ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਸਿਟੀਜਨਜ਼ ਵੈਲਫੇਅਰ ਸੁਸਾਟਿਈ ਵੱਲੋਂ ਅੱਜ ਬੀੜ ਸਿੱਖਾਂਵਾਲਾ ਵਿਖੇ ਬਾਬਾ ਕਾਲਾ ਮਹਿਰ ਦੇ ਸਥਾਨ ਤੱਕ ਫਰੀਦਕੋਟ ਤੋਂ ਕੋਟਕਪੂਰਾ ਦੀਆਂ ਸਾਈਕਲ ਰਾਈਡਰਜ਼ ਕਲੱਬਾਂ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਸਾਈਕਲ ਰੈਲੀ ਦੇ ਰੂਪ ਵਿੱਚ ਸਲੋਗਨ ਲਾ ਕੇ ਸਾਈਕਲ ਰੈਲੀ ਦੀ ਸ਼ੁਰੂਆਤ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਮੱਤਾ ਨੇ ਇਸ ਮਿਲਣੀ ਦੇ ਮੰਤਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਆਪਸੀ ਸਹਿਯੋਗੀ ਅਤੇ ਧੰਨਵਾਦ ਮਿਲਣੀ ਹੈ। ਸਵੇਰ ਸਮੇਂ ਨਿਸ਼ਚਿਤ ਸਥਾਨ ’ਤੇ ਪ੍ਰੋਗਰਾਮ ਇੰਚਾਰਜ ਦਲਜਿੰਦਰ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਇਸ ਮੀਟਿੰਗ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ। ਸਟੇਜ ਸੰਚਾਲਕ ਦੀ ਬੇਨਤੀ ’ਤੇ ਪਰਮਿੰਦਰ ਸਿੰਘ ਸਿੱਧੂ ਨੇ ਆਪਣੇ ਸਾਈਕਲਿੰਗ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਸੁਸਾਇਟੀ ਨੂੰ ਭਵਿੱਖ ’ਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਰਹੇਗਾ। ਸਵਾਗਤੀ ਸ਼ਬਦਾਂ ਨਾਲ ਸੁਸਾਇਟੀ ਦੇ ਪ੍ਰਧਾਨ ਪ੍ਰੋ: ਹਰਬੰਸ ਸਿੰਘ ਪਦਮ ਨੇ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਬਾਬਾ ਫਰੀਦ ਮੇਲੇ ਵਿੱਚ ਜਾਗਰੂਕਤਾ ਰੈਲੀ ਨੂੰ ਇੱਕ ਸਰਕਾਰੀ ਪੱਧਰ ਦਾ ਈਵੈਂਟ ਬਣਾਉਣ ਲਈ ਇੱਕ ਸਾਂਝੀ ਸਾਈਕਲ ਸੰਸਥਾ ਵਜੋਂ ਕੰਮ ਕਰਨ ਲਈ ਕਿਹਾ, ਜਿਸਦਾ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੋਪਾਲ ਕਿ੍ਰਸ਼ਨ ਵੋਹਰਾ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ, ਮਹਿੰਦਰ ਸਿੰਘ ਖਾਲਸਾ, ਧਰਮਹਿੰਦਰ ਸਿੰਘ, ਜਸਕਰਨ ਸਿੰਘ ਢਿੱਲੋਂ, ਉਦੇ ਰੰਦੇਵ, ਰਾਜਨ ਜੈਨ, ਰੂਪ ਚੰਦ ਅਰੋੜਾ, ਜਰਨੈਲ ਸਿੰਘ ਮਾਨ, ਡਾ. ਦੇਵ ਰਾਜ, ਵਿਵੇਕ ਗੋਇਲ ਆਦਿ ਵੀ ਹਾਜਰ ਸਨ।