵਿੱਚ ਵੀ ਪੈਸੇ ਦੇ ਖਾਣ-ਪੀਣ ਦੇ ਸ਼ੱਕ ਕਰਕੇ ਹੀ ਸਾਡੇ ਕਈ ਕੰਮ ਫੇਲ੍ਹ ਹੋ ਜਾਂਦੇ ਹਨ।
ਮੇਰੇ ਅਨੁਸਾਰ ਸਾਂਝੇ ਹਿਸਾਬ ਵਿੱਚ ਲਿਖਤੀ ਜ਼ਰੂਰੀ ਹੈ, ਜੇਕਰ ਫਿਰ ਵੀ ਕੋਈ ਸ਼ੱਕ ਕਰਦਾ ਹੈ ਤਾਂ ਫਿਰ ਆਪਸੀ ਸਹਿਮਤੀ ਨਾਲ਼ ਵੱਖ-ਵੱਖ ਹੋਣਾ ਜ਼ਰੂਰੀ ਹੁੰਦਾ ਹੈ। ਕਿਸੇ ਵੀ ਰਿਸ਼ਤੇ ਕਾਰੋਬਾਰ ਜਾਂ ਇਨਸਾਨ ਨੂੰ ਬੰਨ੍ਹਣ ਦੀ ਕੋਸ਼ਸ਼ ਨਾ ਕਰਕੇ ਆਪਣੇ ਨਾਲ਼ ਜੋੜਨ ਦੀ ਕੋਸ਼ਸ਼ ਕਰਾਂਗੇ ਤਾਂ ਨਤੀਜੇ ਵਧੀਆ ਨਿਕਲਣਗੇ। ਜਦੋਂ ਅਸੀਂ ਕਿਸੇ ਵੀ ਦੂਸਰੇ ਵਿਅਕਤੀ ਨੂੰ ਸਿਰਫ਼ ਅਤੇ ਸਿਰਫ਼ ਆਪਣੇ ਅਨੁਸਾਰ ਢਾਲਣ ਦੀ ਹੀ ਸੋਚਦੇ ਹਾਂ, ਤਾਂ ਫਿਰ ਅਸੀਂ ਦੁੱਖੀ ਹੁੰਦੇ ਹਾਂ। ਸਾਨੂੰ ਆਪ ਵੀ ਦੂਸਰੇ ਦੇ ਮੁਤਾਬਕ ਥੋੜਾ ਢੱਲਣ ਦੀ ਜ਼ਰੂਰਤ ਹੁੰਦੀ ਹੈ। ਸ਼ਰਤਾਂ ਅਤੇ ਬੰਦਸ਼ਾਂ ਨਾਲ਼ ਰਿਸ਼ਤੇ ਤੋੜ ਤੱਕ ਨਿਭਦੇ ਨਹੀਂ ਹਨ। ਇਸ ਤਰ੍ਹਾਂ ਕਰਨ ਨਾਲ਼ ਸਿਰਫ਼ ਜ਼ਿੰਦਗੀ ਦੇ ਦਿਨ ਕੱਟੇ ਜਾ ਸਕਦੇ ਹਨ, ਮਾਣੇ ਨਹੀਂ ਜਾ ਸਕਦੇ।
ਘਰੇਲੂ ਸ਼ੱਕ ਆਮ ਹੀ ਦੇਖਿਆ ਜਾਂਦਾ ਹੈ। ਕਈ ਵਾਰ ਗ਼ਲਤੀਆਂ ਸਾਡੇ ਆਪਣੇ ਵਿੱਚ ਵੀ ਹੁੰਦੀਆਂ ਹਨ, ਪਰ ਅਸੀਂ ਉਹਨਾਂ ਦਾ ਦੋਸ਼ ਦੂਜਿਆਂ ਨੂੰ ਦੇਣ ਲਈ ਸ਼ੱਕ ਦਾ ਬੀਜ ਬੋ ਲੈਦੇ ਹਾਂ। ਜੇਕਰ ਅਸੀਂ ਗੱਲ-ਗੱਲ ਵਿੱਚ ਸ਼ੱਕ ਕਰਨ ਦੇ ਆਦੀ ਹਾਂ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਆਪ ਵਿੱਚ ਸੁਧਾਰ ਦੀ ਲੋੜ ਹੈ। ਆਪਣੀ ਸੋਚ ਅਤੇ ਸਮਝ ਨੂੰ ਇੰਨਾ ਵੀ ਦੂਜਿਆਂ ‘ਤੇ ਨਿਰਭਰ ਨਾ ਕਰੋ ਕਿ ਤੁਸੀਂ ਦੂਸਰੇ ਦੇ ਪਿੱਛੇ ਲੱਗ ਕੇ ਸ਼ੱਕ ਦੇ ਬੰਧਨ ਵਿੱਚ ਬੰਨ੍ਹੇ ਜਾਓ। ਆਪਣੇ ਆਪ ਨੂੰ ਅੰਦਰ ਹੀ ਅੰਦਰ ਸਾੜੇ ਜਾਣ ਨਾਲੋਂ ਬਿਹਤਰ ਹੁੰਦਾ ਹੈ, ਸ਼ੱਕ ਦਾ ਨਿਵਾਰਨ ਜਲਦੀ ਕੀਤਾ ਜਾ ਸਕੇ।
ਸ਼ੱਕ ਦੇ ਅਧਾਰ ‘ਤੇ ਗੱਲ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ। ਕੀਮਤੀ ਜਾਨਾਂ ਪਲਾਂ ਵਿੱਚ ਢੇਰ ਕਰਕੇ ਫਿਰ ਪਛਤਾਉਣ ਦਾ ਕੀ ਫਾਇਦਾ..! ਜੇਕਰ ਗਹੁ ਨਾਲ਼ ਸਾਰੀਆਂ ਗੱਲਾਂ ਨੂੰ ਪਰਖਿਆ ਜਾਵੇ, ਤਾਂ ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਇਨਸਾਨ ਫੋਕੀ ਹਉਮੈ ਦਾ ਸ਼ਿਕਾਰ ਹੋ ਕੇ ਪਤਾ ਨਹੀਂ ਦੂਸਰੀ ਬਾਰੇ ਆਪਣੇ ਮਨ ਵਿੱਚ ਕਿੰਨੀ ਕੋਝੀ ਸੋਚ ਦੀ ਗੱਠ ਬੰਨ ਬੈਠਦਾ ਹੈ। ਬਿਨਾਂ ਕਿਸੇ ਦੀ ਗੱਲ ਸੁਣਿਆ..ਆਪਣੇ ਆਪ ਹੀ ਮਨ ਘੜਤ ਨਤੀਜਿਆਂ ‘ਤੇ ਪਹੁੰਚਣ ਨਾਲ਼ ਅਸੀਂ ਆਪਣੀ ਆਤਮਾ ਨੂੰ ਵੀ ਨੋਚਦੇ ਹਾਂ। ਸਾਡੇ ਮਨ ਦਾ ਤਾਣਾ-ਬਾਣਾ ਵੀ ਕੁਝ ਇਸ ਤਰ੍ਹਾਂ ਦਾ ਹੈ ਕਿ ਜੇਕਰ ਇੱਕ ਵਾਰੀ ਮਨ ਵਿੱਚ ਸ਼ੱਕ ਬੈਠ ਗਿਆ ਤਾਂ ਉਸ ਵਿੱਚੋ ਨਿਕਲਣਾ ਬਹੁਤ ਔਖਾ ਹੁੰਦਾ ਹੈ। ਸੋ ਦੋਸਤੋ..! ਆਓ, ਇਹਨਾਂ ਸ਼ੱਕ ਦੀਆਂ ਗੰਢਾਂ ਨੂੰ ਪੀਡੀਆਂ ਹੋਣ ਤੋਂ ਪਹਿਲਾਂ ਹੀ ਖੋਲ੍ਹ ਲਿਆ ਜਾਵੇ। ਆਪਣਾ ਮਨ ਉਸ ਪਰਮਾਤਮਾ ਦੀ ਰਜ਼ਾ ਵਿੱਚ ਰੱਖ ਕੇ ਸ਼ੱਕ ਤੋਂ ਰਹਿਤ ਹੋ ਕੇ ਜ਼ਿੰਦਗੀ ਨੂੰ ਚੰਗੇ ਆਚਰਨ ਅਤੇ ਚੰਗੀ ਸੋਚ ਨਾਲ਼ ਜੀਅ ਸਕੀਏ। ਸਦਾ ਖੁਸ਼ ਰਹੋ… ਹੱਸਦੇ-ਵਸਦੇ ਰਹੋ ਪਿਆਰਿਓ! ਬਹੁਤ ਪਿਆਰ, ਸਤਿਕਾਰ ਅਤੇ ਦੁਆਵਾਂ!!
ਪਰਵੀਨ ਕੌਰ ਸਿੱਧੂ
8146536200
Leave a Comment
Your email address will not be published. Required fields are marked with *