ਅਹਿਮਦਗੜ੍ਹ 27 ਮਈ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਕਵਿਤਾ ਨਿਬੰਧ ਅਤੇ ਆਲੋਚਨਾਤਮਕ ਕਿਤਾਬਾਂ ਲਿਖ ਕੇ ਯੋਗਦਾਨ ਪਾਉਣ ਵਾਲੀ ਪ੍ਰਸਿੱਧ ਲੇਖਿਕਾ ਡਾ. ਵੀਰਪਾਲ ਕੌਰ ਕਮਲ ਨੂੰ ਸਾਹਿਤ ਕਲਾ ਮੰਚ (ਰਜਿ:)ਅਹਿਮਦਗੜ ਵੱਲੋਂ “ਅੰਮ੍ਰਿਤਾ ਪ੍ਰੀਤਮ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਤੇ ਮਨਜੀਤ ਕੌਰ ਬਾਵਾ ਹੋਰਾਂ ਵੱਲੋਂ ਸਨਮਾਨਿਤ ਸ਼ਖਸ਼ੀਅਤ ਨੂੰ ਸੌਗਾਤ ਵਜੋਂ ਫੁਲਕਾਰੀ ਵੀ ਪਹਿਨਾਈ। ਪ੍ਰਸਿੱਧ ਪੱਤਰਕਾਰ ਮਹੇਸ਼ ਸ਼ਰਮਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਾਹਿਤ ਕਲਾ ਮੰਚ ਦੇ ਪ੍ਰਧਾਨ ਸ੍ਰੀ ਅਮਨਦੀਪ ਦਰਦੀ ਨੇ ਇਸ ਕਵਿਤਰੀ ਦੀ ਸਿਹਤ ਸਿਰਜਣਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, ਕਿ ਇਸ ਲੇਖਿਕਾ ਦੀ ਕਵਿਤਾ ਅਧੂਰੇ ਨੂੰ ਪੂਰਨ ਅਤੇ ਨਿਰਾਸ਼ ਨੂੰ ਸੰਤੁਸ਼ਟ ਕਰਨ ਦਾ ਫਰਜ਼ ਨਿਭਾਉਂਦੀ ਹੈ,ਇਸ ਦੀ ਕਵਿਤਾ ਨੀਰਸ ਜ਼ਿੰਦਗੀ ਵਿੱਚ ਰੌਣਕ ਭਰ ਕੇ ਜ਼ਿੰਦਗੀ ਨੂੰ ਮਾਨਣਯੋਗ ਬਣਾਉਂਦੀ ਹੈ,ਇਸ ਦੀ ਕਵਿਤਾ ਮਨਾਂ ਵਿਚਲੀ ਲਾਲਸਾ ਤਿਆਗਦਿਆਂ ਖੁਸ਼ਹਾਲੀ ਦੇ ਰਾਹ ਤੁਰਕੇ ਜੀਵਨ ਆਨੰਦ ਮਾਨਣ ਦਾ ਸੁਨੇਹਾ ਵੀ ਦਿੰਦੀ ਹੈ। ਉੱਘੇ ਸਮਾਜ ਸੇਵੀ, ਕੌਂਸਲਰ ਮੁਹੰਮਦ ਅਸਲਮ ਅਫ਼ਰੀਦੀ ਨੇ ਕਿਹਾ ਕਿ ਅੱਜ ਜਿੱਥੇ ਉਹ ਡਾ.ਵੀਰਪਾਲ ਕੌਰ ਕਮਲ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਨ, ਉਥੇ ਉਹਨਾਂ ਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਹ ਮਾਣ ਡਾ. ਵੀਰਪਾਲ ਕੌਰ ਕਮਲ ਦਾ ਨਹੀਂ,ਸਗੋਂ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਦਾ ਸਨਮਾਨ ਹੈ। ਇਸ ਮੌਕੇ ਸਾਹਿਤ ਕਲਾ ਮੰਚ (ਰਜਿ:)ਅਹਿਮਦਗੜ੍ਹ ਦੇ ਚੇਅਰਮੈਨ ਨਿਰਭੈ ਸਿੰਘ ਘੁੰਗਰਾਣਾ ਨੇ ਕਿਹਾ ਕਿ ਸਨਮਾਨਿਤ ਸ਼ਖਸ਼ੀਅਤ ਕਾਵਿਕ ਦਿਲ ਦੀ ਮਾਲਕ ਹੈ ਅਤੇ ਕਵਿੱਤਰੀ ਪਿਆਰ ਕਾਵਿ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਵਾਲੀ ਕਵਿਤਾ ਦੀ ਰਚਦੀ ਹੈ। ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਰਮਜਾਨ ਖਾਨ, ਰਣਜੀਤ ਆਜ਼ਾਦ ਕਾਂਝਲਾ,ਬਲਜੀਤ ਸਿੰਘ,ਮਾਸਟਰ ਜਗਦੀਸ਼ ਸਿੰਘ,ਮਨਜੀਤ ਕੌਰ ਬਾਵਾ,ਪੱਤਰਕਾਰ ਪਵਨ ਕੁਮਾਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ.ਵੀਰਪਾਲ ਕੌਰ ਕਮਲ ਨੇ ਆਪਣੇ ਧੰਨਵਾਦੀ ਸ਼ਬਦਾਂ ਦੌਰਾਨ ਕਿਹਾ ਕਿ ਉੰਝ ਭਾਵੇਂ ਉਸਨੂੰ ਪੰਜਾਬ ਭਰ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲੇ ਹਨ,ਪਰ ਅੱਜ ਉਸ ਨੂੰ ਮਿਲੇ ਸਨਮਾਨ ਵਿੱਚੋਂ ਅਪਣੱਤ ਦੀ ਮਹਿਕ ਆਈ ਹੈ। ਉਹ ਭਵਿੱਖ ਵਿੱਚ ਹੋਰ ਵੀ ਚੰਗੇਰਾ ਲਿਖ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
ਫੋਟੋ ਕੈਪਸਨ:-
ਸਹਿਤ ਕਲਾ ਮੰਚ (ਰਜਿ:)ਅਹਿਮਦਗੜ੍ਹ ਦੇ ਪ੍ਰਧਾਨ ਅਮਨਦੀਪ ਦਰਦੀ ਤੇ ਨਿਰਭੈ ਸਿੰਘ ਘੁੰਗਰਾਣਾ ਅਤੇ ਹੋਰ ਡਾ. ਵੀਰਪਾਲ ਕੌਰ ਕਮਲ ਦਾ ਸਨਮਾਨ ਕਰਦੇ ਹੋਏ।