ਵੇਚਣ ਵਾਲਿਆਂ ਨੂੰ ਚਿਤਾਵਨੀ ਤੇ ਨਸ਼ੇ ਦੇ ਆਦੀਆਂ ਨੂੰ ਨਸ਼ਾ ਛੱਡਣ ਦਾ ਸੱਦਾ : ਭਾਈ ਸੋਸਣ
ਜੀਵਨ ਸਿੰਘ ਨਗਰ ਵਿੱਚ ਚਿੱਟੇ ਨਾਲ ਮਰੇ 55 ਨੌਜਵਾਨਾਂ ਦੀ ਸੂਚੀ ਤਿਆਰ
ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਅੱਗੇ ਤੋਰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਅੱਜ ਸਥਾਨਕ ਜੀਵਨ ਨਗਰ ਵਿੱਚ ਨਸ਼ਿਆਂ ਖਿਲਾਫ਼ ਜੰਗ ਦਾ ਆਗਾਜ਼ ਕੀਤਾ ਗਿਆ। ਭਾਈ ਅੰਮ੍ਰਿਤਪਾਲ ਸਿੰਘ ਦੇ ਅਤਿ-ਨਜਦੀਕੀ ਤੇ ਕੋਟਕਪੂਰੇ ਤੋਂ ਅਕਾਲੀ ਦਲ-ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਰਛਪਾਲ ਸਿੰਘ ਸੋਸਣ ਨੇ ਇਸ ਲੜਾਈ ਦਾ ਬਿਗੁਲ ਵਜਾਉਂਦਿਆਂ ਚਿੱਟਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਤੇ ਚਿੱਟੇ ਤੋਂ ਪੀੜਤ ਪਰਿਵਾਰਾਂ ਨਾਲ ਖੜ੍ਹਨ ਦਾ ਭਰੋਸਾ ਦਿਤਾ। ਉਹਨਾਂ ਕਿਹਾ ਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਦੀ ਟੀਮ ਵੱਲੋੰ ਜੀਵਨ ਸਿੰਘ ਨਗਰ ਵਿਚ ਚਿੱਟਾ ਵੇਚਣ ਵਾਲੇ 14 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਚਿੱਟੇ ਨਾਲ ਮਰ ਚੁੱਕੇ 55 ਨੌਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚਿੱਟੇ ਦੇ ਆਦੀ ਨੌਜਵਾਨਾਂ ਦੀ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਕੌਂਸਲਿੰਗ ਕਰਕੇ ਉਹਨਾਂ ਨੂੰ ਚਿੱਟੇ ਦੇ ਨਰਕ ਵਿੱਚੋਂ ਬਾਹਰ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਚਿੱਟੇ ਦੇ ਆਦੀ ਨੌਜਵਾਨਾਂ ਦੀ ਲਿਸਟ ਵਿੱਚ 100 ਤੋਂ ਵੱਧ ਨੌਜਵਾਨਾਂ ਦੇ ਨਾਂਅ ਸਾਹਮਣੇ ਆ ਚੁੱਕੇ ਹਨ। ਉਹਨਾਂ ਦੱਸਿਆ ਕਿ ਦਰਜਨ ਦੇ ਕਰੀਬ ਨੌਜਵਾਨਾਂ ਦੀਆਂ ਗਲਤ ਤਰੀਕੇ ਨਾਲ ਟੀਕੇ ਲੱਗਣ ਕਰਕੇ ਲੱਤਾਂ ਗਲ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇੱਕ ਨੌਜਵਾਨ ਦਾ ਤਾਂ ਟੀਕੇ ਕਰਕੇ ਗੁਪਤ ਅੰਗ ਵੀ ਕੱਟਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਮੁਹਿੰਮ ਸਾਰੇ ਕੋਟਕਪੂਰਾ ਸ਼ਹਿਰ ਤੇ ਕੋਟਕਪੂਰੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਚਲਾਈ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇਣ।

