ਚਲੋ ਬਣਾਈਏ ਚਰਚ, ਮੰਦਰ ਤੇ ਮਸਜਿਦ, ਗੁਰੂਦੁਆਰੇ।
ਐਨੇ ਵਿੱਚ ਨ੍ਹੀ ਸਰਨਾ ਦੇਈਏ ਮੜ੍ਹ ਸੋਨੇ ਵਿੱਚ ਸਾਰੇ।
ਅਪਣੇ ਅਸੀ ਬਣਾ ਹੀ ਲਏ ਨੇ ਸ਼ਰਮ ਭੋਰਾ ਹੁਣ ਕਰੀਏ,
ਅੱਲਾ, ਗੋਡ, ਵਾਹਿਗੁਰੂ, ਭਗਵਨ ਬੇਘਰ ਹਨ ਵਿਚਾਰੇ।
ਵਿੱਚ ਟਿਕਾਈਏ ਅਤੇ ਸਜਾਈਏ ਅਪਣੀਆਂ ਸਿਰਜੀਆਂ ਚੀਜਾਂ,
ਉੱਚੀ-ਉੱਚੀ ਗਾਈਏ “ਇਹ ਸ਼੍ਰਿਸ਼ਟੀ ਦੇ ਸਿਰਜਣਹਾਰੇ।”
ਆਪਣੇ ਧੁਰ ਅੰਦਰ ਦੀ ਪਰ ਨਾ ਨਿਰਖ, ਪਰਖ ਕੋਈ ਕਰੀਏ,
ਕੌਣ ਬੋਲਦੈ ਜਾਂ ਬੁਲਵਾਉਂਦੈ ਇਸ ਦੇਹੀ ਵਿਚਕਾਰੇ।
ਬਾਹਲ਼ਾ ਸਿਆਣਾ ਬਣ ਨਾ ਰੋਮੀ ਗੱਲ ਪਤੇ ਦੀ ਕਰਕੇ,
ਪਿੰਡ ਘੜਾਮੇਂ ਕਿਧਰੇ ਪੈ ਨਾ ਜਾਣ ਮਾਮਲੇ ਭਾਰੇ।
ਸੋਧੇ, ਫਤਵੇ, ਛੇਕ-ਛਕਈਏ ਸਹਿਣ ਤੈਥੋਂ ਨ੍ਹੀ ਹੋਣੇ,
ਰੋਲ਼ੂ ਜਦੋਂ ਪੁਜਾਰੀ ਲਾਣਾ ਸਰਕਾਰੇ ਦਰਬਾਰੇ।
ਪਰ ਜੇ ਜਿੰਦਗੀ ਜਿਉਂ ਨ੍ਹੀ ਹੁੰਦੀ ਗੂੰਗਾ, ਬੋਲ਼ਾ ਬਣ ਕੇ,
ਚਾਹੁੰਨੈ ਤੇਰੀ ਗੱਲ ਵੀ ਆਖਿਰ ਲੱਗੇ ਕਿਸੇ ਕਿਨਾਰੇ।
‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’,
ਪੜ੍ਹੀੰ ਧਿਆਨ ਨਾਲ਼ ਬਾਬਾ ਜੀਹਨੇ ਬੋਲ ਇਹ ਪ੍ਰਚਾਰੇ।

ਰੋਮੀ ਘੜਾਮੇਂ ਵਾਲ਼ਾ।
98552-81105