ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹਾਨਤਾ ਸਮਝਣ ਦੀ ਲੋੜ : ਪ੍ਰਿੰਸੀਪਲ ਪ੍ਰਿਅੰਕਾ ਮਹਿਤਾ
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਦੀ ਯੋਗ ਅਗਵਾਈ ਵਿਚ ਵਣ-ਮਹਾਂਉਤਸਵ ਮਨਾਇਆ ਗਿਆ। ਅੱਜ ਵਿਦਿਆਰਥੀ ਦੇ ਚਿਹਰਿਆਂ ’ਤੇ ਮੁਸਕਰਾਹਟ ਨਾਲ ਆਪਣੇ ਹੱਥਾਂ ਵਿੱਚ ਪੌਦੇ ਲੈ ਕੇ ਸਕੂਲ ਆਉਂਦੇ ਦਿਖਾਈ ਦਿੱਤੇ। ਵਣ-ਮਹਾਂਉਤਸਵ ਦਾ ਉਦਘਾਟਨ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਸਕੂਲ ਦੇ ਵਿਹੜੇ ਵਿਚ ਆਪਣੇ ਹੱਥੀਂ ਪੌਦਾ ਲਾ ਕੇ ਕੀਤਾ। ਬਾਅਦ ਵਿਚ ਅਧਿਆਪਕਾਂ ਤੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਵਿੱਚ ਵੱਖ-ਵੱਖ ਕਿਸਮਾਂ ਦੇ ਫ਼ੁੱਲਦਾਰ, ਫ਼ਲਦਾਰ ਤੇ ਛਾਂਦਾਰ ਪੌਦੇ ਲਾਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਰੱਖਣ ਦਾ ਪ੍ਰਣ ਵੀ ਲਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਬਣਾਈ ਰੱਖਣ, ਪ੍ਰਦੂਸ਼ਣ ਘੱਟ ਕਰਨ, ਧਰਤੀ ਦੀ ਤਪਸ਼ ਨੂੰ ਘਟਾਉਣ ਅਤੇ ਵਰਖਾ ਲਿਆਉਣ ਵਿਚ ਬਹੁਤ ਹੀ ਮਦਦਗਾਰ ਹੋਣ ਦੇ ਨਾਲ-ਨਾਲ ਮਨੁੱਖੀ ਜੀਵਨ ਵਿਚ ਰੁੱਖਾਂ ਦੀ ਹੋਰ ਵੀ ਬੜੀ ਅਹਿਮੀਅਤ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਅੱਜ ਦਾ ਮਨੁੱਖ, ਕੁਦਰਤੀ ਜੀਵਨ ਦੇ ਇਸ ਅਹਿਮ ਹਿੱਸੇ ਦੀ ਹੋਂਦ ਨੂੰ ਆਪਣੀਆਂ ਛੋਟੀਆਂ ਛੋਟੀਆਂ ਗਰਜ਼ਾਂ, ਬੇ-ਸਮਝੀ ਅਤੇ ਅਣਗਹਿਲੀ ਕਾਰਨ ਬੜੀ ਹੀ ਬੇਰਹਿਮੀ ਨਾਲ ਮਿਟਾਉਣ ‘ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਰੁੱਖਾਂ ਦੀ ਅੰਧਾ-ਧੁੰਦ ਹੋ ਰਹੀ ਕਟਾਈ ਅਤੇ ਨਵੇਂ ਰੁੱਖਾਂ ਦੀ ਬਹੁਤ ਘੱਟ ਗਿਣਤੀ ਵਿਚ ਲੁਆਈ ਵਾਲੀ ਹਾਲਤ ਨੂੰ ਵੇਖ ਕੇ ਤਾਂ ਲਗਦਾ ਹੈ ਕਿ ਰੁੱਖਾਂ ਦੀ ਹੋਂਦ ਇਸ ਧਰਤੀ ਉੱਪਰ ਬਹੁਤਾ ਸਮਾਂ ਨਹੀਂ ਰਹਿ ਸਕੇਗੀ ਅਤੇ ਜੇਕਰ ਰੁੱਖ ਨਾ ਰਹੇ ਤਾਂ ਇਸ ਧਰਤੀ ’ਤੇ ਮਨੁੱਖੀ ਜੀਵਨ ਵੀ ਕੁੱਝ ਗਿਣਵੇ ਸਾਲਾਂ ਤੱਕ ਹੀ ਰਹਿ ਸਕੇਗਾ। ਇਸ ਮੌਕੇ ਸਕੂਲ ਅਧਿਆਪਕਾਂ ਨੇ ਕਿਹਾ ਕਿ ਬੇਸ਼ੱਕ ਅੱਜ ਦਾ ਮਨੁੱਖ ਬੇਹੱਦ ਸੁਆਰਥਂੀ ਹੋ ਗਿਆ ਹੈ ਪਰ ਰੁੱਖ ਸੁਆਰਥੀ ਨਹੀਂ ਸਗੋਂ ਇਹ ਮਨੁੱਖ ਦੇ ਜੀਵਨ ਦਾਤਾ ਹਨ ਜੋ ਮਨੁੱਖ ਦੁਆਰਾ ਪੈਦਾ ਕੀਤੀ ਜਾ ਰਹੀ ਕਾਰਬਨ ਡਾਇਆਕਸਾਈਡ ਨੂੰ ਆਕਸੀਜ਼ਨ ਵਿਚ ਬਦਲ ਕੇ ਇਸ ਸੰਸਾਰ ਦੀ ਹੋਂਦ ਕਾਇਮ ਰੱਖਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖ ਦੇ ਜਨਮ ਤੋਂ ਲੈ ਕੇ ਅੰਤ ਤੱਕ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਅਜੋਕੇ ਦੌਰ ਵਿਚ ਜਦੋਂ ਪ੍ਰਦੂਸ਼ਣ ਸਭ ਹੱਦਾਂ ਬੰਨੇ ਪਾਰ ਕਰ ਰਿਹਾ ਹੈ ਤਾਂ ਰੁੱਖਾਂ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਫਰਜ਼ ਦੇ ਤੌਰ ‘ਤੇ ਪੌਦੇ ਲਾਉਣੇ ਚਾਹੀਦੇ ਹਨ। ਉਨ੍ਹਾਂ ਹਰੇਕ ਬੱਚੇ ਨੂੰ ਆਪਣੇ ਜਨਮ ਦਿਨ ‘ਤੇ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ।
Leave a Comment
Your email address will not be published. Required fields are marked with *