ਕਿਹਾ! ਸਾਦਿਕ ਲਗਭਗ 50 ਪਿੰਡਾਂ ਅਤੇ ਤਿੰਨ ਜ਼ਿਲਿ੍ਹਆਂ ਲਈ ਇੱਕ ਕੇਂਦਰੀ ਸਥਾਨ ਹੈ
ਕੋਟਕਪੂਰਾ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਅਤੇ ‘ਆਪ’ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਸਾਦਿਕ ਇਲਾਕੇ ਵਿੱਚ ਤੁਰਤ ਫਾਇਰ ਸਟੇਸ਼ਨ ਸਥਾਪਿਤ ਕਰਨ ਦੀ ਮੰਗ ਮੁੱਖ ਮੰਤਰੀ ਅੱਗੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਾਦਿਕ ਲਗਭਗ 50 ਪਿੰਡਾਂ ਅਤੇ ਤਿੰਨ ਜ਼ਿਲਿ੍ਹਆਂ ਲਈ ਇੱਕ ਕੇਂਦਰੀ ਸਥਾਨ ਹੈ ਪਰ ਇੱਥੇ ਅਜੇ ਤੱਕ ਫਾਇਰਬ੍ਰਿਗੇਡ ਦੀ ਕੋਈ ਸਹੂਲਤ ਮੌਜੂਦ ਨਹੀਂ। ਹਰ ਸਾਲ ਕਣਕਾਂ ਦੇ ਪੱਕਣ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੇਲਣਾ ਪੈਂਦਾ ਹੈ। ਅਰਸ਼ ਸੱਚਰ ਨੇ ਦੱਸਿਆ ਕਿ ਅੱਗ ਲੱਗਣ ਦੀ ਸਥਿਤੀ ਵਿੱਚ ਫਰੀਦਕੋਟ ਤੋਂ ਫਾਇਰਬ੍ਰਿਗੇਡ ਨੂੰ ਸਾਦਿਕ ਤੱਕ ਪਹੁੰਚਣ ਵਿੱਚ ਲਗਭਗ 25 ਕਿਲੋਮੀਟਰ ਦੀ ਦੂਰੀ ਅਤੇ ਟ੍ਰੈਫਿਕ ਕਾਰਨ ਕਾਫੀ ਸਮਾਂ ਲੱਗ ਜਾਂਦਾ ਹੈ, ਜਿਸ ਨਾਲ ਅੱਗ ’ਤੇ ਕਾਬੂ ਪਾਉਣ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਨੁਕਸਾਨ ਵੱਧ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਣਕਾਂ ਦੀ ਕਟਾਈ ਦੇ ਮੌਸਮ ਨੂੰ ਦੇਖਦਿਆਂ ਤੁਰਤ ਤੌਰ ’ਤੇ ਸਾਦਿਕ ਵਿੱਚ ਘੱਟੋ-ਘੱਟ 2 ਫਾਇਰਬ੍ਰਿਗੇਡ ਵਾਹਨ ਤਾਇਨਾਤ ਕੀਤੇ ਜਾਣ ਅਤੇ ਭਵਿੱਖ ਲਈ ਇੱਥੇ ਪੱਕਾ ਫਾਇਰ ਸਟੇਸ਼ਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਸਹੂਲਤ ਦਾ ਨਹੀਂ, ਸਗੋਂ ਲੋਕਾਂ ਦੀ ਜਾਨ, ਕਿਸਾਨਾਂ ਦੀ ਮਿਹਨਤ ਅਤੇ ਪੂਰੇ ਖੇਤਰ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਸਮੇਂ ਸਿਰ ਫੈਸਲਾ ਲੈ ਕੇ ਸਰਕਾਰ ਵੱਡੇ ਨੁਕਸਾਨ ਨੂੰ ਰੋਕ ਸਕਦੀ ਹੈ। ਅੰਤ ਵਿੱਚ ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਜਨਹਿੱਤ ਮਾਮਲੇ ਵਿੱਚ ਤੁਰਤ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

