ਰਾਮਾਨੁਜਾਚਾਰੀਆ ਪ੍ਰਾਚੀਨ ਕਾਲ ਵਿੱਚ ਇੱਕ ਪ੍ਰਸਿੱਧ ਵਿਦਵਾਨ ਸਨ। ਉਨ੍ਹਾਂ ਦਾ ਜਨਮ ਮਦਰਾਸ ਦੇ ਨੇੜੇ ਪੇਰੂਬਦੂਰ ਪਿੰਡ ਵਿੱਚ ਹੋਇਆ। ਬਚਪਨ ਵਿੱਚ ਉਨ੍ਹਾਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ। ਰਾਮਾਨੁਜ ਦੇ ਗੁਰੂ ਨੇ ਬੜੇ ਪਿਆਰ ਨਾਲ ਸਿੱਖਿਆ ਦਿੱਤੀ। ਪੜ੍ਹਾਈ ਖਤਮ ਹੋਣ ਤੇ ਗੁਰੂ ਨੇ ਕਿਹਾ – “ਪੁੱਤਰ, ਮੈਂ ਤੈਨੂੰ ਇੱਕ ਮੰਤਰ ਦੱਸਦਾ ਹਾਂ। ਇਸ ਮੰਤਰ ਦੇ ਸੁਣਨ ਨਾਲ ਸਵਰਗਲੋਕ ਦੀ ਪ੍ਰਾਪਤੀ ਹੁੰਦੀ ਹੈ।” ਰਾਮਾਨੁਜ ਨੇ ਬੜੀ ਸ਼ਰਧਾ ਨਾਲ ਸਿੱਖਿਆ ਲਈ। ਉਹ ਮੰਤਰ ਸੀ- “ਓਮ ਨਮੋ ਨਾਰਾਇਣਯ:” ਆਸ਼ਰਮ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਚਿਤਾਵਨੀ ਦਿੱਤੀ ਕਿ ਇਹ ਮੰਤਰ ਕਿਸੇ ਅਯੋਗ ਬੰਦੇ ਦੇ ਕੰਨਾਂ ਵਿੱਚ ਨਾ ਪਵੇ।” ਰਾਮਾਨੁਜ ਨੇ ਸੋਚਿਆ – ਇਸ ਮੰਤਰ ਦੀ ਸ਼ਕਤੀ ਕਿੰਨੀ ਵੱਡੀ ਹੈ। ਜੇ ਇਸਨੂੰ ਸਿਰਫ਼ ਸੁਣਨ ਨਾਲ ਹੀ ਸਵਰਗ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਕਿਉਂ ਨਾ ਮੈਂ ਸਾਰਿਆਂ ਨੂੰ ਇਹ ਮੰਤਰ ਸਿਖਾ ਦਿਆਂ! ਉਨ੍ਹਾਂ ਨੇ ਸਮੁੱਚੇ ਰਾਜ ਵਿੱਚ ਉਕਤ ਮੰਤਰ ਦਾ ਜਾਪ ਸ਼ੁਰੂ ਕਰਵਾ ਦਿੱਤਾ। ਸਾਰੇ ਜਣੇ ਉਸ ਮੰਤਰ ਦਾ ਜਾਪ ਕਰਨ ਲੱਗੇ। ਗੁਰੂ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੜਾ ਗੁੱਸਾ ਆਇਆ। ਰਾਮਾਨੁਜ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਉੱਤਰ ਦਿੱਤਾ – “ਗੁਰੂ ਜੀ, ਇਸ ਮੰਤਰ ਦੇ ਜਾਪ ਨਾਲ ਸਾਰੇ ਸਵਰਗ ਨੂੰ ਚਲੇ ਜਾਣਗੇ। ਸਿਰਫ਼ ਮੈਂ ਹੀ ਨਹੀਂ ਜਾ ਸਕਾਂਗਾ, ਕਿਉਂਕਿ ਮੈਂ ਤੁਹਾਡੀ ਆਗਿਆ ਦਾ ਪਾਲਣ ਨਹੀਂ ਕੀਤਾ। ਸਿਰਫ਼ ਮੈਂ ਹੀ ਨਰਕ ਵਿੱਚ ਜਾਵਾਂਗਾ। ਜੇ ਮੇਰੇ ਨਰਕ ਵਿੱਚ ਜਾਣ ਨਾਲ ਸਭ ਨੂੰ ਸਵਰਗ ਮਿਲਦਾ ਹੈ ਤਾਂ ਇਸ ਵਿੱਚ ਕੀ ਨੁਕਸਾਨ ਹੈ!” ਗੁਰੂ ਜੀ ਨੇ ਸ਼ਿਸ਼ ਦਾ ਜਵਾਬ ਸੁਣ ਕੇ ਉਹਨੂੰ ਗਲੇ ਲਾ ਲਿਆ ਅਤੇ ਬੋਲੇ – “ਪੁੱਤਰ, ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਤੂੰ ਨਰਕ ਕਿਵੇਂ ਜਾ ਸਕਦਾ ਹੈਂ। ਸਾਰਿਆਂ ਦਾ ਭਲਾ ਸੋਚਣ ਵਾਲਾ ਸਦਾ ਹੀ ਸੁਖੀ ਰਹਿੰਦਾ ਹੈ। ਤੂੰ ਸੱਚੇ ਅਰਥਾਂ ਵਿੱਚ ਆਚਾਰੀਆ ਹੈਂ!” ਰਾਮਾਨੁਜ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕ ਗਏ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)
Leave a Comment
Your email address will not be published. Required fields are marked with *