ਮਾਮਲੇ ’ਚ ਸ਼ਾਮਲ ਕਰਮਚਾਰੀਆਂ ਤੇ ਕਬਾੜ ਖਰੀਦਣ ਵਾਲੇ ਵਪਾਰੀ ਖਿਲਾਫ ਵੀ ਕਾਰਵਾਈ ਸ਼ੁਰੂ
ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪੀ.ਐੱਸ.ਪੀ.ਸੀ.ਐੱਲ.) ਦੇ ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਦਫਤਰ ਦੇ ਕੇਂਦਰੀ ਸਟੋਰ ਵਿੱਚੋਂ ਕਬਾੜ ਦੀ ਵਿੱਕਰੀ ਦੌਰਾਨ ਹੇਰਾਫੇਰੀ ਕਰਨ ਦੀ ਕੌਸ਼ਿਸ਼ ਕਰਨ ਵਾਲੇ ਐਕਸੀਅਨ, ਜੇ.ਈ. ਅਤੇ ਸਟੋਰ ਕੀਪਰ ਨੂੰ ਮੁਅੱਤਲ ਕੀਤਾ ਗਿਆ ਹੈ, ਜਦਕਿ ਉਕਤ ਮਾਮਲੇ ਵਿੱਚ ਸ਼ਾਮਲ ਕਰਮਚਾਰੀਆਂ ਅਤੇ ਕਬਾੜ ਖਰੀਦਣ ਵਾਲੇ ਵਪਾਰੀ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਮੁਤਾਬਿਕ ਪੀ.ਐੱਸ.ਪੀ.ਸੀ.ਐੱਲ. ਦੀ ਇਨਫੋਰਸਮੈਂਟ ਵਿੰਗ ਅਤੇ ਤਕਨੀਕੀ ਜਾਂਚ ਵਿੰਗ ਦੀਆਂ ਵਲੋਂ ਸਾਂਝੇ ਰੂਪ ਵਿੱਚ 25 ਜੁਲਾਈ ਨੂੰ ਕੇਂਦਰੀ ਭੰਡਾਰ ਕੋਟਕਪੂਰਾ ਤੋਂ ਕਬਾੜ ਵੇਚਣ ਦੇ ਆਦੇਸ਼ ਤਹਿਤ ਚੁੱਕੇ ਗਏ ਸਮਾਨ ਦੀ ਅਚਾਨਕ ਚੈਕਿੰਗ ਕੀਤੀ ਗਈ ਤਾਂ 3 ਵਿੱਚੋਂ 1 ਟਰੱਕ ਵਿੱਚ ਐਲੂਮੀਨੀਅਮ ਕੰਡਕਟਰ ਦੇ ਕਬਾੜ ਦੇ ਹੇਠਾਂ ਨਵਾਂ ਐਲੂਮੀਨੀਅਮ ਰੱਖ ਕੇ ਲਿਜਾਣ ਦੀ ਕੌਸ਼ਿਸ਼ ਕੀਤੀ ਜਾ ਰਹੀ ਸੀ। ਉਹਨਾ ਦੱਸਿਆ ਕਿ ਜਿੰਮੇਵਾਰ ਅਧਿਕਾਰੀਆਂ ਵਿੱਚ ਸ਼ਾਮਲ ਐਕਸੀਅਨ ਬੇਅੰਤ ਸਿੰਘ, ਸਟੋਰ ਇੰਚਾਰਜ ਜੇ.ਈ. ਗੁਰਮੇਲ ਸਿੰਘ ਅਤੇ ਸਟੋਰ ਕੀਪਰ ਨਿਰਮਲ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਉਕਤ ਮਾਮਲੇ ਵਿੱਚ ਸਥਾਨਕ ਸਿਟੀ ਥਾਣੇ ਵਿਖੇ 6 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਬਿਜਲੀ ਮੰਤਰੀ ਵਲੋਂ ਜਿਸ ਐਕਸੀਅਨ ਨੂੰ ਮੁਅੱਤਲ ਕੀਤਾ ਗਿਆ ਹੈ, ਉਸ ਐਕਸੀਅਨ ਦੀ ਸ਼ਿਕਾਇਤ ਦੇ ਆਧਾਰ ’ਤੇ 6 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ। ਐਕਸੀਅਨ ਬੇਅੰਤ ਸਿੰਘ ਦੀ ਸ਼ਿਕਾਇਤ ’ਤੇ ਜੇ.ਈ. ਗੁਰਮੇਲ ਸਿੰਘ, ਸਟੋਰ ਕੀਪਰ ਨਿਰਮਲ ਸਿੰਘ ਸਮੇਤ ਸਕਿਊਰਟੀ ਗਾਰਡ ਪੈਸਕੋ ਮੇਜਰ ਸਿੰਘ, ਜਸਕਰਨ ਸਿੰਘ, ਮਲਕੀਤ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਆਲਮਗੀਰ ਲੁਧਿਆਣਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਤਫਤੀਸ਼ੀ ਅਫਸਰ ਏ.ਐੱਸ.ਆਈ. ਨਗਿੰਦਰ ਸਿੰਘ ਮੁਤਾਬਿਕ ਉਕਤਾਨ ਦੀ ਭਾਲ ਜਾਰੀ ਹੈ ਪਰ ਇਸ ਮਾਮਲੇ ਵਿੱਚ ਅਜੇ ਕੋਈ ਗਿ੍ਰਫਤਾਰੀ ਨਹੀਂ ਹੋਈ।