*ਮਜਦੂਰ ਦਿਵਸ ਮੌਕੇ ਸਪੀਕਰ ਸੰਧਵਾਂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਾਮਿਆਂ ਨੂੰ ਕੀਤਾ ਉਤਸ਼ਾਹਿਤ!*
ਕੋਟਕਪੂਰਾ, 2 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਈ ਦਿਹਾੜੇ ਅਰਥਾਤ ਮਜਦੂਰ ਦਿਵਸ ਮੌਕੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਦੋਂ ਸੰਤ ਰਾਮ ਉਦਾਸੀ ਦੀ ਰਚਨਾ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਨੂੰ ਸੁਰ ਅਤੇ ਤਾਲ ਵਿੱਚ ਪੇਸ਼ ਕਰਨ ਦੀ ਕੌਸ਼ਿਸ਼ ਕੀਤੀ ਤਾਂ ਇਸ ਸਮੇਂ ਦੌਰਾਨ ਸਪੀਕਰ ਸੰਧਵਾਂ ਭਾਵੁਕ ਹੋ ਗਏ ਅਤੇ ਇਨਸਾਨੀਅਤ ਜਾਂ ਪੰਜਾਬ ਦਾ ਦਰਦ ਸਮਝਣ ਵਾਲੇ ਹੋਰ ਵੀ ਕਈਆਂ ਨੂੰ ਭਾਵੁਕ ਕਰ ਦਿੱਤਾ। ਨਿਰਮਾਣ ਕਾਰਜਾਂ ਸਮੇਤ ਹੋਰ ਖੇਤਰਾਂ ’ਚ ਮਜਦੂਰ ਵਰਗ ਵਲੋਂ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਅਤੇ ਮਈ ਦਿਹਾੜੇ ਨਾਲ ਸਬੰਧਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਵਰਗ ਦੇ ਕਲਿਆਣ ਲਈ ਕੰਮ ਕੀਤਾ ਜਾ ਰਿਹਾ ਹੈ। ਬਿਨਾਂ ਸ਼ੱਕ ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ ਲੋਕ ਕਲਿਆਣਕਾਰੀ ਯੋਜਨਾਵਾਂ ਮੀਲ ਦਾ ਪੱਥਰ ਸਾਬਿਤ ਹੋ ਰਹੀਆਂ ਹਨ। ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਦੇ ਖੇਤਰ ’ਚ ਮਿਸਾਲ ਕਾਇਮ ਕੀਤੀ ਹੈ। ਮਰਦ-ਔਰਤਾਂ, ਬਜੁਰਗਾਂ, ਨੌਜਵਾਨ ਲੜਕੇ/ਲੜਕੀਆਂ ਅਤੇ ਬੱਚਿਆਂ ਸਮੇਤ ਸਾਰਿਆਂ ਨੂੰ ਸਮਾਜਿਕ ਸੁਰੱਖਿਆ ਦਾ ਫਾਇਦਾ ਮਿਲ ਰਿਹਾ ਹੈ, ਜਿਸ ਕਰਕੇ ਲੋਕਾਂ ’ਚ ਪੰਜਾਬ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਪ੍ਰਤੀ ਭਰੋਸਾ ਵੱਧ ਰਿਹਾ ਹੈ। ਸਮਾਜ ਦੇ ਕਮਜੋਰ ਤੇ ਪਿਛੜੇ ਵਰਗ ਨੂੰ ਅਗਲੀ ਕਤਾਰ ’ਚ ਖੜਾ ਕਰਨ ਵਾਲੀਆਂ ਯੋਜਨਾਵਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਵਿਧਵਾ ਪੈਨਸ਼ਨ ਅਤੇ ਬਜੁਰਗਾਂ ਸਮੇਤ ਕਈ ਅਜਿਹੀਆਂ ਯੋਜਨਾਵਾਂ ਹਨ, ਜੋ ਜੀਵਨ ਦੇ ਮੁਸ਼ਕਿਲ ਸਮੇਂ ’ਚ ਵੀ ਸ਼ਕਤੀ ਪ੍ਰਦਾਨ ਕਰਦੀਆਂ ਹਨ। ਇਸੇ ਤਰਾਂ ਕਮਜੋਰ ਵਰਗ ਦੇ ਲੜਕੇ/ਲੜਕੀਆਂ ਅਤੇ ਬੱਚੇ/ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ’ਚ ਵੀ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਸਹਾਇਕ ਸਿੱਧ ਹੋ ਰਹੀਆਂ ਹਨ। ਹੁਣ ਐੱਸ.ਸੀ./ਬੀ.ਸੀ. ਵਰਗ ਨੂੰ ਸਮੇਂ ਸਿਰ ਪੈਨਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ। ਸਮਾਜਿਕ ਸੁਰੱਖਿਆ ਵਿਭਾਗ ’ਚ ਤਰੱਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਹੁਣ ਆਂਗਣਵਾੜੀ ਕੇਂਦਰਾਂ ਨੂੰ ਉਤਸ਼ਾਹਿਤ ਕਰਨ ਅਤੇ ਵਧੀਆ ਬਣਾਉਣ ’ਤੇ ਸਰਕਾਰ ਦਾ ਜੋਰ ਲੱਗਾ ਹੋਇਆ ਹੈ। ਲਗਭਗ 1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਦੇ ਰੂਪ ਵਿੱਚ ਅਪਗ੍ਰੇਡ ਕਰਕੇ ਉਹਨਾਂ ਦੀਆਂ ਸਹੂਲਤਾਂ ’ਚ ਵਾਧਾ ਕੀਤਾ ਗਿਆ। ਹੁਣ ਅੱਖਾਂ ਤੋਂ ਵਾਂਝੇ ਅਰਥਾਤ ਦਿ੍ਸ਼ਟੀਹੀਣ ਦਿਵਿਆਂਗਾਂ ਦੇ ਨਾਲ ਸਫਰ ਕਰਨ ਵਾਲੇ ਸਹਾਇਕਾਂ ਨੂੰ ਵੀ ਸਰਕਾਰੀ ਬੱਸਾਂ ਵਿੱਚ ਕਿਰਾਏ ਤੋਂ ਛੋਟ ਦੇਣ ਦੀ ਵਿਵਸਥਾ ਹੈ।
Leave a Comment
Your email address will not be published. Required fields are marked with *