ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦਸਮੇਸ਼ ਪਬਲਿਕ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਸੇ ਤਰਾਂ ਹੀ ਬੱਚਿਆਂ ਦੇ ਨੈਤਿਕ ਵਿਕਾਸ ਨੂੰ ਧਿਆਨ ’ਚ ਰੱਖਦਿਆਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ “ਸਾਡਾ ਵਿਰਸਾ ਸਾਡਾ ਮਾਣ” ਆਯੋਜਿਤ ਕੀਤਾ ਗਿਆ। ਜਿਸਦੀ ਸ਼ੁਰੂਆਤ ਨਰਸਰੀ ਜਮਾਤ ਦੇ ਬੱਚਿਆਂ ਨੇ ਆਪਣੀ ਮਿੱਠੀ ਅਵਾਜ਼ ’ਚ ਮੂਲ ਮੰਤਰ ਦਾ ਉਚਾਰਨ ਕਰਕੇ ਕੀਤੀ। ਪ੍ਰੈੱਪ-1 ਦੇ ਵਿਦਿਆਰਥੀ ਨੇ ਭਾਸ਼ਣ ਰਾਹੀਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਪੂਰਨ ਜੀਵਣ ’ਤੇ ਚਾਨਣਾ ਪਾਇਆ। ਸਾਹਿਬਜ਼ਾਦਿਆਂ ਦੀ ਬਹਾਦਰੀ ਦੀਆਂ ਕਵਿਤਾਵਾਂ ਅਤੇ ਸ਼ਬਦ ਗਾਏ ਗਏ। ਸਿੱਖ ਧਰਮ ਦੀ ਇਤਿਹਾਸਕ ਜਾਣਕਾਰੀ ਦੀ ਪਰਖ ਕਰਨ ਲਈ ਪ੍ਰਸ਼ਨੋਤਰੀ ਮੁਕਾਬਲਾ “ਸਾਡਾ ਸੁਨਹਿਰੀ ਸਿੱਖ ਇਤਿਹਾਸ” ਕਰਵਾਇਆ ਗਿਆ। ਵਿਦਿਆਰਥੀਆਂ ’ਚ ਜੋਸ਼ ਭਰਨ ਲਈ ਪ੍ਰੇਰਨਾਦਾਇਕ ਕੋਰਿਓਗ੍ਰਾਫੀ ਵੀ ਕਰਵਾਈ ਗਈ। ਪ੍ਰੋਗਰਾਮ ਦੇ ਅਖੀਰ ’ਚ ਪਿ੍ਰੰਸੀਪਲ ਮੈਡਮ ਗਗਨਦੀਪ ਕੌਰ ਬਰਾੜ ਨੇ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖ ਕੇ ਉਹਨਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਕੋਆਰਡੀਨੇਟਰ ਗੁਰਪ੍ਰੀਤ ਕੌਰ ਬਰਾੜ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਤਨਦੇਹੀ ਨਾਲ ਕੰਮ ਕੀਤਾ ਹੈ। ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਸੱਚਾ ਤੇ ਸੁੱਚਾ ਜੀਵਣ ਬਤੀਤ ਕਰਨ ਲਈ ਪ੍ਰੇਰਿਤ ਕੀਤਾ।