
ਸੰਗਰੂਰ, 27 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਤੀਆਂ ਦਾ ਤਿਉਹਾਰ ਸਥਾਨਕ ਅਫ਼ਸਰ ਕਲੋਨੀ ਦੇ ਪਾਰਕ ਵਿਖੇ ਪੂਰੇ ਹਰਸ਼ੋ-ਉਲਾਸ, ਸੱਭਿਅਕ ਸ਼ਾਨੋ-ਸ਼ੌਕਤ ਅਤੇ ਆਪਸੀ ਸਾਂਝ ਦੇ ਪ੍ਰਤੀਕ ਵਜੋਂ ਮਨਾਇਆ ਗਿਆ। ਕਲੋਨੀ ਦੀਆਂ ਮਹਿਲਾਵਾਂ ਵੱਲੋਂ ਕਰਵਾਏ ਗਏ ਇਸ ਰੰਗਾਰੰਗ ਸਮਾਗਮ ਵਿੱਚ ਧੀਆਂ, ਭੈਣਾਂ ਤੇ ਮਾਵਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੰਜਾਬੀ ਵਿਰਸੇ ਨੂੰ ਹੋਰ ਰੰਗੀਨ ਕਰ ਦਿੱਤਾ।
ਸਮਾਗਮ ਦਾ ਆਗਾਜ਼ ਮਹਿਲਾਵਾਂ ਵੱਲੋਂ ਤੀਆਂ ਦੇ ਰਵਾਇਤੀ ਬੋਲੀਆਂ ਤੇ ਸੁਹਾਗ ਗੀਤਾਂ ਨਾਲ ਹੋਇਆ। ਪੂਰੇ ਪਾਰਕ ਨੂੰ ਸਜਾਇਆ ਗਿਆ ਸੀ। ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਵਾਂ ਤੱਕ ਨੇ ਗਿੱਧੇ ਦੀਆਂ ਬੋਲੀਆਂ, ਬੱਲੋ ਅਤੇ ਫੁਲਕਾਰੀ ਦੀ ਖੁਸ਼ਬੂ ਵਾਲੀ ਪੇਸ਼ਕਾਰੀ ਨਾਲ ਮਨੋਰੰਜਨ ਦਾਇਕ ਬਣਾਇਆ।
ਸਮਾਗਮ ਨੂੰ ਹੋਰ ਚਾਰ-ਚੰਨ ਲਾਉਣ ਲਈ ਵਿਸ਼ੇਸ਼ ਡੀ.ਜੇ. ਸਾਊਂਡ ਅਤੇ ਖਾਣ-ਪੀਣ ਦੇ 6 ਵੱਖ-ਵੱਖ ਸਟਾਲਾਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਮਹਿਲਾਵਾਂ ਨੇ ਰਲ-ਮਿਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਤੀਆਂ ਦੀ ਪ੍ਰਬੰਧਕੀ ਟੀਮ (ਮਹਿਲਾਵਾਂ) ਨੇ ਕਿਹਾ ਕਿ ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਔਰਤਾਂ ਦੀ ਇੱਕਜੁੱਟਤਾ, ਮਾਣ ਅਤੇ ਆਪਸੀ ਦੁੱਖ-ਸੁੱਖ ਸਾਂਝਾ ਕਰਨ ਦਾ ਪਵਿੱਤਰ ਮੰਚ ਹੈ।ਵਾਰਡ ਦੇ ਐਮ.ਸੀ. ਸੁਰਿੰਦਰ ਸਿੰਘ ਭਿੰਡਰ ਨੇ ਵਿਸ਼ੇਸ਼ ਤੌਰ ਤੇ ਕਿਹਾ, “ਜਦੋਂ ਤੋਂ ਅਫ਼ਸਰ ਕਲੋਨੀ ਪਾਰਕ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਇੱਥੇ ਤੀਆਂ ਖੁੱਲ੍ਹੇ ਵਿਹੜੇ ਵਿੱਚ ਆਪਣੇ ਪੁਰਾਤਨ ਤੇ ਅਸਲੀ ਸਰੂਪ ਵਿੱਚ ਮਨਾਈਆਂ ਜਾ ਰਹੀਆਂ ਹਨ। ਇਹ ਸਾਡੀਆਂ ਮਹਿਲਾਵਾਂ ਵੱਲੋਂ ਆਪਣੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਣ ਦੀ ਸ਼ਲਾਘਾਯੋਗ ਕੋਸ਼ਿਸ਼ ਹੈ।”
ਪਾਰਕ ਦੇ ਪ੍ਰਧਾਨ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਮਾਸਟਰ ਪਰਮਵੇਦ ਨੇ ਕਿਹਾ ਕਿ ਇਹ ਸਮਾਗਮ ਕੇਵਲ ਮਨੋਰੰਜਨ ਲਈ ਹੀ ਨਹੀਂ, ਸਗੋਂ ਆਪਸੀ ਮੇਲ-ਜੋਲ, ਪਿਆਰ, ਸਾਂਝ ਅਤੇ ਭਾਈਚਾਰਕ ਜਾਣ-ਪਛਾਣ ਨੂੰ ਮਜ਼ਬੂਤ ਕਰਨ ਲਈ ਸੱਭਿਅਕ ਢੰਗ ਨਾਲ ਕਰਵਾਇਆ ਗਿਆ ਹੈ।
ਮਾਸਟਰ ਪਰਮਵੇਦ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਲਈ ਬੀਟੂ ਝੱਜ, ਨਾਜ਼ਰ ਸਿੰਘ, ਮੈਨੇਜਰ ਰਜਿੰਦਰ ਛਾਬੜਾ, ਅਮਰੀਕ ਅਤੇ ਸੁਨੀਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਲਈ ਆਰਥਿਕ ਸਹਿਯੋਗ ਕਰਨ ਲਈ ਪ੍ਰਸ਼ੋਤਮ ਕੁਮਾਰ ਵੇਰਕਾ ਮਿਲਕ ਪਲਾਂਟ ਵਾਲੇ,ਜਗਦੀਸ਼ ਵਾਲੀਆ, ਐਡਵੋਕੇਟ ਕੁਲਦੀਪ ਜੈਨ,ਮਹਾਂਵੀਰ ਪ੍ਰਸਾਦ, ਮੈਨੇਜਰ ਰਜਿੰਦਰ ਛਾਬੜਾ, ਆਤਮਾ ਸਿੰਘ, ਨਾਜ਼ਰ ਸਿੰਘ, ਨਰਿੰਦਰ ਕੁਮਾਰ (ਮਨੀ ਐਕਸਚੇਂਜ), ਸੌਰਵ ਕੋਹਲੀ, ਇਕਬਾਲ ਕੌਰ, ਬਲਜੀਤ ਕੌਰ, ਗੁਰਧਿਆਨ ਸਿੰਘ ਫੌਜੀ ਅਤੇ ਕਿਰਨ ਪੰਧੇਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਅੰਤ ਵਿੱਚ ਐਮ ਸੀ ਸੁਰਿੰਦਰ ਸਿੰਘ ਭਿੰਡਰ ਤੇ ਮਾਸਟਰ ਪਰਮਵੇਦ ਨੇ ਭਰੋਸਾ ਦਿਵਾਇਆ ਕਿ ਰਹਿ ਗਈਆਂ ਕਮੀਆਂ ਖਾਸ ਕਰਕੇ ਲਾਈਟ ਦੇ ਪ੍ਰਬੰਧ ਨੂੰ ਦੂਰ ਕੀਤਾ ਜਾਵੇਗਾ। ਅੰਤ ਵਿੱਚ ਉਨ੍ਹਾਂ ਸਮਾਗਮ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ।

