ਅੰਤਿਮ ਅਰਦਾਸ 20 ਅਕਤੂਬਰ ਨੂੰ ਹੋਵੇਗੀ
ਲੁਧਿਆਣਾਃ 19 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਾਡੇ ਬਾਲ ਸਖਾ ਮਿੱਤਰ ਤੇ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਸਰਬਾ ਕਿਲ੍ਹਾ ਰਾਏਪੁਰ ਦਾ ਪਿਛਲੇ ਦਿਨ ਆਪਣੇ ਜੱਦੀ ਪਿੰਡ ਕਿਲ੍ਹਾ ਰਾਏਪੁਰ ਵਿਖੇ ਦੇਹਾਂਤ ਹੋ ਗਿਆ ਹੈ। ਸਰਬਾ ਦੇ ਲਿਖੇ ਗੀਤ ਸਾਡੇ ਸਾਂਝੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਨੇ ਵੱਖ ਵੱਖ ਸਮੇਂ ਸੁਰਜੀਤ ਬਿੰਦਰਖੀਆ, ਸਰਬਜੀਤ ਕੌਰ ਕੋਕੇਵਾਲੀ, ਜਗਮੋਹਨ ਕੌਰ ਤੇ ਕੁਝ ਹੋਰ ਗਾਇਕਾਂ ਤੋਂ ਰੀਕਾਰਡ ਵੀ ਕਰਵਾਏ ਸਨ।
ਸਰਬਜੀਤ ਕੌਮੀ ਪੱਧਰ ਦਾ ਹਾਕੀ ਖਿਡਾਰੀ ਸੀ ਅਤੇ ਲੰਮਾ ਸਮਾਂ ਸਾਡੇ ਪਿਆਰੇ ਮਿੱਤਰ ਪਰਮਜੀਤ ਸਿੰਘ ਗਰੇਵਾਲ ਦੇ ਮੋਢੇ ਨਾਲ ਮੋਢਾ ਲਾ ਕੇ ਕਿਲ੍ਹਾਰਾਏਪੁਰ ਵਿਖੇ ਹੁੰਦੀਆਂ ਗਰੇਵਾਲ ਸਪੋਰਟਸ ਦੇ ਪ੍ਰਬੰਧਕਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਂਦਾ ਰਿਹਾ।
ਸਰਬਜੀਤ ਸਰਬਾ ਗੋਵਿੰਦ ਨੈਸ਼ਨਲ ਕਾਲਿਜ ਵਿੱਚੋਂ ਗਰੈਜੂਏਸ਼ਨ ਕਰਕੇ ਐੱਫ ਸੀ ਆਈ ਵਿੱਚ ਨੌਕਰੀ ਕਰਨ ਲੱਗ ਪਿਆ ਤੇ ਉਥੋਂ ਹੀ ਕੁਝ ਸਾਲ ਪਹਿਲਾਂ ਸੇਵਾਮੁਕਤ ਹੋਇਆ।
ਸਰਬਜੀਤ ਸਿੰਘ ਸਰਬਾ ਦੇ ਸਪੁੱਤਰ ਵਿੰਕੋ ਸਿੰਘ ਮੈਲਬੌਰਨ(ਆਸਟਰੇਲੀਆ) ਮੁਤਾਬਕ ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 20ਅਕਤੂਬਰ ਦੁਪਹਿਰ 1ਵਜੇ ਕਿਲ੍ਹਾ ਰਾਏਪੁਰ (ਲੁਧਿਆਣਾ) ਸਥਿਤ ਗੁਰਦੁਆਰਾ ਸਾਹਿਬ ਰੰਗਾ ਪੱਤੀ ਵਿਖੇ ਹੋਵੇਗੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਿਰਮੌਰ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਲੋਕ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਉੱਘੇ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਤੇ ਨਵਦੀਪ ਸਿੰਘ ਗਿੱਲ ਨੇ ਵੀ ਸਰਬਜੀਤ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।