ਜੈਤੋ/ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਫਿਰਕੂ ਤੇ ਹਕੂਮਤੀ ਦਹਿਸਤਗਰਦੀ ਖਿਲਾਫ ਜੂਝ ਕੇ ਜਾਨਾਂ ਵਾਰ ਗਏ ਮੇਘਰਾਜ ਭਗਤੂਆਣਾ, ਜਗਪਾਲ ਸਿੰਘ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ ਤੇ ਮਾਤਾ ਸਦਾ ਕੌਰ ਸਮੇਤ ਸੇਵੇਵਾਲਾ ਕਾਂਡ ਦੇ 18 ਸ਼ਹੀਦਾਂ ਦੀ ਬਰਸੀ ਪਿੰਡ ਸੇਵੇਵਾਲਾ ਵਿਖੇ ਮਨਾਈ ਗਈ। ਜਿਸ ’ਚ ਖੇਤ ਮਜਦੂਰਾਂ, ਕਿਸਾਨਾਂ, ਔਰਤਾਂ ਤੇ ਵਿਦਿਆਰਥੀਆਂ ਵਲੋਂ ਭਰਵੀਂ ਸਮੂਲੀਅਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਹੀਦ ਪਰਿਵਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਜੁੜੇ ਇਕੱਠ ਨੂੰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਅਤੇ ਜਗਮੇਲ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੌਜੂਦਾ ਸਮੇਂ ਜਾਤਾਂ, ਧਰਮਾਂ ਤੇ ਫਿਰਕਿਆਂ ਤੋਂ ਉੱਪਰ ਉਠ ਕੇ ਜਮਾਤੀ ਸੰਘਰਸ਼ਾਂ ਨੂੰ ਤੇਜ ਕਰਨਾ ਹੀ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਆਖਿਆ ਕਿ ਪਿਛਲੇ ਦਸ ਸਾਲਾਂ ਤੋਂ ਕੇਂਦਰੀ ਹਕੂਮਤ ’ਤੇ ਕਾਬਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਵੱਲੋਂ ਪਹਿਲੀਆਂ ਸਭਨਾਂ ਸਰਕਾਰਾਂ ਤੋਂ ਅੱਗੇ ਜਾਂਦਿਆਂ ਇੱਕ ਪਾਸੇ ਲੋਕ ਵਿਰੋਧੀ ਅਤੇ ਜਗੀਰਦਾਰਾਂ, ਸਾਮਰਾਜੀ ਮੁਲਕਾਂ ਤੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਅੰਨ੍ਹੇ ਫਿਰਕੂ ਰਾਸ਼ਟਰਵਾਦ ਨੂੰ ਉਭਾਰ ਕੇ ਲੋਕਾਂ ’ਚ ਵੰਡੀਆਂ ਪਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕ ਵਿਰੋਧੀ ਆਰਥਿਕ ਸੁਧਾਰਾਂ ਦੇ ਏਜੰਡੇ ਨੂੰ ਤੇਜੀ ਨਾਲ ਲਾਗੂ ਕਰਨ ਲਈ ਮੋਦੀ ਸਰਕਾਰ ਵਲੋਂ ਜਾਬਰ ਤੇ ਕਾਲੇ ਕਾਨੂੰਨਾਂ ਦੇ ਦੰਦੇ ਹੋਰ ਤਿੱਖੇ ਕੀਤੇ ਜਾ ਰਹੇ ਹਨ।