ਮਨੁੱਖਾਂ ਦਾ ਸੱਪਾਂ ਪ੍ਰਤੀ ਨਜਰੀਆ ਬਦਲਣ ਦੀ ਲੋੜ : ਜੋਗਾ ਸਿੰਘ ਕਾਹਲੋ
ਅਸੀਂ ਜਦੋਂ ਵੀ ਕਿਸੇ ਸੱਪ ਨੂੰ ਦੇਖਦੇ ਹਾਂ ਤਾਂ ਉਸ ਨੂੰ ਮਾਰਨ ਵਾਸਤੇ ਤੁਰਤ ਕੋਈ ਸੋਟੀ ਜਾਂ ਇੱਟ-ਪੱਥਰ ਚੁੱਕ ਕੇ ਮਾਰਦੇ ਹਾਂ ਅਤੇ ਬਹੁਤੀ ਵਾਰ ਤਾਂ ਅਸੀ ਉਸ ਨੂੰ ਮਾਰ ਹੀ ਦਿੰਦੇ ਹਾਂ। ਸੱਪ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ ਹੁੰਦਾ ਸਗੋਂ ਸੱਪ ਸਾਨੂੰ ਦੇਖ ਕੇ ਡਰ ਦਾ ਮਾਰਿਆ ਜਾਨ ਬਚਾਉਣ ਵਾਸਤੇ ਭੱਜ ਰਿਹਾ ਹੁੰਦਾ ਹੈ ਪਰ ਅਸੀ ਫਿਰ ਵੀ ਉਸ ਨੂੰ ਮਾਰਨ ਕਾਹਲੇ ਹੁੰਦੇ ਹਾਂ। ਸਾਨੂੰ ਕੀ ਹੱਕ ਹੈ ਕਿ ਅਸੀ ਰੱਬ ਦੇ ਜੀਵ ਨੂੰ ਮਾਰ ਕੇ ਉਸ ਦਾ ਜਿਉਣ ਦਾ ਹੱਕ ਖੋਈਏ। ਇਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਜਿੱਥੇ ਇਨਸਾਨ ਆਪਣੇ ਮਤਲਬ ਵਾਸਤੇ ਇਨਸਾਨ ਨੂੰ ਮਾਰਨ ਲੱਗਾ ਇੱਕ ਮਿੰਟ ਵੀ ਨਹੀਂ ਲਾਉਦਾ ਅਜਿਹੀ ਦੁਨੀਆਂ ’ਚ ਜੀਵ-ਜੰਤੂਆਂ ਨੂੰ ਪਿਆਰ ਕਰਨ ਵਾਲਾ ਇੱਕ ਅਜਿਹਾ ਇਨਸਾਨ ਵੀ ਰਹਿ ਰਿਹਾ ਹੈ, ਜਿਸ ਨੂੰ ਸੱਪਾਂ ਦਾ ਮਸੀਹਾ ਵੀ ਕਹਿ ਲਿਆ ਜਾਵੇ ਤਾਂ ਕੋਈ ਗਲਤ ਨਹੀ ਹੋਵੇਗਾ, ਕਿਉਕਿ ਉਹ ਇਨਸਾਨ ਹੁਣ ਤੱਕ ਸੈਕੜੇ ਸੱਪਾਂ, ਅਜਗਰਾਂ ਅਤੇ ਹੋਰ ਜਹਿਰੀਲੇ ਜੀਵ ਜੰਤੂਆਂ ਦੀਆਂ ਜਾਨਾਂ ਇਨਾਂ ਬੇਕਦਰੇ ਮਨੁੱਖਾਂ ਤੋਂ ਬਚਾ ਚੁੱਕਾ ਹੈ। ਉਸ ਇਨਸਾਨ ਦਾ ਨਾਮ ਹੈ ਜੋਗਾ ਸਿੰਘ ਕਾਹਲੋਂ। ਜੋ ਕਿ ਇਤਿਹਾਸਕ ਗੁਰਦੁਆਰਾ ‘ਗੁਰੂ ਕਾ ਤਾਲ’ ਆਗਰਾ ਵਿਖੇ ਪਿਛਲੇ 30 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰਹਿ ਕੇ ਜਿੱਥੇ ਗੁਰੂ ਘਰ ਵਿਖੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਉੱਥੇ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿ੍ਰਪਾ ਦੇ ਨਾਲ ਜੀਵ ਜੰਤੂਆਂ ਦੀ ਰਖਵਾਲੀ ਲਈ ਨਿਸਵਾਰਥ ਸੇਵਾ ਨਿਭਾ ਰਿਹਾ ਹੈ। ਇਸ ਕਾਰਜ਼ ਵਾਸਤੇ ਉਸ ਨੂੰ ਹੁਣ ਤੱਕ ਸਰਕਾਰੀ, ਗੈਰ ਸਰਕਾਰੀ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਸ ਨਾਲ ਸੱਪਾਂ ਅਤੇ ਮਨੁੱਖਾਂ ਦੀ ਦੁਸ਼ਮਣੀ ਅਤੇ ਜਹਿਰੀਲੇ ਸੱਪਾਂ, ਅਜਗਰਾਂ ਨੂੰ ਫੜਨ ਵਰਗੇ ਖਤਰਨਾਕ ਕੰਮ ਕਰਨ ਬਾਰੇ ਕੀਤੀ ਗੱਲਬਾਤ ਦੇ ਅੰਸ਼ ਪਾਠਕਾਂ ਦੇ ਸਨਮੁੱਖ ਕਰ ਰਿਹਾ ਹਾਂ।
ਸਵਾਲ-ਕਾਹਲੋਂ ਸਾਹਿਬ ਜੀ ਤੁਸੀ ਇਹ ਕੰਮ ਕਰਨਾ ਕਿਸ ਤੋਂ ਸਿੱਖਿਆ?
ਜਵਾਬ :- ਬਚਪਨ ਵਿੱਚ ਮੈਂ ਵੀ ਸੱਪਾਂ ਆਦਿ ਜਹਿਰੀਲੇ ਜੀਵਾਂ ਤੋਂ ਬਹੁਤ ਡਰਦਾ ਸੀ। ਜਦੋਂ ਵੀ ਕਿਸੇ ਅਜਿਹੇ ਜੀਵ ਨੂੰ ਦੇਖਣਾ ਤਾਂ ਰੌਲਾ ਪਾ ਦੇਣਾ ਘਰਦਿਆਂ ਨੇ ਤੁਰੰਤ ਉਸ ਨੂੰ ਮਾਰ ਦੇਣਾ। ਇੱਕ ਵਾਰ ਉਸ ਨੇ ਕਿਸੇ ਨੂੰ ਹੱਥਾਂ ਨਾਲ ਹੀ ਸੱਪ ਨੂੰ ਫੜਦੇ ਹੋਏ ਦੇਖਿਆ ਤਾਂ ਉਸ ਦਾ ਡਰ ਵੀ ਦੂਰ ਹੋ ਗਿਆ। ਜਦੋਂ ਉਸ ਨੌਜਵਾਨ ਨੇ ਦੱਸਿਆ ਕਿ ਸਾਰੇ ਸੱਪ ਜਹਿਰੀਲੇ ਨਹੀ ਹੁੰਦੇ ਅਤੇ ਇਨਾਂ ਨੂੰ ਮਾਰਨਾਂ ਪਾਪ ਹੈ ਇਸ ਗੱਲ ਨੇ ਮੈਨੂੰ ਵੀ ਪ੍ਰੇਰਨਾ ਦਿੱਤੀ ਅਤੇ ਮੈਂ ਮਨ ਵਿੱਚ ਧਾਰ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਇਨਾਂ ਜੀਵਾਂ ਨੂੰ ਨਹੀ ਮਾਰਾਂਗਾ ਬਲਕਿ ਇਨਾਂ ਨੂੰ ਬਚਾਉਣ ਵਾਸਤੇ ਕੰਮ ਕਰਾਂਗਾਂ।
ਸਵਾਲ-ਜੋਗਾ ਸਿੰਘ ਜੀ ਕੀ ਸਾਰੇ ਹੀ ਸੱਪ ਜਹਿਰੀਲੇ ਹੁੰਦੇ ਹਨ?
ਉੱਤਰ :- ਨਹੀਂ ਜੀ, ਸਾਰੇ ਸੱਪ ਜਹਿਰੀਲੇ ਨਹੀਂ ਹੁੰਦੇ। ਭਾਰਤ ਵਿੱਚ ਗਿਣਤੀ ਦੀਆਂ ਕਿਸਮਾਂ ਹੀ ਹੁੰਦੀਆਂ ਹਨ ਜੋ ਜਹਿਰੀਲੀਆਂ ਹਨ। ਦੁਨੀਆਂ ’ਚ ਸੱਪਾਂ ਦੀਆਂ ਕਰੀਬ 3000 ਜਾਤੀਆਂ ਪਾਈਆਂ ਜਾਂਦੀਆਂ ਹਨ ਜਿੰਨਾਂ ਵਿੱਚੋਂ ਸਿਰਫ 15 ਕਿਸਮਾਂ ਦੀਆਂ ਜਾਤੀਆਂ ਦੇ ਸੱਪ ਹੀ ਜਹਿਰੀਲੇ ਹੁੰਦੇ ਹਨ। ਭਾਰਤ ਵਿੱਚ 270 ਦੇ ਕਰੀਬ ਕਿਸਮਾਂ ਦੇ ਸੱਪ ਹਨ।ਬਹੁਤੇ ਸੱਪ ਤਾਂ ਸਾਡੇ ਲਈ ਮੱਦਦਗਾਰ ਵੀ ਬਣਦੇ ਹਨ। ਕਿਉਂਕਿ ਉਹ ਚੂਹੇ ਆਦਿ ਨੂੰ ਮਾਰ ਕੇ ਖਾਂਦੇ ਹਨ ਜੋ ਸਾਡੀਆਂ ਫਸਲਾਂ/ਘਰਾਂ/ਦੁਕਾਨਾਂ ਦਾ ਨੁਕਸਾਨ ਕਰਦੇ ਹਨ।
ਸਵਾਲ :- ਜੇ ਸਾਰੇ ਸੱਪ ਜਹਿਰੀਲੇ ਨਹੀਂ ਫਿਰ ਮਨੁੱਖ ਸੱਪਾਂ ਦੇ ਦੁਸ਼ਮਣ ਕਿਉ ਬਣੇ?
ਜਵਾਬ :- ਮਨੁੱਖ ਦੀ ਸੱਪਾਂ ਨਾਲ ਦੁਸ਼ਮਣੀ ਕੋਈ ਨਵੀਂ ਨਹੀਂ ਹੈ ਇਹ ਤਾਂ ਆਦਿ ਕਾਲ ਤੋਂ ਹੀ ਚੱਲੀ ਆ ਰਹੀ ਹੈ। ਇਸ ਦਾ ਕਾਰਨ ਹੈ ਸੱਪ ਦੇ ਕੱਟਣ ਨਾਲ ਮਨੁੱਖਾਂ ਦੀ ਮੌਤ। ਬਹੁਤੇ ਮਨੁੱਖਾਂ ਦੀ ਮੌਤ ਸੱਪ ਦੇ ਜਹਿਰ ਨਾਲ ਨਹੀ ਹੁੰਦੀ। ਜਦੋਂ ਕੋਈ ਸੱਪ ਕੱਟਦਾ ਹੈ ਤਾਂ ਅਸੀ ਘਬਰਾ ਜਾਂਦੇ ਹਾਂ ਜਿਸ ਨਾਲ ਇਨਸਾਨ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਅਤੇ ਆਦਮੀ ਦੀ ਮੌਤ ਹੋ ਜਾਂਦੀ ਹੈ। ਜਦੋਂ ਕਿ ਚਾਹੀਦਾ ਇਹ ਹੈ ਕਿ ਸੱਪ ਦੇ ਕੱਟਣ ਦੇ ਤੁਰਤ ਬਾਅਦ ਉਸ ਥਾਂ ਨੂੰ ਦਿਲ ਵਾਲੇ ਪਾਸੇ ਤੋਂ ਕਿਸੇ ਰੱਸੀ ਜਾਂ ਕੱਪੜੇ ਨਾਲ ਘੁੱਟ ਕੇ ਬੰਨ ਦਿੱਤਾ ਜਾਵੇ ਅਤੇ ਸੱਪ ਦੇ ਕੱਟਣ ਵਾਲੀ ਥਾਂ ਦੇ ਨੇੜੇ ਦਿਲ ਵੱਲ ਨੂੰ ਕੋਈ ਕੱਟ ਆਦਿ ਲਾ ਕੇ ਖੂਨ ਨਿਕਲਦਾ ਕੀਤਾ ਜਾਵੇ ਤਾਂ ਜੋ ਉਸ ਦੀ ਜਹਿਰ ਪੂਰੇ ਸਰੀਰ ਵਿੱਚ ਨਾ ਫੈਲੇ। ਇਸ ਤੋਂ ਇਲਾਵਾ ਮਰੀਜ਼ ਨੂੰ ਤੁਰਨ ਜਾਂ ਭੱਜਣ ਤੋਂ ਰੋਕਿਆ ਜਾਵੇ ਅਤੇ ਉਸ ਨੂੰ ਇਲਾਜ਼ ਵਾਸਤੇ ਨੇੜਲੇ ਹਸਪਤਾਲ ਭਰਤੀ ਕੀਤਾ ਜਾਵੇ।ਪਰ ਜਦੋਂ ਕਿਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਾਡੇ ਦਿਲ ਵਿੱਚ ਸੱਪਾਂ ਪ੍ਰਤੀ ਨਫਰਤ ਦਾ ਪੈਦਾ ਹੋਣਾ ਸੁਭਾਵਿਕ ਹੀ ਹੈ।ਬਾਕੀ ਸਾਨੂੰ ਇਹ ਵੀ ਪਹਿਚਾਣ ਨਹੀ ਹੁੰਦੀ ਕਿ ਕਿਹੜਾ ਸੱਪ ਜਹਿਰੀਲਾ ਹੈ ਅਤੇ ਕਿਹੜਾ ਨਹੀਂ ਇਸ ਵਾਸਤੇ ਅਸੀ ਸੱਪ ਨੂੰ ਦੇਖਦੇ ਹੀ ਉਸ ਨੂੰ ਮਾਰਨ ਵਾਸਤੇ ਭੱਜਦੇ ਹਾਂ।
ਸਵਾਲ-ਸੱਪ ਦੀ ਮਨੀ ਜਾਂ ਇੱਛਾਧਾਰੀ ਨਾਗਿਨ ਬਾਰੇ ਤੁਹਾਡਾ ਕੀ ਖਿਆਲ ਹੈ?
ਜਵਾਬ :- ਇਸ ਤਰਾਂ ਦੀ ਕੋਈ ਗੱਲ ਨਹੀ ਹੈ ਇਹ ਗੱਲਾਂ ਸਿਰਫ ਮਨੋਰੰਜਨ ਵਾਸਤੇ ਫਿਲਮਾਂ ਵਿੱਚ ਹੀ ਹੁੰਦੀਆਂ ਹਨ ਜੋ ਸਿਰਫ ਕਾਲਪਨਿਕ ਦੰਦ ਕਥਾਵਾਂ ਹਨ। ਇੰਨ੍ਹਾਂ ਵਿੱਚ ਜਰਾਹ ਜਿੰਨੀ ਵੀ ਸੱਚਾਈ ਨਹੀਂ ਹੈ। ਦੁਨੀਆਂ ਵਿੱਚ ਅੱਜ ਤੱਕ ਕੋਈ ਅਜਿਹਾ ਜੀਵ ਨਹੀਂ ਹੈ ਜੋ ਆਪਣਾ ਰੂਪ ਬਦਲ ਕੇ ਕਿਸੇ ਦੂਸਰੇ ਜੀਵ ਜੰਤੂ ਜਾਂ ਇਨਸਾਨ ਵਿੱਚ ਤਬਦੀਲ ਹੋ ਸਕੇ। ਅੱਜ ਦੇ ਸਾਇੰਸ ਦੀ ਤਰੱਕੀ ਦੇ ਸਮੇ ਵਿੱਚ ਅਜਿਹੀਆਂ ਗੱਲਾਂ ਸਿਰਫ ਹਾਸੋਹੀਣੀਆਂ ਹੀ ਹੋ ਸਕਦੀਆਂ ਹਨ। ਸੱਪ ਵੀ ਹੋਰ ਜੀਵਾਂ ਵਾਂਗ ਜੀਵ ਹੀ ਹੈ। ਇਸ ਦੇ ਸਿਰ ਵਿੱਚ ਮਨੀ ਦਾ ਹੋਣਾ ਕਾਲਪਨਿਕ ਹੀ ਹੈ ਬਾਕੀ ਮਨੀ ਨਾਂ ਦੀ ਕੋਈ ਵੀ ਚੀਜ਼ ਦੁਨੀਆਂ ਵਿੱਚ ਕਿਸੇ ਦੇ ਸਾਹਮਣੇ ਨਹੀ ਆਈ।
ਸਵਾਲ :- ਇੱਕ ਦੰਦ ਕਥਾ ਅਨੁਸਾਰ ਜੇਕਰ ਸੱਪ ਮਾਰਦੇ ਹਾਂ ਤਾਂ ਉੱਥੇ ਬਦਲਾ ਲੈਣ ਵਾਸਤੇ ਉਸ ਦਾ ਸਾਥੀ ਜਰੂਰ ਆਉਦਾ ਹੈ?
ਜਵਾਬ :- ਇਸ ਗੱਲ ਵਿੱਚ ਵੀ ਕੋਈ ਸੱਚਾਈ ਨਹੀ ਹੈ। ਇਹ ਗੱਲਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਤੁਰੀਆਂ ਆ ਰਹੀਆਂ ਹਨ ਪਰ ਇਸ ਪਿੱਛੇ ਇੱਕ ਤਰਕ ਜਰੂਰ ਹੈ। ਜਦੋਂ ਕਿਤੇ ਸਾਡੇ ਘਰਾਂ ਵਿੱਚ ਸੱਪ ਆਦਿ ਕੋਈ ਜੀਵ ਜੰਤੂ ਆ ਜਾਂਦਾ ਹੈ ਤਾਂ ਅਸੀ ਉਸ ਨੂੰ ਮਾਰ ਦਿੰਦੇ ਹਾਂ ਉਸ ਸਮੇ ਉਸ ਦਾ ਮਲ ਮੂਤਰ ਨਿਕਲਦਾ ਹੈ ਜੋ ਕਿ ਮਿੱਟੀ ਆਦਿ ਵਿੱਚ ਰਲ ਜਾਂਦਾ ਹੈ। ਉਸ ਦਾ ਅਸਰ ਕਈ ਸਾਲਾਂ ਤੱਕ ਮਿੱਟੀ ਵਿੱਚ ਰਹਿੰਦਾ ਹੈ ਜਦੋਂ ਕਿਤੇ ਉਸ ਜਗਾ੍ਹ ਦੇ ਨੇੜੇ ਤੇੜੇ ਕੋਈ ਹੋਰ ਸੱਪ ਗੁਜਰਦਾ ਹੈ ਤਾਂ ਉਸ ਨੂੰ ਉਸ ਦੀ ਸੁਗੰਧ ਮਿਲਦੀ ਹੈ ਤਾਂ ਉਹ ਅਕਰਸਤਿ ਹੋ ਕੇ ਉਸ ਥਾਂ ਤੇ ਪਹੁੰਚ ਜਾਂਦਾ ਹੈ ਸਾਨੂੰ ਲਗਦਾ ਹੈ ਕਿ ਇਹ ਉਸ ਦਾ ਸਾਥੀ ਹੈ।
ਸਵਾਲ-ਹੁਣ ਤੱਕ ਕਿੰਨੇ ਕੁ ਸੱਪਾਂ ਜਾਂ ਜਨਵਰਾਂ ਨੂੰ ਬਚਾ ਚੁੱਕੇ ਹੋ?
ਜਵਾਬ :- ਗਿਣਤੀ ਤਾਂ ਕੋਈ ਨਹੀ ਪਰ ਪਿਛਲੇ 10-12 ਸਾਲਾਂ ਦੌਰਾਨ ਹਜਾਰਾਂ ਸੱਪ, ਗੋਹ, ਚੰਨਣਘੀਰੀ, ਬਿੱਛੂ, ਅਜਗਰ, ਕੋਬਰਾ, ਵਾਈਪਰ, ਇੰਡੀਅਨ ਪਾਈਥਨ ਆਦਿ ਜੀਵਾਂ ਨੂੰ ਪਕੜ ਕੇ ਮਨੁੱਖੀ ਬਸਤੀ ਤੋਂ ਜੰਗਲ ਆਦਿ ਵਿੱਚ ਛੱਡਿਆ ਗਿਆ ਹੈ।
ਸਵਾਲ :- ਜੋਗਾ ਸਿੰਘ ਜੀ ਅਗਾਰਾ ਵਿੱਚ ਸੱਪ ਕਿਉ ਜਿਆਦਾ ਹਨ?
ਜਵਾਬ :- ਆਗਰਾ ਸਹਿਰ ਦੇ ਆਲੇ ਦੁਆਲੇ ਕਾਫੀ ਜੰਗਲੀ ਅਤੇ ਬੇਅਬਾਦ ਇਲਾਕਾ ਪਿਆ ਹੈ। ਇਸ ਤੋਂ ਇਲਾਵਾ ਇਸ ਦੇ ਕੋਲ ਦੀ ਜਮਨਾ ਨਦੀ ਵੀ ਲੰਘਦੀ ਹੈ। ਜਿਸ ਦੇ ਕਾਰਨ ਇਸ ਇਲਾਕੇ ਵਿੱਚ ਸੱਪ ਅਤੇ ਜਹਿਰੀਲੇ ਜੀਵ ਕਾਫੀ ਮਾਤਾਰ ਵਿੱਚ ਪਾਏ ਜਾਂਦੇ ਹਨ। ਕਈ ਵਾਰ ਇਹ ਜੀਵ ਭਟਕ ਕੇ ਮਨੁੱਖੀ ਬਸਤੀ ’ਚ ਆ ਜਾਂਦੇ ਹਨ ਅਤੇ ਮਨੁੱਖਾਂ ਤੋਂ ਡਰ ਕੇ ਆਪਣੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਭੱਜਦੇ ਹਨ। ਭੱਜਦੇ ਸਮੇਂ ਉਨਾਂ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੁੰਦਾ ਹੈ ਅਤੇ ਉਹ ਸਾਹਮਣੇ ਆਏ ਇਨਸਾਫ ਨੂੰ ਕੱਟ ਵੀ ਜਾਂਦੇ ਹਨ।
ਸਵਾਲ :- ਇਸ ਖਤਰਨਾਕ ਕੰਮ ਵਾਸਤੇ ਕੀ ਕੋਈ ਫੀਸ ਵੀ ਲੈਂਦੇ ਹੋ, ਕੀ ਕੋਈ ਮਾਣ-ਸਨਮਾਨ ਵੀ ਮਿਲਿਆ ਹੈ?
ਜਵਾਬ :- ਮੈਂ ਇਹ ਕੰਮ ਕੋਈ ਰੁਪਏ ਕਮਾਉਣ ਵਾਸਤੇ ਨਹੀ ਕਰਦਾ। ਸ਼੍ਰੀ ਗੁਰੁੂ ਤੇਗ ਬਹਾਦਰ ਸਾਹਿਬ ਦੀ ਪੂਰੀ ਕਿ੍ਰਪਾ ਹੈ। ਰੋਟੀ ਦਾ ਗੁਜਾਰਾ ਵਧੀਆਂ ਚੱਲ ਰਿਹਾ ਹੈ। ਮੇਰਾ ਤਾਂ ਕੁਦਰਤੀ ਪ੍ਰਕਿ੍ਰਤੀ ਅਤੇ ਜੀਵ ਜੰਤੂਆਂ ਨਾਲ ਬਹੁਤ ਲਗਾਓ ਹੈ ਮੈਂ ਤਾਂ ਉਨਾਂ ਦੀ ਜਾਨ ਬਚਾਉਣ ਅਤੇ ਇਨਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਇਸ ਲਈ ਨਿਰਸਵਾਰਥ ਸੇਵਾ ਕਰ ਰਿਹਾ ਹਾਂ। ਰਹੀ ਗੱਲ ਸਨਮਾਨ ਦੀ ਉਹ ਤਾਂ ਗੁਰੂ ਸਾਹਿਬ ਨੇ ਬਹੁਤ ਦਿੱਤਾ ਹੈ। ਇਸ ਤੋਂ ਇਲਾਵਾ ਡੀ.ਸੀ. ਸਾਹਿਬ ਆਗਰਾ ਨੇ ਯੂ.ਪੀ. ਸਰਕਾਰ ਵੱਲੋਂ ਅਤੇ ਇਲਾਕੇ ਦੀਆਂ ਸਮਾਜ ਸੇਵੀ ਕਲੱਬਾਂ, ਦੋਸਤਾਂ-ਮੱਤਰਾਂ, ਪੰਚਾਇਤਾਂ ਵੱਲੋਂ ਬਹੁਤ ਮਾਣ ਸਨਮਾਨ ਮਿਲਿਆ ਹੈ ਅਤੇ ਮਿਲ ਵੀ ਰਿਹਾ ਹੈ। ਜਿੰਨ੍ਹਾ ਨੂੰ ਸ਼ਬਦਾ ਰਾਹੀ ਬਿਆਨ ਨਹੀ ਕੀਤਾ ਜਾਂ ਸਕਦਾ।
ਸਵਾਲ :- ਕਾਹਲੋਂ ਸਾਹਿਬ ਜੀ ਸੰਗਤਾਂ ਵਾਸਤੇ ਕੋਈ ਸ਼ੰਦੇਸ਼?
ਜਵਾਬ :- ਮੇਰਾ ਇੱਕੋ ਸ਼ੰਦੇਸ਼ ਹੈ ਸਮੂਹ ਸੰਗਤਾਂ ਨੂੰ “ਜਿਨ ਪ੍ਰੇਮ ਕੀਓੁ ਤਿੰਨ ਹੀ ਪ੍ਰਭੁ ਪਾਇਓੁ” ਦੇ ਗੁਰੂ ਦੇ ਸਿਧਾਂਤ ਤੇ ਚੱਲਦੇ ਹੋਏ ਕਿਸੇ ਵੀ ਜੀਵ ਜੰਤੂ ਤੋਂ ਉਸ ਦਾ ਜਿਉਣ ਦਾ ਹੱਕ ਨਾ ਖੋਵੋ। ਇਸ ਧਰਤੀ ਤੇ ਜੋ ਵੀ ਇਨਸਾਨ ਜਾਂ ਜੀਵ ਜੰਤੂ ਆਇਆਂ ਹੈ ਉਸ ਨੂੰ ਵੀ ਸਾਡੇ ਵਾਂਗ ਜਿਉਦੇ ਰਹਿਣ ਦਾ ਪੁਰਾ ਹੱਕ ਹੈ। ਸਾਨੂੰ ਕੀ ਅਧਿਕਾਰ ਹੈ ਕਿ ਅਸੀ ਰੱਬ ਦੇ ਭੇਜੇ ਕਿਸੇ ਜੀਵ ਤੋਂ ਜਿਉਦੇ ਰਹਿਣ ਦਾ ਹੱਕ ਖੋਹ ਸਕੀਏ। ਇੱਕ ਗੱਲ ਹੋਰ ਸਾਨੂੰ ਸਾਰਿਆਂ ਨੂੰ ਸੱਪਾਂ ਅਤੇ ਜਹਿਰੀਲੇ ਜੀਵਾਂ ਬਾਰੇ ਪੂਰੀ ਜਾਣਕਾਰੀ ਜਰੂਰ ਹੋਣੀ ਚਾਹੀਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਜੀਵ ਜ਼ਹਿਰੀਲਾ ਹੈ ਅਤੇ ਕਿਹੜਾ ਨਹੀ। ਕਿਹੜਾ ਜੀਵ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕਿਹੜਾ ਨਹੀ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਦਾ ਭਾਰਤ ਸਰਕਾਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਕਾਰਜ ਭਾਰ ਸੰਭਾਲ ਚੁੱਕੀ ਸ਼੍ਰੀਮਤੀ ਮੇਨਕਾ ਗਾਂਧੀ ਜੀ ਜੋ ਕਿ ਪਸ਼ੂ (ਜਾਨਵਰ) ਪ੍ਰੇਮੀ ਇੱਕ ਐਨ.ਜੀ.ਓ. ਵੀ ਚਲਾ ਰਹੇ ਹਨ। ਉਹਨਾਂ ਦਾ ਵੀ ਕਹਿਣਾ ਹੈ ਕਿ ਜਿਵੇ: ਭਗਵਾਨ ਨੇ ਇਨਸਾਨ ਨੂੰ ਜੀਵਨ ਦੇ ਕੇ ਸੰਸਾਰ ਤੇ ਭੇਜਿਆ ਹੈ ਇਸੇ ਤਰਾਂ ਹੀ ਜਾਨਵਰਾਂ ਆਦਿ (ਬੇਸ਼ੱਕ ਉਹ ਸੱਪ ਹੀ ਕਿਉ ਨਾ ਹੋਵੇ) ਨੂੰ ਵੀ ਜੀਵਨ ਬਖਸ਼ਿਆ ਹੈ। ਸਾਨੂੰ ਕੋਈ ਹੱਕ ਨਹੀ ਕਿ ਅਸੀ ਬਿਨਾਂ ਕਾਰਨ ਕਿਸੇ ਜੀਵ ਨੂੰ ਮਾਰੀਏ। ਉਨਾਂ ਦਾ ਕਹਿਣਾ ਹੈ ਕਿ ਜੀਵ ਹੱਤਿਆ ਵੀ ਕਾਨੂੰਨਨ ਅਪਰਾਧ ਹੈ। ਜੀਵ-ਜੰਤੂਆਂ ਦੀ ਰੱਖਿਆਂ ਵਾਸਤੇ ਵੱਖ ਵੱਖ ਤਰਾਂ ਦੇ ਕਾਨੂੰਨ ਬਣੇ ਹੋਏ ਹਨ। ਸਾਨੂੰ ਉਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੀਵ ਜੰਤੂਆਂ ਨੂੰ ਵੀ ਆਪਣੇ ਬੱਚਿਆਂ ਦੀ ਤਰਾਂ ਪਿਆਰ ਕਰਨਾ ਚਾਹੀਦਾ ਹੈ।
ਪੇਸ਼ਕਸ਼ :- ਰਾਜਵੀਰ ਸਿੰਘ ਭਲੂਰੀਆ
ਮੋਬਾਇਲ ਨੰਬਰ 75086 51725
Leave a Comment
Your email address will not be published. Required fields are marked with *