ਲੇਵਨ ਕੋ ਬਦਲੇ ਤੁਰਕਾਨ ਤੈ
ਮੋਹਿ ਪਠਿਓ ਗੁਰ ਸ੍ਵੈ ਕਰਿ ਬੰਦਾ।
ਮਾਰਿ ਤੁਕੈ ਕਰਿ ਖ੍ਵਾਰ ਬਜੀਦਹਿ
ਦੈਹੁ ਉਜਾਰ ਲੁਟੈਹੁ ਸਰ੍ਹੰਦਾ।
ਲੈ ਕਰਿ ਬੈਰ ਗੁਰੈ ਪੁੱਤਰੈ
ਫਿਰ ਮਾਰਿ ਗਿਰੀਜੈ ਕਰੋ ਪਰਗੰਦਾ।
ਏਤਿਕ ਕਾਜ ਕਰੋ ਜਬ ਮੈ
ਤੁਮ ਜਾਨਿਉ ਮੁਝੈ ਤਬਿ ਹੀ ਗੁਰਿਬੰਦਾ।
(ਪੰਥ ਪ੍ਰਕਾਸ਼)
ਸਮੁੱਚਾ ਸਿੱਖ ਇਤਿਹਾਸ ਕੁਰਬਾਨੀਆਂ, ਸ਼ਹੀਦੀਆਂ ਅਤੇ ਤਿਆਗ ਨਾਲ ਭਰਿਆ ਪਿਆ ਹੈ। ਇਸ ਧਰਮ ਦੀ ਬੁਨਿਆਦ ਹੀ ਪਰਸੁਆਰਥ, ਪਰਉਪਕਾਰ ਅਤੇ ਦੂਜਿਆਂ ਲਈ ਆਪਾ ਵਾਰਨ ਦੇ ਸਿਧਾਂਤ ਤੇ ਹੋਈ ਹੈ। ਕਿਸੇ ਨੂੰ ਤੱਤੀਆਂ ਤਵੀਆਂ ਤੇ ਬੈਠਣਾ ਪਿਆ, ਕੋਈ ਨੀਹਾਂ ਵਿਚ ਚਿਣਵਾਇਆ ਗਿਆ, ਕਿਸੇ ਨੂੰ ਦੇਗ ਵਿਚ ਉਬਾਲਿਆ ਗਿਆ, ਕੋਈ ਚਰਖੜੀਆਂ ਤੇ ਹੱਸਦਾ-ਹੱਸਦਾ ਚੜ੍ਹ ਗਿਆ, ਕਿਸੇ ਦਾ ਬੰਦ-ਬੰਦ ਕੱਟ ਦਿੱਤਾ ਗਿਆ, ਕਿਸੇ ਦੀ ਖੋਪਰੀ ਲਾਹ ਦਿੱਤੀ ਗਈ ਤੇ ਕਿਸੇ ਦਾ ਮਾਸ ਨੋਚਿਆ ਗਿਆ ਆਦਿ-ਆਦਿ। ਅਜਿਹੀ ਸਥਿਤੀ ਵਿਚ ਹਰ ਇੱਕ ਨੂੰ ਆਪਣਾ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਹਰ ਇਕ ਨੇ ਬਾਦਸ਼ਾਹੀਆਂ, ਨਵਾਬੀਆਂ ਅਤੇ ਉਚ-ਅਹੁਦਿਆਂ ਨੂੰ ਲੱਤ ਮਾਰ ਕੇ ਸ਼ਹਾਦਤ ਦਾ ਜਾਮ ਪੀਤਾ ਅਤੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਇਆ।
ਅਜਿਹੇ ਹੀ ਬੇਮਿਸਾਲ ਸੂਰਬੀਰ ਸ਼ਹੀਦਾਂ ਵਿਚੋਂ ਇਕ ਸਨ – ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਦਾ ਮੁੱਢਲਾ ਨਾਂ ਲਛਮਣ ਦੇਵ ਸੀ। ਉਨ੍ਹਾਂ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ (ਕਸ਼ਮੀਰ) ਦੇ ਰਾਜੌਰੀ ਇਲਾਕੇ ਵਿਖੇ ਸ੍ਰੀ ਰਾਮਦੇਵ ਭਾਰਦਵਾਜ ਦੇ ਘਰ ਹੋਇਆ। ਰਾਜਪੂਤੀ ਪਿਛੋਕੜ ਹੋਣ ਕਰਕੇ ਲਛਮਣ ਦੇਵ ਨੂੰ ਖੇਡਣ, ਕੁੱਦਣ ਤੇ ਸ਼ਿਕਾਰ ਕਰਨ ਦਾ ਬਹੁਤ ਸ਼ੌਕ ਸੀ।
ਇਕ ਵਾਰ ਸ਼ਿਕਾਰ ਸਮੇਂ ਲਛਮਣ ਦੇਵ ਤੋਂ ਤੀਰ ਨਾਲ ਇੱਕ ਹਿਰਨੀ ਜ਼ਖਮੀ ਹੋਣ ਪਿੱਛੋਂ ਮਰ ਗਈ ਅਤੇ ਉਸਦੇ ਪੇਟੋਂ ਜਨਮੇ ਬੱਚੇ ਉਹਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ ਤੇ ਇੰਨਾ ਪ੍ਰਭਾਵ ਪਾਇਆ ਕਿ ਉਹ ਘਰ-ਬਾਰ ਤਿਆਗ ਕੇ ਸੰਨਿਆਸੀ ਬਣ ਗਿਆ। ਉਦੋਂ ਉਹਦੀ ਉਮਰ ਕਰੀਬ 15 ਸਾਲ ਦੀ ਸੀ। ਇਕ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਦੀ ਸੰਗਤ ਵਿਚ ਆ ਕੇ ਉਹ ਲਛਮਣ ਦੇਵ ਤੋਂ ਮਾਧੋਦਾਸ ਬਣ ਗਿਆ।
ਬੈਰਾਗੀ ਮੰਡਲੀ ਵਿਚ ਸ਼ਾਮਲ ਹੋ ਕੇ ਉਹ ਥਾਂ-ਥਾਂ ਭਟਕਦਾ ਰਿਹਾ ਅਤੇ ਰਾਮ ਥੰਮਣ ਦੇ ਡੇਰੇ ਕਸੂਰ ਕੋਲ ਇਕ ਹੋਰ ਬੈਰਾਗੀ ਰਾਮਦਾਸ ਨਾਲ ਉਹਦਾ ਮੇਲ ਹੋਇਆ। ਗੋਦਾਵਰੀ ਦੇ ਕੰਢੇ ਨਾਸਿਕ ਤੇ ਮਾਧੋਦਾਸ ਨੇ ਆਪਣਾ ਟਿਕਾਣਾ ਬਣਾ ਲਿਆ। ਇੱਥੇ ਹੀ ਇਕ ਪ੍ਰਸਿੱਧ ਜੋਗੀ ਔਘੜ ਨਾਥ ਨੇ ਉਹਨੂੰ ਗਿੱਧੀਆਂ-ਸਿੱਧੀਆਂ, ਜਾਦੂ-ਮੰਤਰਾਂ ਅਤੇ ਤਾਂਤਰਿਕ ਵਿਦਿਆ ਦੇ ਭੇਤ ਸਮਝਾਏ। ਹੁਣ ਮਾਧੋਦਾਸ ਨੇ ਨਾਂਦੇੜ ਨੂੰ ਆਪਣਾ ਟਿਕਾਣਾ ਬਣਾ ਲਿਆ। ਆਸਪਾਸ ਦੇ ਇਲਾਕਿਆਂ ਵਿਚ ਉਸਦੇ ਅਨੋਖੇ ਕੌਤਕਾਂ ਕਾਰਨ ਕਾਫੀ ਦਬਦਬਾ ਬਣਿਆ ਹੋਇਆ ਸੀ।
ਇਨ੍ਹੀਂ ਦਿਨੀਂ ਸਤੰਬਰ 1708 ਈ. ਦੇ ਨੇੜੇ-ਤੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਧੋਦਾਸ ਦੇ ਇਲਾਕੇ (ਨਾਂਦੇੜ) ਪਹੁੰਚ ਗਏ। ਗੁਰੂ ਸਾਹਿਬ ਨੇ ਮਾਧੋਦਾਸ ਦੀਆਂ ਕੁਰਾਹੇ ਪਈਆਂ ਮਾਨਸਿਕ ਤੇ ਸਰੀਰਕ ਸ਼ਕਤੀਆਂ ਦਾ ਰੁਖ਼ ਮੋੜ ਕੇ ਖ਼ਾਲਸਾ ਪੰਥ ਦੀ ਸੇਵਾ ਵਿਚ ਲਾਉਣ ਦਾ ਮਨ ਬਣਾਇਆ। ਮਾਧੋਦਾਸ ਨੇ ਪੂਰੇ ਗੁਰੂ ਨੂੰ ਪਹਿਚਾਣ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਅਰਪਿਤ ਕਰ ਦਿੱਤੀਆਂ। ਅਹਿਮਦ ਸ਼ਾਹ ਬਟਾਲੀਏ ਨੇ ਆਪਣੀ ਫ਼ਾਰਸੀ ਪੁਸਤਕ ‘ਇਬਤਿਦਾਇ ਸਿੰਘ ਵ ਮਜ਼ਹਬਿ ਏਸ਼ਾਂ’ ਵਿਚ ਇਸ ਮੁਲਾਕਾਤ ਦਾ ਬੜਾ ਦਿਲਚਸਪ ਵੇਰਵਾ ਪੇਸ਼ ਕੀਤਾ ਹੈ :
ਮਾਧੋਦਾਸ : ਆਪ ਕੌਣ ਹੋ ?
ਗੁਰੂ ਸਾਹਿਬ : ਉਹੀ, ਜਿਸਨੂੰ ਤੂੰ ਜਾਣਦਾ ਹੈਂ।
ਮਾਧੋਦਾਸ : ਮੈਂ ਕੀ ਜਾਣਦਾ ਹਾਂ?
ਗੁਰੂ ਸਾਹਿਬ : ਆਪਣੇ ਮਨ ਤੋਂ ਹੀ ਪੁੱਛ।
ਮਾਧੋਦਾਸ : ਆਪ ਗੁਰੂ ਗੋਬਿੰਦ ਸਿੰਘ ਹੋ ?
ਗੁਰੂ ਸਾਹਿਬ : ਹਾਂ।
ਮਾਧੋਦਾਸ : ਆਪ ਇਥੇ ਕਿਸ ਤਰਾਂ ਪਧਾਰੇ ਹੋ ?
ਗੁਰੂ ਸਾਹਿਬ : ਇਸ ਲਈ ਕਿ ਤੈਨੂੰ ਆਪਣਾ ਸਿੰਘ ਸਜਾਵਾਂ।
ਮਾਧੋਦਾਸ : ਮੈਂ ਹਾਜ਼ਰ ਹਾਂ ਹਜ਼ੂਰ। ਮੈਂ ਤਾਂ ਆਪ ਦਾ ਬੰਦਾ ਹੀ ਹਾਂ।
ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾ ਕੇ ਮਾਧੋਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ ਅਤੇ ‘ਬਹਾਦਰ’ ਦਾ ਲਕਬ ਪ੍ਰਦਾਨ ਕੀਤਾ। ਬੰਦਾ ਸਿੰਘ ਨੂੰ ਗੁਰੂ ਸਾਹਿਬ ਨੇ ਪੰਜ ਪਿਆਰੇ (ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ), ਵੀਹ ਕੁ ਹੋਰ ਸਿੰਘ, ਪੰਜ ਤੀਰ, ਇੱਕ ਨਿਸ਼ਾਨ ਸਾਹਿਬ ਅਤੇ ਇਕ ਨਗਾਰਾ ਸੌਂਪ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਵੱਲ ਤੋਰਿਆ।
ਸਫ਼ਰ ਦੌਰਾਨ ਹੀ ਬਾਬਾ ਬੰਦਾ ਸਿੰਘ ਨੂੰ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ (1708 ਈ.) ਦੀ ਸੂਚਨਾ ਮਿਲੀ। ਧਨ, ਬਾਰੂਦ ਅਤੇ ਫੌਜ ਦੀ ਅਣਹੋਂਦ ਕਾਰਨ ਅਜੇ ਉਹ ਹਕੂਮਤ ਨਾਲ ਸਿੱਧੀ ਟੱਕਰ ਨਹੀਂ ਸੀ ਲੈਣੀ ਚਾਹੁੰਦੇ। ਕੁਝ ਸਮਾਂ ਉਹ ਖਰਖੌਡੇ ਦੇ ਪਰਗਨੇ ਵਿਚ ਸਿਹਰੀ-ਖੰਡੇ ਪਿੰਡਾਂ ਦੇ ਨੇੜੇ ਰਹੇ। ਉਥੇ ਹੀ ਉਨ੍ਹਾਂ ਨੇ ਗੁਰੂ ਜੀ ਦੇ ਹੁਕਮਨਾਮੇ ਸਿੱਖਾਂ ਵੱਲ ਭੇਜੇ।
ਕੁਝ ਮਹੀਨਿਆਂ ਵਿਚ ਬਾਬਾ ਬੰਦਾ ਸਿੰਘ ਨਾਲ ਕਾਫੀ ਸੂਰਮੇ ਆ ਰਲੇ, ਜਿਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਸਮਾਣਾ ਉੱਤੇ ਹਮਲਾ ਬੋਲ ਦਿੱਤਾ। ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਜਲਾਲੁਦੀਨ ਇਸੇ ਸ਼ਹਿਰ ਵਿਚ ਰਹਿੰਦਾ ਸੀ। ਇਸ ਸ਼ਹਿਰ ਨੂੰ ਖੂਬ ਲੁੱਟਿਆ ਗਿਆ ਅਤੇ 1000 ਦੇ ਲਗਭਗ ਲੋਕ ਮੌਤ ਦੇ ਘਾਟ ਉਤਾਰੇ ਗਏ।
ਬਾਬਾ ਬੰਦਾ ਸਿੰਘ ਦਾ ਅਗਲਾ ਨਿਸ਼ਾਨਾ ਸਢੌਰਾ ਸੀ। ਰਾਹ ਵਿਚ ਉਨ੍ਹਾਂ ਨੇ ਘੜਾਮ, ਠਸਕਾ ਤੇ ਮੁਸਤਫਾਬਾਦ ਆਦਿ ਨੂੰ ਫ਼ਤਹਿ ਕਰਕੇ ਕਪੂਰੀ ਤੇ ਧਾਵਾ ਬੋਲਿਆ। ਕਪੂਰੀ ਦਾ ਫੌਜਦਾਰ ਕਦਮੁਦੀਨ ਹਿੰਦੂ ਲੜਕੀਆਂ ਨੂੰ ਆਪਣੀ ਕਾਮ-ਵਾਸ਼ਨਾ ਦਾ ਸ਼ਿਕਾਰ ਬਣਾਉਂਦਾ ਸੀ। ਉਸਦੇ ਦੁਰਾਚਾਰ ਦੇ ਅੱਡੇ ਨੂੰ ਮਿੱਟੀ ਵਿਚ ਮਿਲਾ ਕੇ ਬਾਬਾ ਬੰਦਾ ਸਿੰਘ ਨੇ ਸਢੌਰੇ ਵੱਲ ਮੂੰਹ ਕੀਤਾ।ਇਥੋਂ ਦੇ ਹਾਕਮ ਉਸਮਾਨ ਖ਼ਾਨ ਨੇ ਮੁਸਲਿਮ ਪੀਰ ਸੱਯਦ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ, ਕਿਉਂਕਿ ਉਸਨੇ ਭੰਗਾਣੀ ਦੇ ਯੁੱਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਸੀ। ਇਥੇ ਵੀ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਨੂੰ ਬੇਮਿਸਾਲ ਸਫਲਤਾ ਮਿਲੀ।
ਜਦੋਂ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਪੰਜਾਬ ਵੱਲ ਤੁਰੇ ਸਨ ਤਾਂ ਉਨ੍ਹਾਂ ਕੋਲ 25 ਕੁ ਸਿੰਘਾਂ ਤੋਂ ਇਲਾਵਾ ਕੋਈ ਫੌਜ ਨਹੀਂ ਸੀ। ਮੁਸਲਮਾਨ ਲੇਖਕ ਖਾਫੀ ਖਾਨ ਤੇ ਮੁਹੰਮਦ ਕਾਸਮ ਅਨੁਸਾਰ ਛੇਤੀ ਹੀ ਉਨ੍ਹਾਂ ਨਾਲ 4000 ਘੋੜ ਸਵਾਰ ਤੇ 7800 ਸਿਪਾਹੀ ਪੈਦਲ ਆ ਰਲੇ। ਗੋਕਲ ਚੰਦ ਨਾਰੰਗ ਅਨੁਸਾਰ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਅਤੇ ਵਧਦੀ ਹੋਈ 40,000 ਤੱਕ ਪਹੁੰਚ ਗਈ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮਕਾਲੀ ਮੁਸਲਮਾਨ ਲੇਖਕ ਕਾਸਮ ਲਾਹੌਰੀ ਦੀ ਲਿਖਤ ‘ਇਬਾਰਤਨਾਮਾ’ (1722 ਈ.) ਅਨੁਸਾਰ ਸਿੱਖਾਂ ਤੇ ਮੁਗਲਾਂ ਵਿਚਕਾਰ ਘੋਲ ਗੁਰੂ ਗੋਬਿੰਦ ਸਿੰਘ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਸ਼ੁਰੂ ਹੋਇਆ ਅਤੇ ਇਸਨੂੰ ਸ਼ੁਰੂ ਕਰਨ ਵਾਲਾ ਬੰਦਾ ਸਿੰਘ ਬਹਾਦਰ ਸੀ। ਇਉਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਸਿਆਸਤ ਵਿਚ ਪਹਿਲੀ ਵਾਰ ਸਰਗਰਮ ਧਮਾਕੇ ਕੀਤੇ। ਇਸ ਧਮਾਕੇ ਨੂੰ ‘ਅਜਬ ਬਲਾ’ ਕਹਿਣ ਵਾਲੇ ਸਰਕਾਰੀ ਮੁਸਲਮਾਨ ਲੇਖਕ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ਕਿ ਪੰਜਾਬ ਦੀ ਸਿਆਸਤ ਵਿਚ ਬੰਦਾ ਸਿੰਘ ਨੇ ਅਜਿਹੀ ਹਲਚਲ ਮਚਾਈ ਕਿ ਮੁਗਲਾਂ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇਉਂ ਵੀ ਹੋ ਸਕਦਾ ਹੈ।
ਬਾਬਾ ਬੰਦਾ ਸਿੰਘ ਦੇ ਪੰਜਾਬ ਵਿਚ ਆਉਣ ਬਾਰੇ ਸੁਣ ਕੇ ਮਾਝੇ ਤੇ ਦੁਆਬੇ ਦੇ ਸਿੱਖਾਂ ਨੇ ਹਕੂਮਤ ਵਿਰੁੱਧ ਬਗ਼ਾਵਤ ਕਰ ਦਿੱਤੀ, ਕਿਉਂਕਿ ਹੁਣ ਉਨ੍ਹਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ। ਉਹ ਰੋਪੜ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਨਾਲ ਆ ਰਲੇ। ਕਵੀ ਮਾਨ ਸਿੰਘ ਹਕੀਰ ਨੇ ‘ਬੰਦਾ ਬਹਾਦਰ ਦੀ ਵਾਰ’ ਵਿਚ ਇਸ ਤੱਥ ਨੂੰ ਇਉਂ ਚਿਤਰਿਆ ਹੈ :
ਬੰਦਾ ਸਿੰਘ ਦੇ ਸਿੰਘ ਸੀ, ਜਿਥੇ ਵੀ ਬੁੱਕੇ |
ਗਾਜ਼ੀ ਵਾਂਗਰ ਗਿੱਦੜਾਂ, ਡਰ ਘਰਾਂ ‘ਚ ਲੁੱਕੇ।
ਤੀਰ-ਪਠਾਣੀ ਬਣ ਗਏ, ਜਿਉਂ ਦੋਧੇ-ਤੁੱਕੇ।
ਸਿੰਘਾਂ ਵਿਚ ਮੈਦਾਨ ਦੇ, ਕਈ ਡੰਡੇ ਡੁੱਕੇ।
ਧੁਰ ਦਿੱਲੀ ਜਾ ਖੜਕੀਆਂ, ਤਾਰਾਂ ਤੇ ਤਾਰਾਂ।
ਫੌਜ-ਪਠਾਣੀ ਸਹਿ ਰਹੀ, ਹਾਰਾਂ ਤੇ ਹਾਰਾਂ।
ਭੜਥੂ ਪਾ ਹੈ ਰੱਖਿਆ, ਸਿੰਘਾਂ ਸਰਦਾਰਾਂ।
ਘੇਰਾ ਘੱਤੋ ਬੰਦੇ ਨੂੰ, ਹੁਣ ਸਭ ਸਰਕਾਰਾਂ।
ਪਰ ਬਾਬਾ ਬੰਦਾ ਸਿੰਘ ਇਕ ਜ਼ਲਜ਼ਲੇ, ਸਮੁੰਦਰੀ ਤੂਫਾਨ ਤੇ ਬਿਜਲਈ ਸ਼ਕਤੀ ਨਾਲ ਅੱਗੇ ਤੋਂ ਅੱਗੇ ਵਧਦਾ ਚਲਾ ਗਿਆ। ਆਖਰ ਉਹ ਘੜੀ ਆ ਗਈ, ਜਿਸਦਾ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦਾ ਅਸਲ ਨਿਸ਼ਾਨਾ ਸਰਹਿੰਦ ਉਤੇ ਧਾਵਾ ਬੋਲਣਾ ਸੀ। ਇਥੋਂ ਦੇ ਸੂਬੇਦਾਰ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਮਾਸੂਮ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ) ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕੀਤਾ ਸੀ। ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੰਘਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ। (ਚੱਪੜਚਿੜੀ ਸਰਹਿੰਦ ਤੋਂ ਕਰੀਬ 12 ਕੋਹ ਦੀ ਵਿੱਥ ਤੇ ਖਰੜ- ਲਾਂਡਰਾਂ ਸੜਕ ਤੇ ਸਥਿਤ ਹੈ) 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ਤੇ ਦੋਹਾਂ ਫੌਜਾਂ ਵਿਚਕਾਰ ਗਹਿਗੱਚ ਲੜਾਈ ਹੋਈ। ਭਾਈ ਫ਼ਤਹਿ ਸਿੰਘ ਅਤੇ ਭਾਈ ਕਰਮ ਸਿੰਘ ਦੀ ਅਗਵਾਈ ਹੇਠਾਂ ਸਿੰਘਾਂ ਨੇ ਬਹਾਦਰੀ ਨਾਲ ਫੈਸਲਾਕੁੰਨ ਲੜਾਈ ਲੜੀ ਅਤੇ ਵਜ਼ੀਰ ਖਾਨ ਨੂੰ ਪਾਰ ਬੁਲਾ ਦਿੱਤਾ। ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਿੱਖ ਸੈਨਾ ਜਿੱਤ ਦੇ ਡੰਕੇ ਵਜਾਉਂਦੀ 14 ਮਈ, 1710 ਈ. ਨੂੰ ਸਰਹਿੰਦ ਵਿਚ ਦਾਖਲ ਹੋਈ। ਵੇਖਦੇ- ਵੇਖਦੇ ਵਸਦਾ-ਰਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ।
ਸਰਹਿੰਦ ਦੀ ਫ਼ਤਹਿ ਨੇ ਸਿੱਖਾਂ ਦਾ ਰੋਅਬ ਤੇ ਦਬਦਬਾ ਸਾਰੇ ਪੰਜਾਬ ਵਿਚ ਬਿਠਾ ਦਿੱਤਾ। ਸਤਲੁਜ ਤੋਂ ਜਮਨਾ ਤੱਕ ਸਿੰਘਾਂ ਦੀ ਹਕੂਮਤ ਕਾਇਮ ਹੋ ਗਈ। ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਭਾਈ ਫ਼ਤਹਿ ਸਿੰਘ ਨੂੰ ਸਮਾਣੇ ਦਾ ਗਵਰਨਰ ਬਣਾਇਆ ਗਿਆ ਅਤੇ ਥਾਨੇਸਰ ਦੀ ਸੂਬੇਦਾਰੀ ਭਾਈ ਰਾਮ ਸਿੰਘ ਨੂੰ ਸੌਂਪੀ ਗਈ।
ਮਲੇਰਕੋਟਲਾ ਅਤੇ ਰਾਏਕੋਟ ਜਿੱਤ ਕੇ ਬਾਬਾ ਬੰਦਾ ਸਿੰਘ ਨੇ ਸਿੱਖ ਰਾਜ ਦੀ ਸਥਾਪਨਾ ਦਾ ਖ਼ਾਲਸਈ ਪਰਚਮ ਲਹਿਰਾ ਦਿੱਤਾ। ਆਪਣੀ ਹਕੂਮਤ ਨੂੰ ਪੱਕਾ ਕਰਨ ਲਈ ਉਨ੍ਹਾਂ ਨੇ ਮੁਖਲਿਸਗੜ੍ਹ ਦਾ ਪੁਰਾਣਾ ਸ਼ਾਹੀ ਕਿਲ੍ਹਾ ਮੁਰੰਮਤ ਕਰਵਾਇਆ, ਜਿਸ ਉਤੇ ਸਢੌਰੇ ਦੀ ਜਿੱਤ ਪਿੱਛੋਂ ਬਾਬਾ ਬੰਦਾ ਸਿੰਘ ਨੇ ਅਧਿਕਾਰ ਜਮਾ ਲਿਆ ਸੀ। ਇਹਦਾ ਨਾਂ ਬਦਲ ਕੇ ਲੋਹਗੜ੍ਹ ਰੱਖਿਆ ਗਿਆ ਅਤੇ ਇਸਨੂੰ ਆਪਣੀ ਰਾਜਧਾਨੀ ਬਣਾ ਲਿਆ। ਬਾਬਾ ਬੰਦਾ ਸਿੰਘ ਦੀ ਕਮਾਨ ਹੇਠ ਖ਼ਾਲਸੇ ਦੀ ਭਾਰੀ ਫੌਜ ਸੀ ਅਤੇ ਉਹ ਕਈ ਇਲਾਕਿਆਂ ਦੇ ਮਾਲਕ ਬਣ ਗਏ ਸਨ। ਉਨ੍ਹਾਂ ਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਫਾਰਸੀ ਅੱਖਰਾਂ ਵਿਚ ਸਿੱਕਾ ਜਾਰੀ ਕੀਤਾ, ਜਿਸ ਤੇ ਲਿਖਿਆ ਸੀ:
ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜ਼ਲਿ ਸੱਚਾ ਸਾਹਿਬ ਅਸਤ।
(ਅਰਥਾਤ : ਸਿੱਕਾ ਮਾਰਿਆ ਦੋ ਜਹਾਨ ਉਤੇ/ਬਖਸ਼ਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ/ ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ/ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ।)
ਆਪਣੇ ਹੁਕਮਨਾਮਿਆਂ, ਫ਼ਰਮਾਨਾਂ ਜਾਂ ਚਿੱਠੀਆਂ ਆਦਿ ਉਤੇ ਲਾਉਣ ਲਈ ਉਨ੍ਹਾਂ ਨੇ ਇਕ ਮੋਹਰ ਤਿਆਰ ਕਰਵਾਈ, ਜਿਸ ਉਤੇ ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਵਾਲੇ ਇਹ ਸ਼ਬਦ ਅੰਕਿਤ ਸਨ :
ਦੇਗ਼ੋ ਤੇਗ਼ੋ ਫ਼ਤਹਿ ਨੁਸਰਤਿ ਬੇ-ਦਿਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
(ਅਰਥਾਤ – ਦੇਗ਼ ਤੇਗ ਜਿੱਤ ਸੇਵ ਨਿਰਾਲਮ, ਗੁਰੂ ਨਾਨਕ-ਗੋਬਿੰਦ ਸਿੰਘ ਤੋਂ ਪਾਈ)
ਜਮਨਾ-ਗੰਗਾ ਅਤੇ ਦੁਆਬੇ ਦੇ ਇਲਾਕਿਆਂ ਵਿਚ ਬਾਬਾ ਬੰਦਾ ਸਿੰਘ ਨੇ ਸਹਾਰਨਪੁਰ, ਜਲਾਲਾਬਾਦ ਤੇ ਨਨੌਤਾ ਆਦਿ ਸ਼ਹਿਰ ਫ਼ਤਹਿ ਕੀਤੇ। ਅਸਲ ਵਿਚ ਸਰਹਿੰਦ ਦੀ ਜਿੱਤ ਨੇ ਸਿੱਖਾਂ ਵਿਚ ਇਕ ਨਵਾਂ ਜੋਸ਼ ਅਤੇ ਜਾਗ੍ਰਿਤੀ ਪੈਦਾ ਕਰ ਦਿੱਤੀ ਸੀ। ਮਾਝੇ ਅਤੇ ਹੋਰ ਇਲਾਕੇ ਦੇ ਸਿੰਘਾਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਵਿਚ ਗੁਰਮਤਾ ਸੋਧਿਆ ਅਤੇ ਪੰਜਾਬ ਦੇ ਕਈ ਇਲਾਕਿਆਂ ਉਤੇ ਅਧਿਕਾਰ ਜਮਾ ਲਿਆ। ਬਟਾਲਾ, ਕਲਾਨੌਰ ਜਿੱਤ ਕੇ ਸਿੱਖ ਸੈਨਾ ਲਾਹੌਰ ਤੱਕ ਜਾ ਪਹੁੰਚੀ।
ਸਿੰਘਾਂ ਦਾ ਅਜਿਹਾ ਦਬਦਬਾ ਵੇਖ ਕੇ ਲਾਹੌਰ ਦਾ ਸੂਬੇਦਾਰ ਅਸਲਮ ਖਾਨ ਘਬਰਾ ਗਿਆ। ਮੌਲਾਣਿਆਂ ਨੇ ਹੈਦਰੀ ਝੰਡਾ ਝੁਲਾ ਕੇ ਮੁਗਲਾਂ ਨੂੰ ਸਿੱਖਾਂ ਵਿਰੁੱਧ ਜਹਾਦ ਕਰਨ ਲਈ ਪ੍ਰੇਰਿਆ। ਸਿੱਖਾਂ ਨੇ ਕਿਲ੍ਹਾ ਭਗਵੰਤ ਰਾਏ ਤੇ ਕੋਟਲਾ ਬੇਗਮ ਤੋਂ ਮੁੜ ਜਹਾਦੀਆਂ ਨੂੰ ਭੀਲੋਵਾਲ ਪਿੰਡ ਨੇੜੇ ਅਜਿਹੀ ਕਰਾਰੀ ਹਾਰ ਦਿੱਤੀ ਕਿ ਲਾਹੌਰ ਤੋਂ ਬਿਨਾਂ ਸਾਰਾ ਮਾਝਾ ਅਤੇ ਰਿਆੜਕੀ ਦਾ ਇਲਾਕਾ ਉਨ੍ਹਾਂ ਦੇ ਅਧੀਨ ਹੋ ਗਿਆ।
ਦੁਆਬੇ ਦੇ ਸਿੰਘਾਂ ਦੀ ਦੁਆਬੇ ਦੇ ਫੌਜਦਾਰ ਸ਼ਮਸ ਖ਼ਾਨ ਨਾਲ ਟੱਕਰ ਹੋ ਗਈ। ਸਿੰਘਾਂ ਨੇ ਬਾਬਾ ਬੰਦਾ ਸਿੰਘ ਜੀ ਨੂੰ ਮਦਦ ਲਈ ਸੁਨੇਹਾ ਭੇਜਿਆ। ਰਾਹੋਂ ਵਿਚ ਇਕ ਪੁਰਾਣਾ ਭੱਠਾ ਵੇਖ ਕੇ ਉਸਦੀ ਗੜ੍ਹੀ ਬਣਾ ਲਈ। ਸਿੱਖਾਂ ਨੇ ਰਾਹੋਂ ਛੱਡ ਦਿੱਤਾ, ਪਰ ਝਾੜੀਆਂ ਵਿਚ ਛੁਪ ਕੇ ਮੌਕੇ ਦੀ ਨਜ਼ਾਕਤ ਵੇਖਦੇ ਰਹੇ। ਰਾਹੋਂ ਉਤੇ ਸ਼ਮਸ ਖਾਨ ਨੇ ਕਬਜ਼ਾ ਕੀਤਾ ਹੀ ਸੀ ਕਿ ਸਿੱਖਾਂ ਨੇ ਟਿਕਾਣਿਆਂ ਵਿਚੋਂ ਨਿਕਲ ਕੇ ਮੁਗਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਰਾਹੋਂ ਉਤੇ ਕਬਜ਼ਾ ਕਰ ਲਿਆ।
ਸ਼ਮਸ ਖ਼ਾਨ ਨੇ ਬਹਾਦਰ ਸ਼ਾਹ ਨੂੰ ਮਦਦ ਲਈ ਲਿਖਿਆ। 10 ਦਸੰਬਰ,1710 ਈ. ਨੂੰ ਬਹਾਦਰ ਸ਼ਾਹ ਸ਼ਾਹੀ ਫੌਜਾਂ ਲੈ ਕੇ ਲੋਹਗੜ੍ਹ ਦੇ ਨੇੜੇ ਸਢੌਰੇ ਪਹੁੰਚਿਆ ਅਤੇ ਗੜ੍ਹੀ ਦੁਆਲੇ ਘੇਰਾ ਪਾ ਲਿਆ। ਪਰ 10-11 ਦਸੰਬਰ ਦੀ ਰਾਤ ਨੂੰ ਬਾਬਾ ਬੰਦਾ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਵੈਰੀ ਨੂੰ ਧੋਖਾ ਦੇ ਕੇ ਨਾਹਨ ਦੇ ਇਲਾਕੇ ਵਿਚ ਜਾ ਛੁਪੇ |
ਬਹਾਦਰ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਲਾਹੌਰ ਵਾਪਸ ਮੁੜ ਗਿਆ। ਇਥੇ ਦਸੰਬਰ 1712 ਈ. ਨੂੰ ਉਹਦੀ ਮੌਤ ਹੋ ਗਈ। ਉਸਦੀ ਮੌਤ ਪਿੱਛੋਂ ਰਾਜ-ਗੱਦੀ ਲਈ ਝਗੜਾ ਸ਼ੁਰੂ ਹੋ ਗਿਆ। ਆਖਰ ਫਰੁੱਖਸੀਅਰ ਤਖ਼ਤ ਦਾ ਮਾਲਕ ਬਣਿਆ। ਇਸ ਦੌਰਾਨ ਸਿੱਖਾਂ ਨੇ ਮੁੜ ਆਪਣੀ ਤਾਕਤ ਇਕੱਠੀ ਕੀਤੀ ਅਤੇ ਕਲਾਨੌਰ, ਲੋਹਗੜ੍ਹ ਅਤੇ ਸਢੇਰ ਉੱਤੇ ਫਿਰ ਤੋਂ ਕਬਜ਼ਾ ਕਰ ਲਿਆ ।
ਅਕਤੂਬਰ 1713 ਈ. ਤੋਂ ਫਰਵਰੀ 1715 ਈ. ਤੱਕ ਬਾਬਾ ਬੰਦਾ ਸਿੰਘ ਨੇ ਜੰਮੂ ਵਿਚ ਆਪਣਾ ਟਿਕਾਣਾ ਬਣਾਇਆ। ਇਥੋਂ ਉਹ ਪੰਜਾਬ ਦੇ ਹਾਲਾਤ ਉਤੇ ਨਜ਼ਰ ਰੱਖਦੇ ਰਹੇ। ਜੰਮੂ ਤੋਂ ਬਾਬਾ ਬੰਦਾ ਸਿੰਘ ਅਚਾਨਕ ਪੰਜਾਬ ਪਰਤ ਆਏ ਅਤੇ ਅਚਲ ਤੋਂ ਹੁੰਦੇ ਹੋਏ ਬਟਾਲੇ ਪੁੱਜੇ | ਦੂਜੇ ਪਾਸੇ ਅਬਦੁਸ ਸਮਦ ਖਾਂ ਨੇ ਵੀ ਹੋਰਨਾਂ ਮੁਗਲਾਂ ਦੀ ਮਦਦ ਨਾਲ ਬਾਬਾ ਬੰਦਾ ਸਿੰਘ ਉਤੇ ਪੂਰੀ ਨਜ਼ਰ ਰੱਖੀ। ਇਉਂ ਚਲਾਕੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘੇਰ ਲਿਆ ਗਿਆ। ਦੁਸ਼ਮਣ ਫੌਜ ਨੇ ਲਗਾਤਾਰ ਅੱਠ ਮਹੀਨੇ ਪੂਰੀ ਮੁਸਤੈਦੀ ਨਾਲ ਗੜ੍ਹੀ ਨੂੰ ਪੂਰੀ ਤਰ੍ਹਾਂ ਘੇਰੀ ਰੱਖਿਆ। ਇਸ ਦੌਰਾਨ ਸਿੱਖਾਂ ਕੋਲ ਰਾਸ਼ਨ-ਪਾਣੀ ਮੁੱਕ ਗਿਆ। ਜ਼ਿੰਦਾ ਰਹਿਣ ਲਈ ਉਨ੍ਹਾਂ ਨੇ ਦਰਖਤਾਂ ਦੇ ਪੱਤੇ, ਸੱਕ, ਟਾਹਣੀਆਂ, ਘਾਹ, ਜਾਨਵਰਾਂ ਦੀਆਂ ਹੱਡੀਆਂ ਅਤੇ ਆਪਣੇ ਪੱਟਾਂ ਦਾ ਮਾਸ ਚੀਰ ਕੇ ਖਾਧਾ। ਇਸ ਨਾਲ ਕਈ ਸਿੰਘ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਅਤੇ ਕਈ ਭੁੱਖ ਕਾਰਨ ਜਹਾਨੋਂ ਚੱਲ ਵਸੇ। ਪਰ ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਬਾਬਾ ਬੰਦਾ ਸਿੰਘ ਅਤੇ ਉਨ੍ਹਾਂ ਦੇ ਬਹਾਦਰ ਸਾਥੀਆਂ ਨੇ ਮੁਗਲਾਂ ਦਾ ਅੱਠ ਮਹੀਨੇ ਡੱਟ ਕੇ ਮੁਕਾਬਲਾ ਕੀਤਾ।
ਆਖਰ 7 ਦਸੰਬਰ,1715 ਈ. ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ਉਤੇ ਕਬਜ਼ਾ ਕਰ ਲਿਆ। ਤਿੰਨ ਸੌ ਦੇ ਕਰੀਬ ਸਿੰਘ ਉਥੇ ਹੀ ਸ਼ਹੀਦ ਕਰ ਦਿੱਤੇ ਗਏ। ਬਾਬਾ ਬੰਦਾ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਸਾਰਿਆਂ ਨੂੰ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ ਲਿਜਾ ਕੇ ਜਲੂਸ ਕੱਢਿਆ ਗਿਆ, ਫਿਰ ਜ਼ਕਰੀਆ ਖ਼ਾਨ ਦੀ ਨਿਗਰਾਨੀ ਹੇਠ ਦਿੱਲੀ ਭੇਜਿਆ ਗਿਆ।
27 ਫਰਵਰੀ, 1716 ਈ. ਨੂੰ ਇਹ ਕਾਫ਼ਲਾ ਦਿੱਲੀ ਪਹੁੰਚਿਆ। ਸਭ ਤੋਂ ਮੂਹਰੇ ਦੋ ਹਜ਼ਾਰ ਸਿੱਖਾਂ ਦੇ ਸਿਰਾਂ ਨੂੰ ਨੇਜ਼ਿਆਂ ਉਤੇ ਟੰਗਿਆ ਹੋਇਆ ਸੀ। ਪਿੱਛੇ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰਕੇ ਇਕ ਹਾਥੀ ਉੱਤੇ ਬਿਠਾਇਆ ਹੋਇਆ ਸੀ। ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਦੇ ਸਿਰ ਉਤੇ ਟੋਪੀਨੁਮਾ ਨੋਕਦਾਰ ਲਾਲ ਪਗੜੀ ਬੰਨ੍ਹੀ ਹੋਈ ਸੀ। ਉਸਦੇ ਪਿੱਛੇ ਜਰਾਬਖ਼ਤਰ ਪਹਿਨੀ ਇਕ ਜੱਲਾਦ ਨੰਗੀ ਤਲਵਾਰ ਲੈ ਕੇ ਖੜ੍ਹਾ ਸੀ। ਇਸਤੋਂ ਪਿੱਛੇ ਕਰੀਬ 740 ਸਿੱਖਾਂ ਨੂੰ ਭੇਡਾਂ ਦੀਆਂ ਖੱਲਾਂ ਅਤੇ ਟੋਪ ਪਹਿਨਾ ਕੇ ਊਠਾਂ ਉਤੇ ਦੋ-ਦੋ ਕਰਕੇ ਬੰਨ੍ਹਿਆ ਹੋਇਆ ਸੀ। ਪਰ ਗੁਰੂ ਦੇ ਬਹਾਦਰ ਸਿੰਘਾਂ ਦੇ ਜੱਲਾਲ ਵਿਚ ਕੋਈ ਫਰਕ ਨਹੀਂ ਸੀ। ਮੌਤ ਉਨ੍ਹਾਂ ਦੇ ਸਿਰ ਉਤੇ ਮੰਡਰਾ ਰਹੀ ਸੀ ਪਰ ਉਹ ਨਿਸ਼ਚਿੰਤ ਹੋ ਕੇ ‘ਵਾਹਿਗੁਰੂ’ ਦਾ ਜਾਪ ਕਰ ਰਹੇ ਸਨ।
ਫਰੁਖਸੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ ਸਿੰਘ, ਭਾਈ ਫ਼ਤਹਿ ਸਿੰਘ ਅਤੇ ਕੁਝ ਹੋਰ ਸਿੱਖਾਂ ਨੂੰ ਤ੍ਰਿਪੋਲੀਆ ਜੇਲ੍ਹ ਭੇਜ ਦਿੱਤਾ ਗਿਆ। ਬਾਕੀ ਸਿੱਖਾਂ ਨੂੰ ਕਤਲ ਕਰਨ ਲਈ ਕੋਤਵਾਲ ਸਰਬਰਾਹ ਖਾਨ ਦੇ ਹਵਾਲੇ ਕਰ ਦਿੱਤਾ। 5 ਮਾਰਚ,1716 ਈ. ਨੂੰ ਸਿੱਖ ਸ਼ਹੀਦੀਆਂ ਦਾ ਖ਼ੌਫ਼ਨਾਕ ਸਿਲਸਿਲਾ ਸ਼ੁਰੂ ਹੋਇਆ। ਹਰ ਰੋਜ਼ 200 ਸਿੱਖਾਂ ਨੂੰ ਕਤਲ ਕੀਤਾ ਜਾਂਦਾ ਅਤੇ ਰਾਤੀਂ ਛਕੜਿਆਂ ਉੱਤੇ ਲੱਦ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਦਰਖਤਾਂ ਉੱਤੇ ਟੰਗ ਦਿੱਤਾ ਜਾਂਦਾ।
9 ਜੂਨ, 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਮਾਸੂਮ ਪੁੱਤਰ ਅਜੈ ਸਿੰਘ, ਭਾਈ ਫਤਹਿ ਸਿੰਘ, ਭਾਈ ਬਾਜ ਸਿੰਘ ਅਤੇ ਕੁਝ ਹੋਰ ਸਿੱਖਾਂ ਨੂੰ ਇਬਰਾਹੀਮ ਖਾਨ, ਮੀਰ ਆਤਿਸ਼ ਅਤੇ ਸਰਬਰਾਹ ਖਾਨ ਕੋਤਵਾਲ ਦੀ ਨਿਗਰਾਨੀ ਹੇਠ ਜੇਲ੍ਹ ਤੋਂ ਬਾਹਰ ਕੱਢਿਆ ਗਿਆ। ਇਸ ਸਮੇਂ ਵੀ ਬਾਬਾ ਬੰਦਾ ਸਿੰਘ ਨੂੰ ਲੋਹੇ ਦੀਆਂ ਬੇੜੀਆਂ ਵਿਚ ਜਕੜਿਆ ਹੋਇਆ ਸੀ। ਉਨ੍ਹਾਂ ਦੇ ਸਿਰ ਉਤੇ ਤਿੱਲੇਦਾਰ ਲਾਲ ਪਗੜੀ ਅਤੇ ਕਮਖ਼ਾਬ ਦਾ ਚੋਗਾ ਪਹਿਨਿਆ ਹੋਇਆ ਸੀ। ਫਿਰ ਉਨ੍ਹਾਂ ਨੂੰ ਹਾਥੀ ਤੋਂ ਉਤਾਰ ਕੇ ਇਸਲਾਮ ਜਾਂ ਮੌਤ ਵਿਚੋਂ ਕਿਸੇ ਇਕ ਦੀ ਚੋਣ ਕਰਨ ਬਾਰੇ ਕਿਹਾ ਗਿਆ। ਪਰ ਬਾਬਾ ਬੰਦਾ ਸਿੰਘ ਨੇ ਇਕ ਸਿਦਕੀ ਅਤੇ ਸੱਚੇ ਸਿੱਖ ਵਾਂਗ ਮੌਤ ਨੂੰ ਪਹਿਲ ਦਿੱਤੀ। ਉਨ੍ਹਾਂ ਦੇ ਚਾਰ-ਸਾਲਾ ਬੱਚੇ ਅਜੈ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਕਤਲ ਕਰਕੇ ਉਸਦਾ ਤੜਫਦਾ ਦਿਲ ਬਾਬਾ ਬੰਦਾ ਸਿੰਘ ਦੇ ਮੂੰਹ ਵਿਚ ਤੁੰਨਿਆ ਗਿਆ। ਫਿਰ ਉਨ੍ਹਾਂ ਦੀ ਸੱਜੀ ਅੱਖ ਕੱਢੀ ਗਈ, ਫਿਰ ਖੱਬਾ ਪੈਰ ਵੱਢਿਆ ਗਿਆ, ਫਿਰ ਉਨ੍ਹਾਂ ਦੇ ਦੋਵੇਂ ਹੱਥ ਕੱਟ ਦਿੱਤੇ ਗਏ ਅਤੇ ਆਖਰ ਗਰਮ ਲਾਲ ਅੰਗਿਆਰ ਚਿਮਟੀਆਂ ਨਾਲ ਉਨ੍ਹਾਂ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਉਨ੍ਹਾਂ ਦਾ ਅੰਗ-ਅੰਗ ਵੱਖ ਕਰ ਦਿੱਤਾ ਗਿਆ। ਇਨ੍ਹਾਂ ਸਾਰੇ ਤਸੀਹਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਜਿਗਰੇ ਅਤੇ ਸਿੱਖੀ ਸਿਦਕ ਨਾਲ ਸਹਾਰਿਆ। ਇਸ ਤਰ੍ਹਾਂ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਅਤੇ ਆਪਣੇ ਧਰਮ ਵਿਚ ਪੱਕਾ ਰਹਿ ਕੇ ਉਹ ਸ਼ਹੀਦੀ ਪ੍ਰਾਪਤ ਕਰ ਗਏ।
ਨੋਬੇਲ ਇਨਾਮ ਜੇਤੂ ਬੰਗਲਾ ਕਵੀ ਡਾ. ਰਬਿੰਦਰ ਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਰਬੀਰਤਾ ਨੂੰ ਰੇਖਾਂਕਿਤ ਕਰਦੀ ਇਕ ਕਵਿਤਾ ‘ਬੰਦੀ ਬੀਰ’ ਬੰਗਲਾ ਭਾਸ਼ਾ ਵਿਚ ਲਿਖੀ ਹੈ। ਇਸ ‘ਚੋਂ ਕੁਝ ਪੰਕਤੀਆਂ ਦਾ ਹਵਾਲਾ ਦੇਣਾ ਇਥੇ ਕੁਥਾਂ ਨਹੀਂ ਹੋਵੇਗਾ :
ਪੰਜ ਪਾਣੀਆਂ ਦੀ ਧਰਤ ਉਪਰ
ਇੱਕ ਨਵੇਂ ਯੁਗ ਦਾ ਪ੍ਰਵੇਸ਼ ਹੋਇਆ।
ਦਿੱਲੀ ਦੇ ਰਾਜ ਮਹੱਲਾਂ ‘ਚ ਮੁਗਲ-ਬਾਦਸ਼ਾਹ
ਉਨੀਂਦਰੇ ਕੱਟਣ ਲਗੇ।
ਪੰਜਾਂ ਦਰਿਆਵਾਂ ਦੀ ਧਰਤ ਉਪਰ ਸ਼ਹੀਦਾਂ ਦਾ ਲਹੂ
ਸਮਕਾਲੀ ਜ਼ੁਲਮ ਵਿਰੁੱਧ ਬਗ਼ਾਵਤ ਕਰ ਉਠਿਆ।
ਬੰਦਾ ਬਹਾਦਰ ਦੀ ਦੇਹ ਨੂੰ
ਜ਼ੰਬੂਰਾਂ ਨਾਲ ਨੋਚਿਆ ਗਿਆ।
ਬੋਟੀ-ਬੋਟੀ ਕਰ ਦਿਤਾ ਗਿਆ
ਬਲੀ ਯੋਧਾ ‘ਸੀਅ’ ਨਾ ਆਖਦਿਆਂ
ਸੁਆਸ ਤਿਆਗ ਗਿਆ।
ਦਰਬਾਰ ਵਿਚ ਹਾਜ਼ਰ ਸਮੂਹ ਦਰਬਾਰੀਆਂ ਨੇ
ਅੱਖਾਂ ਮੁੰਦ ਲਈਆਂ
ਸਾਰੇ ਦਰਬਾਰੀ ਡੂੰਘੀਆਂ ਸੋਚਾਂ ਵਿਚ ਡੁੱਬ ਗਏ।
ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਹੇਠ ਲਿਖੀਆਂ ਇਤਿਹਾਸਕ ਯਾਦਗਾਰਾਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਮਿਲਦੀਆਂ ਹਨ :
1. ਜੰਮੂ ਦੇ ਪਹਾੜੀ ਇਲਾਕੇ ਵਿਚ ਕਟੜੇ ਤੋਂ ਸੱਤ ਕੋਹ ਅਤੇ ਰਿਆਸੀ ਤੋਂ ਨੌ ਮੀਲ ਦੂਰ ਝਨਾਂ ਦੇ ਕੰਢੇ ਇਕ ਬੜਾ ਦਿਲਖਿੱਚਵਾਂ ਸਥਾਨ ਹੈ – ਡੇਰਾ ਬਾਬਾ ਬੰਦਾ ਸਾਹਿਬ। ਇਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੈਨਾ ਨੂੰ ਯੁੱਧ ਦੀ ਸਿਖਲਾਈ ਦਿੰਦੇ ਰਹੇ |
2. ਸਰਹਿੰਦ ਤੋਂ ਕੁਝ ਦੂਰ ਅੱਗੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਡਿਊਢੀ ਤੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ।
3. ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਇੰਜੀਨੀਅਰਿੰਗ ਕਾਲਜ ਸਥਾਪਤ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ।
4. ਧਾਰੀਵਾਲ ਤੋਂ ਗੁਰਦਾਸਪੁਰ ਜਾਂਦਿਆਂ ਗੁਰਦਾਸ ਨੰਗਲ ਦੀ ਥੇਹ ਤੇ ਇਕ ਯਾਦਗਾਰੀ ਗੁਰਦੁਆਰਾ ਹੈ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
5. ਨਾਂਦੇੜ (ਮਹਾਂਰਾਸ਼ਟਰ) ਵਿਖੇ ਗੁਰਦੁਆਰਾ ਬੰਦਾ ਘਾਟ ਹੈ।ਇਥੇ ਹੀ ਸੰਨ 1708 ਈ. ਵਿਚ (ਮਾਧੋਦਾਸ ਬੈਰਾਗੀ ਵਜੋਂ) ਬਾਬਾ ਬੰਦਾ ਸਿੰਘ ਬਹਾਦਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਹੋਈ ਸੀ।
6. ਗ੍ਰੇਟਰ ਮੋਹਾਲੀ ਸਰਹਿੰਦ ਵਿਖੇ ਗੁਰਦੁਆਰਾ ਸ਼ਹੀਦ ਗੰਜ, ਮੈਦਾਨ ਚੱਪੜਚਿੜੀ ਹੈ, ਜਿਥੇ ਸੂਬਾ ਸਰਹਿੰਦ ਵਜ਼ੀਰ ਖਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਹੋਈ ਫੈਸਲਾਕੁੰਨ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ ਅਤੇ ਅਨੇਕਾਂ ਸਿੰਘ ਸ਼ਹੀਦ ਹੋਏ ਸਨ।
7. ਸਢੌਰੇ ਤੋਂ ਕਰੀਬ 20 ਕਿਲੋਮੀਟਰ ਦੂਰ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਹੈ, ਜਿਸਦਾ ਪਹਿਲਾ ਨਾਂ ਮੁਖਲਿਸਗੜ੍ਹ ਸੀ। ਇਸਨੂੰ ਸਿੱਖਾਂ ਦੀ ਪਹਿਲੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਹੈ। ਇਥੇ ਹੀ ਸਿੱਖ ਰਾਜ ਦੀ ਨੀਂਹ ਰੱਖੀ ਗਈ।
8. ਦਿੱਲੀ ਵਿਖੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਮਹਿਰੌਲੀ ਹੈ। ਇਸ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਮਾਸੂਮ ਬੱਚੇ ਅਜੈ ਸਿੰਘ ਅਤੇ ਪ੍ਰਮੁੱਖ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਲੜਨਾ, ਜਿੱਤਣਾ ਅਤੇ ਰਾਜ ਕਰਨਾ ਸਿਖਾਇਆ। ਬੰਦਾ ਸਿੰਘ ਬਹਾਦਰ ਦੇ ਕਾਰਨਾਮੇ ਅਤੇ ਉਨ੍ਹਾਂ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਗੌਰਵਮਈ ਗਾਥਾ ਹੈ। ਮੁਗਲ ਹਾਕਮ ਉਨ੍ਹਾਂ ਦੇ ਨਾਮ ਤੋਂ ਥਰ-ਥਰ ਕੰਬਦੇ ਸਨ। ਇੱਕੋ ਝਟਕੇ ਨਾਲ ਪਲੋ-ਪਲੀ ਹਨੇਰੀ ਵਾਂਗ ਪ੍ਰਗਟ ਹੋ ਕੇ ਜ਼ੁਲਮ ਦੇ ਰਾਜ ਦਾ ਸਰਵਨਾਸ਼ ਕਰਕੇ ਸੁਤੰਤਰ ਖ਼ਾਲਸਾ ਰਾਜ ਦੀ ਪਹਿਲੀ ਸਥਾਪਨਾ ਕਰਨ ਦਾ ਮਾਣ ਨਿਸਚੈ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂਦਾ ਹੈ। ਬੰਦਾ ਸਿੰਘ ਬਹਾਦਰ ਇਕ ਮਹਾਨ ਜਰਨੈਲ, ਜੰਗਜੂ, ਨਿਰਭੈ ਯੋਧੇ ਅਤੇ ਸੱਚੇ ਸ਼ਰਧਾਲੂ ਸਿੱਖ ਦੇ ਤੌਰ ਤੇ ਉਭਰੇ, ਜਿਨ੍ਹਾਂ ਨੇ ਦੁਸ਼ਮਣ ਦੀਆਂ ਫੌਜਾਂ ਨਾਲ ਆਪ ਟੱਕਰ ਲੈ ਕੇ ਇਹ ਸਿੱਧ ਕਰ ਵਿਖਾਇਆ ਕਿ ਖ਼ਾਲਸਾ ਕੌਮ ਸਿਰਫ ਸ੍ਵੈ-ਰੱਖਿਆ ਲਈ ਹੀ ਨਹੀਂ ਲੜਦੀ, ਸਗੋਂ ਜ਼ਾਲਮ ਨੂੰ ਉਹਦੇ ਘਰ ਜਾ ਕੇ ਵੀ ਸੋਧਣ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਦੇ ਇਕ ਚਰਚਿਤ ਕਵੀ ਸ. ਹਰਸਾ ਸਿੰਘ ‘ਚਾਤਰ’ ਨੇ ਇਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਹੈ :
ਬਰਕਤ ਪਾ ਦਸ਼ਮੇਸ਼ ਦੀ, ਬਣਿਆ ਬੰਦਾ ਸਿੰਘ ਬਲਕਾਰੀ।
ਡੌਲ਼ੇ ਉਹਦੇ ਲੋਹੇ ਦੇ, ਛਾਤੀ ਅਹਿਰਣ ਵਰਗੀ ਭਾਰੀ।
ਅੱਖਾਂ ਬਲਣ ਮਤਾਬੀਆਂ, ਫੂਕ ਸੁੱਟਣੀ ਜ਼ੁਲਮਤ ਸਾਰੀ।
ਕੱਦ ਕਾਠ ਵਰਿਆਮ ਦਾ, ਤੁਰਦੀ-ਫਿਰਦੀ ਜਿਵੇਂ ਅਟਾਰੀ।
ਹਾਥੀ ਢਾਹੇ ਓਸਨੇ, ਸ਼ੇਰਾਂ ਤੇ ਪਾਈ ਅਸਵਾਰੀ।
ਮਾਰ ਵਜੀਦੇ ਖਾਨ ਨੂੰ, ਧਰਤੋਂ ਭਾਰੀ ਪੰਡ ਉਤਾਰੀ।
ਰੱਤ ਵਿਚ ਡੋਬੇ ਉਸ ਨੇ, ਦੇਸ਼ ਧ੍ਰੋਹੀ ਤੇ ਹੰਕਾਰੀ।
ਸੁਣ-ਸੁਣ ਉਹਦੀਆਂ ਚੜ੍ਹਤਲਾਂ, ਕੰਬੇ ਦਿੱਲੀ ਕਰਮਾਂ ਮਾਰੀ।
ਆਖ਼ਰ ਫਸਿਆ ਪਿੰਜਰੇ, ਸਫ਼ਲ ਹੋਏ ਚਾਲੇ ਸਰਕਾਰੀ।
ਮਰਨੋਂ ਮੂਲ ਨਾ ਡੋਲਿਆ, ਦੇਸ਼ ਭਗਤ ਸੱਚ ਦਾ ਹਿਤਕਾਰੀ।
ਬੋਟੀ ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ।
ਵਿਰਲੇ ਜੰਮਣ ਜੱਗ ਤੇ, ਇਹੋ ਜਿਹੇ ‘ਚਾਤਰ’ ਉਪਕਾਰੀ।
ਜਿਨ੍ਹਾਂ ਦੇਸ਼ ਤੋਂ ਜਿੰਦੜੀ ਵਾਰੀ।
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *