ਸੰਤਾਲੀ ਵੇਲੇ ਉੱਜੜਨ ਦੀ ਗੱਲ,
ਮਾਂ ਦੇ ਮਨ ਤੋਂ ਲਹਿੰਦੀ ਨਹੀਂ।
ਮੈਂ ਲੱਖ ਵਾਰੀ ਸਮਝਾਇਆ ਏ,
ਉਹ ਇਸ ਨੂੰ ਆਜ਼ਾਦੀ ਕਹਿੰਦੀ ਨਹੀਂ।
ਇਹ ਧਰਤੀ ਬੇਗਾਨੀ ਮੇਰੇ ਲਈ,
ਤੁਸੀਂ ਪੜ੍ਹੇ ਲਿਖੇ ਜੋ ਮਰਜ਼ੀ ਕਹੋ ।
ਮੇਰੇ ਹਰ ਸਾਹ ਅੰਦਰ ਲਾਟਾਂ ਨੇ,
ਤੁਸੀਂ ਬਲਦੀ ਅੱਗ ਦਾ ਸੇਕ ਹੋ ।
ਮੈਂ ਸਾਫ਼ ਸਾਫ਼ ਸਮਝਾ ਦੇਵਾਂ,
ਜੇ ਕੁਝ ਪਲ ਮੇਰੇ ਕੋਲ ਬਹੋ ।
ਉਹਦੇ ਦਿਲ ਵਿਚ ਬੇਵਿਸ਼ਵਾਸੀ ਜੋ,
ਉਹਨੂੰ ਆਖਣ ਤੋਂ ਕਦੇ ਰਹਿੰਦੀ ਨਹੀਂ।
ਉਹ ਹਰ ਪਲ ਚੇਤੇ ਕਰਦੀ ਏ,
ਉਹ ਵੱਸਦੇ ਰਸਦੇ ਘਰ ਛੱਡੇ ।
ਜਿੰਨ੍ਹਾਂ ‘ਚੋਂ ਗੱਡਾ ਲੰਘਦਾ ਸੀ,
ਉਹ ਖੁੱਲ੍ਹ ਮ ਖੁੱਲ੍ਹੇ ਦਰ ਛੱਡੇ ।
ਉਹ ਘੜੀ ਮੁੜੀ ਇਹ ਪੁੱਛਦੀ ਏ,
ਕਿਸ ਚੰਦਰੇ ਸਾਡੇ ਪਰ ਵੱਢੇ ।
ਉਹਦੇ ਦਿਲ ਵਿਚ ਬਣੀ ਲਕੀਰ ਜਹੀ,
ਲੱਖ ਚਾਹਿਆਂ ਫਿੱਕੀ ਪੈਂਦੀ ਨਹੀਂ।
ਜਦੋਂ ਬੇਸ਼ਰਮੀ ਦੀ ਪਾਣ ਚੜ੍ਹੀ ਸੀ,
ਧਰਮਾਂ ਦੇ ਹਥਿਆਰਾਂ ਨੂੰ।
ਤੂੰ ਤੱਕਦਾ ਝੱਗੋ ਝੱਗ ਹੋਏ,
ਪਾਗਲਾਂ ਬੰਦਿਆਂ ਦੀਆਂ ਵਾਹਰਾਂ ਨੂੰ।
ਜੇ ਤੱਕਦਾ ਤੂੰ ਬਘਿਆੜ ਬਣੇ,
ਕੁੱਤਿਆਂ ਹੱਥ ਕੈਦਣ ਨਾਰਾਂ ਨੂੰ।
ਜਿੰਨ੍ਹਾਂ ਦੇ ਹੱਥਾਂ ਅੱਜ ਤੱਕ ਵੀ,
ਸ਼ਗਨਾਂ ਦੀ ਵੇਖੀ ਮਹਿੰਦੀ ਨਹੀਂ।
ਜੋ ਓਧਰ ਵੀ ਧਨਵੰਤੇ ਸੀ,
ਉਹ ਏਧਰ ਵੀ ਰਜਵਾੜੇ ਨੇ ।
ਡਾਢੇ ਦੀ ਸ਼ਾਨ ਸਲਾਮਤ ਹੈ,
ਲਿੱਸਿਆਂ ਨੂੰ ਪੈਂਦੇ ਧਾੜੇ ਨੇ ।
ਮੁਜਰਿਮ ਤੇ ਰਾਜ ਘਰਾਣਿਆਂ ਦੇ,
ਰਿਸ਼ਤੇ ਪਹਿਲਾਂ ਤੋਂ ਗਾੜ੍ਹੇ ਨੇ ।
ਨਿੱਤ ਕੂੜ ਦੀ ਕੰਧ ਤੇ ਵਾਰ ਚੜ੍ਹੇ,
ਕਿਉਂ ਸੱਚ ਦੇ ਕੋਲੋਂ ਢਹਿੰਦੀ ਨਹੀਂ।
ਉਹ ਅੱਜ ਵੀ ਅੱਖਾਂ ਭਰ ਲੈਂਦੀ,
ਕਰ ਯਾਦ ’ਕਵਾਸੀ ਰੋਟੀ ਨੂੰ।
ਜੀਅ ਭਰਕੇ ਗੁੱਸਾ ਕੱਢਦੀ ਹੈ,
ਤੱਕ ਲਾਠੀ ਅਤੇ ਲੰਗੋਟੀ ਨੂੰ।
ਜੋ ਦਿਨ ਦੀਵੀਂ ਨਾ ਜਾਣ ਸਕੀ,
ਬਿੱਲੇ ਦੀ ਨੀਅਤ ਖੋਟੀ ਨੂੰ ।
ਉਹ ਅਨਪੜ੍ਹ ਹੋ ਕੇ ਵੇਖ ਲਵੋ,
ਸੱਚ ਕਹਿਣੋਂ ਕਦੇ ਤਰਹਿੰਦੀ ਨਹੀਂ।
ਉਹ ਅਕਸਰ ਇਹ ਗੱਲ ਪੁੱਛਦੀ ਹੈ,
ਕਿਉਂ ਟੋਡੀ ਬੱਚੇ ਅੱਗੇ ਨੇ ।
ਜਿੰਨ੍ਹਾਂ ਜ਼ਿੰਦਗੀ ਵਾਰੀ ਦੇਸ਼ ਲਈ,
ਕਿਉਂ ਨੁੱਕਰਾਂ ਦੇ ਵਿਚ ਲੱਗੇ ਨੇ ।
ਕਿਉਂ ਲੋਕਾਂ ਦੇ ਮਨ ਵਿਚ ਬੈਠਾ,
ਉਹ ਮੁੜ ਠੱਗੇ ਕਿ ਠੱਗੇ ਨੇ ।
ਕਿਉਂ ਰਾਜ ਭਵਨ ਦੇ ਮੱਥੇ ਤੋਂ,
ਤੋਪਾਂ ਦੀ ਦਹਿਸ਼ਤ ਲਹਿੰਦੀ ਨਹੀਂ।
ਮੇਰਾ ਬਾਪੂ ਵੀ ਕੁਝ ਏਦਾਂ ਦੇ,
ਕਈ ਹਾਉਕੇ ਲੈ ਕੇ ਦੂਰ ਗਿਆ।
ਕਈ ਦਰਦ-ਕਹਾਣੀਆਂ ਹਿੱਕ ਵਿਚ ਲੈ,
ਇੱਕ ਸਦੀ ਪੁਰਾਣਾ ਪੂਰ ਗਿਆ।
ਉਹ ਤੁਰ ਗਏ ਤਾਂ ਲਿਸ਼ਕੋਰ ਗਈ,
ਤੇ ਜ਼ਿੰਦਗੀ ਵਿਚੋਂ ਨੂਰ ਗਿਆ।
ਨੇਰ੍ਹੇ ਦੀ ਮਾਚਸ ਸਿੱਲ੍ਹੀ ਤੇ,
ਕਿਉਂ ਸੱਚ ਦੀ ਤੀਲੀ ਖਹਿੰਦੀ ਨਹੀਂ ?
ਉਹਦੇ ਦਿਲ ਨੂੰ ਡੋਬੂ ਪੈਂਦੇ ਨੇ,
ਮੇਰੀ ਵੇਖ ਤਬੀਅਤ ਢਿੱਲੀ ਨੂੰ ।
ਉਹਨੂੰ ਬੇਹੱਦ ਔਖਾ ਲੱਗਦਾ ਹੈ,
ਮੇਰਾ ਆਉਣਾ ਜਾਣਾ ਦਿੱਲੀ ਨੂੰ।
ਦੁੱਧ ਜੂਠਾ ਹੀ ਨਾ ਕਰ ਜਾਵੇ,
ਉਹ ਰਵ੍ਹੇ ਘੂਰਦੀ ਬਿੱਲੀ ਨੂੰ ।
ਮੈਂ ਸੀਸ ਝੁਕਾਵਾਂ ਹੋਰ ਕਿਤੇ,
ਮਾਂ ਇਹ ਗੱਲ ਹਰਗਿਜ਼ ਸਹਿੰਦੀ ਨਹੀਂ।
ਤੂੰ ਚੋਰ ਚੋਰ ਨਾ ਆਖਿਆ ਕਰ,
ਮੈਂ ਹੋੜ ਰਿਹਾ, ਮੈਂ ਹਟਕ ਰਿਹਾ।
ਉਹ ਅੱਗੋਂ ਮੈਨੂੰ ਕਹਿੰਦੀ ਏ,
ਤੂੰ ਏਸੇ ਕਰਕੇ ਭਟਕ ਰਿਹਾ।
ਤੂੰ ਦੋਚਿੱਤੀ ਦਾ ਡੰਗਿਆ ਏਂ,
ਵਿਚਕਾਰੇ ਤਾਂ ਹੀ ਲਟਕ ਰਿਹਾ।
ਜੋ ਅੱਜ ਦੇ ਦਿਨ ਵੀ ਝੂਠ ਕਹੇ,
ਉਹ ਮਾਂ ਫਿਰ ਮਾਂ ਵੀ ਰਹਿੰਦੀ ਨਹੀਂ।
🟥
🔳ਗੁਰਭਜਨ ਗਿੱਲ
Leave a Comment
Your email address will not be published. Required fields are marked with *