ਅਧਿਆਪਕ ਪਿਤਾ ਨੂੰ ਆਪਣੇ ਕਮਰੇ ਵਿੱਚ ਪ੍ਰਤੀਯੋਗੀ ਕਿਤਾਬਾਂ ਦੀ ਫੋਲਾ- ਫਾਲੀ ਕਰਦਿਆਂ ਵੇਖਿਆ ਤਾਂ ਅਰਮਾਨਦੀਪ ਨੇ ਬੜੀ ਹੈਰਾਨੀ ਨਾਲ ਪੁੱਛਿਆ, “ਪਿਤਾ ਜੀ ਪੰਜਾਹ ਸਾਲ ਦੀ ਉਮਰ ਵਿੱਚ ਤੁਸੀਂ ਕਿਹੜੇ ਇਮਤਿਹਾਨ ਦੀ ਤਿਆਰੀ ਕਰਨ ਲੱਗੇ ਹੋ? ਆਪਣੇ ਪੁੱਤਰ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਮਾਸਟਰ ਤਰਸਪਾਲ ਸਿੰਘ ਉਸ ਨੂੰ ਤ੍ਰਿਬਕ ਕੇ ਸਮਝਾਉਣ ਲੱਗਾ ,”ਹੁਣ ਸਾਡੀ ਯੋਗਤਾ ਪਰਖੀ ਜਾਣੀ ਹੈ’, ਇਮਤਿਹਾਨ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।” ਪਿਤਾ ਦੀ ਗੱਲ ਵਿੱਚੋਂ ਟੋਕਦਿਆਂ ਪੁੱਤਰ ਹੈਰਾਨੀ ਭਰੇ ਲਹਿਜੇ ਵਿੱਚ ਬੋਲਿਆ,’ ਪਰ ਤੁਸੀਂ ਆਪਣੇ ਅਧਿਆਪਨ ਦੀਆਂ ਡਿਗਰੀਆਂ ਤੋਂ ਪਹਿਲਾਂ ਵੀ ਤਾਂ ਇਹੋ ਜਿਹੇ ਇਮਤਿਹਾਨ ਪਾਸ ਕਰਕੇ ਹੀ ਨੌਕਰੀ ਵਿੱਚ ਆਏ ਹੋ , ਕੀ ਇੰਨੇ ਲੰਮੇ ਤਜਰਬੇ ਉਪਰੰਤ ਹੁਣ ਤੁਹਾਡੀ ਯੋਗਤਾ ਵਿੱਚ ਕੋਈ ਨਿਘਾਰ ਆ ਗਿਆ ਜਾਂ ਤੁਸੀਂ ਅਧਿਆਪਨ ਦੇ ਯੋਗ ਹੀ ਨਹੀਂ ਰਹੇ? ਇਹ ਤਾਂ ਬੜੀ ਮੰਦਭਾਗੀ ਗੱਲ ਹੈ! ਪਿਤਾ ਜੀ “
ਜੁਆਨ ਪੁੱਤਰ ਦੇ ਸਵਾਲਾਂ ਤੇ ਬਿਆਨਾਂ ਅੱਗੇ ਨਿਰਉੱਤਰ ਹੋਇਆ ਮਾਸਟਰ ਤਰਸਪਾਲ ਸਿੰਘ ਕਿਤਾਬਾਂ ਨੂੁੰ ਪਾਸੇ ਕਰਦਿਆਂ ਆਪਣੀ ਸ਼ੂਗਰ ਦੀ ਦਵਾਈ ਵਾਲਾ ਲਿਫਾਫਾ ਲੱਭਣ ਲੱਗਾ।
ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ
94646- 01001
