ਸਮਰਾਲਾ ਮਾਛੀਵਾੜਾ ਸਾਹਿਬ 7 ਅਪ੍ਰੈਲ ( ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਕਰਤਾ ਧਰਤਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਿਆਸੀ ਜਮੀਨ ਨੂੰ ਮੁੜ ਉਪਜਾਊ ਕਰਨ ਦੇ ਲਈ ਦੋ ਕੁ ਮਹੀਨੇ ਪਹਿਲਾਂ ਤੋਂ ਸਰਹੱਦੀ ਇਲਾਕੇ ਅਟਾਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਿਸ ਨੇ ਸਮੇਂ ਸਮੇਂ ਉੱਤੇ ਸਾਰੇ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਜਾਣਾ ਹੈ ਤੇ ਜਾ ਰਹੀ ਹੈ।
ਅੱਜ ਇਸ ਪੰਜਾਬ ਬਚਾਓ ਯਾਤਰਾ ਦਾ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਆਉਣ ਦਾ ਪ੍ਰੋਗਰਾਮ ਹੈ ਇਸ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਸਮਰਾਲਾ ਮਾਛੀਵਾੜਾ ਸਾਹਿਬ ਪ੍ਰਮੁੱਖ ਸ਼ਹਿਰਾਂ ਤੋਂ ਬਿਨਾਂ ਸਮੁੱਚੇ ਪੇਂਡੂ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਆਗੂਆਂ ਵਰਕਰਾਂ ਨੇ ਇਸ ਯਾਤਰਾ ਨੂੰ ਕਾਮਯਾਬ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਜੇਕਰ ਸਮਰਾਲਾ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਪੁਰਾਣੇ ਟਕਸਾਲੀ ਅਕਾਲੀ ਵਰਕਰ ਸਵਰਗਵਾਸੀ ਜਥੇਦਾਰ ਕਿਰਪਾਲ ਸਿੰਘ ਖੀਰਨੀਆਂ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਸਨ ਉਨਾਂ ਨੇ ਹੀ ਅਕਾਲੀ ਦਲ ਦੀ ਡੋਰ ਸਮਰਾਲਾ ਹਲਕੇ ਵਿੱਚ ਸਾਰੇ ਵੱਡੇ ਛੋਟੇ ਆਗੂਆਂ ਨੂੰ ਨਾਲ ਲੈ ਕੇ ਆਪਣੇ ਹੱਥ ਵਿੱਚ ਰੱਖੀ ਤੇ ਵਧੀਆ ਤਰੀਕੇ ਦੇ ਨਾਲ ਚੋਣਾਂ ਲੜੀਆਂ। ਇਹ ਗੱਲ ਅਲੱਗ ਹੈ ਕਿ ਜਥੇਦਾਰ ਕਿਰਪਾਲ ਸਿੰਘ ਇੱਕ ਆਮ ਪੇਂਡੂ ਸਿੱਧਾ ਸੌਧਾ ਜੀਵਨ ਬਤੀਤ ਕਰਨ ਵਾਲੇ ਟਕਸਾਲੀ ਜਥੇਦਾਰ ਸਨ ਪਰ ਚੋਣਾਂ ਦੇ ਵਿੱਚ ਉਹਨਾਂ ਦਾ ਮੁਕਾਬਲਾ ਸਮਰਾਲਾ ਹਲਕੇ ਤੋਂ ਲਿਕੁਅਰ ਕਿੰਗ ਵਜੋਂ ਜਾਣੇ ਜਾਂਦੇ ਠੇਕੇਦਾਰ ਅਮਰੀਕ ਸਿੰਘ ਢਿੱਲੋ ਦੇ ਨਾਲ ਕਾਂਗਰਸ ਪਾਰਟੀ ਵਜੋਂ ਹੁੰਦਾ ਰਿਹਾ। ਅਮਰੀਕ ਸਿੰਘ ਢਿੱਲੋ ਕਈ ਤਰ੍ਹਾਂ ਦੇ ਜ਼ੋਰ ਲਾ ਕੇ ਸਮਰਾਲੇ ਦੀ ਚੋਣ ਖੁਦ ਜਿੱਤਦੇ ਰਹੇ 25 ਸਾਲ ਦੇ ਵਿੱਚ ਇੱਕ ਵਾਰ ਸਬੱਬ ਬਣਿਆ ਕਿ ਜਥੇਦਾਰ ਕਿਰਪਾਲ ਸਿੰਘ ਦੇ ਸਪੁੱਤਰ ਜਗਜੀਵਨ ਸਿੰਘ ਖੀਰਨੀਆਂ ਨੇ ਅਕਾਲੀ ਦਲ ਵੱਲੋਂ ਲੜੀ ਹੋਈ ਚੋਣ ਜਿੱਤੀ ਪਰ ਬਦਕਿਸਮਤੀ ਕਿ ਉਸ ਵੇਲੇ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਸੀ ਅਕਾਲੀ ਦਲ ਬਹੁਤਾ ਕੁਝ ਨਾ ਕਰ ਸਕਿਆ।
ਜਦੋਂ ਦੀ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਹੱਥ ਆਈ ਹੈ ਤਾਂ ਉਸ ਨੇ ਅਕਾਲੀ ਦਲ ਵਿੱਚ ਆਪਣੇ ਵਰਗੇ ਹੀ ਧਨਾਢ ਆਗੂਆਂ ਉਮੀਦਵਾਰਾਂ ਨੂੰ ਸ਼ਾਮਿਲ ਕੀਤਾ ਹੈ। ਇਸੇ ਤਰ੍ਹਾਂ ਹੀ ਹੁਣ ਮੌਜੂਦਾ ਸਮੇਂ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋ ਹਨ। ਇਹ ਪਰਮਜੀਤ ਸਿੰਘ ਢਿੱਲੋਂ ਅਮਰੀਕ ਸਿੰਘ ਦੇ ਪਰਿਵਾਰ ਵਿੱਚੋਂ ਹਨ ਪਰ ਪਰਿਵਾਰਕ ਹੱਦਾਂ ਨੂੰ ਤੋੜਦਿਆਂ ਹੋਇਆਂ ਪਰਮਜੀਤ ਸਿੰਘ ਢਿੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਤੇ ਉਹ ਇਸ ਵੇਲੇ ਸਮਰਾਲਾ ਤੋਂ ਹਲਕਾ ਇੰਚਾਰਜ ਹਨ। ਇਹ ਜੋ ਪੰਜਾਬ ਚ ਬਚਾਓ ਯਾਤਰਾ ਸਮਰਾਲਾ ਹਲਕੇ ਵਿੱਚ ਆ ਰਹੀ ਹੈ ਇਸ ਦੇ ਵਿੱਚੋਂ ਕੁਝ ਕਨਸੋਆਂ ਇਹ ਵੀ ਮਿਲ ਰਹੀਆਂ ਹਨ ਕਿ ਇਸ ਯਾਤਰਾ ਦਰਮਿਆਨ ਹੀ ਸਮਰਾਲਾ ਹਲਕੇ ਨਾਲ ਸੰਬੰਧਿਤ ਕਈ ਸਿਆਸੀ ਆਗੂ ਜੋ ਅਕਾਲੀ ਦਲ ਤੋਂ ਵੱਖ ਹੋ ਕੇ ਹੋਰ ਪਾਸੇ ਚਲੇ ਗਏ ਸਨ ਜਾਂ ਦੂਜੀਆਂ ਪਾਰਟੀਆਂ ਦੇ ਆਗੂ ਇਸ ਪੰਜਾਬ ਬਚਾਓ ਯਾਤਰਾ ਦਰਮਿਆਨ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਬਾਕੀ ਕੱਲ ਨੂੰ ਹੀ ਸਭ ਕੁਝ ਪਤਾ ਲੱਗੂਗਾ।