ਜਦੋਂ ਦੀ ਮੈ ਸੁਰਤ ਸੰਭਾਲੀ ਐ, ਇਕ ਗੀਤ ਅਕਸਰ ਹੀ ਗੁਣਗੁਨਾਉਂਦਾ ਰਹਿਣਾਂ
"ਦੁੱਧ ਨੂੰ ਮਧਾਣੀ ਪੁੱਛਦੀ
ਰਾਤੀ ਜਾਗ ਹੰਝੂਆਂ ਦਾ ਕੀਹਨੇ ਲਾਇਆ"
ਮੈਂ ਇਕੱਲਾ ਨਹੀਂ ਤੁਸੀਂ ਵੀ ਗੁਣਗੁਨਾਉਂਦੇ ਫਿਰੋਗੇ ਜਦੋਂ ਇਸ ਗੀਤ ਦੇ ਅੰਤਰੇ ਸੁਣੋਗੇ
” ਦੁੱਧ ਨਾਲ ਪਾਣੀ ਦਾ ਪਿਆਰ ਸੱਚਾ ਦੇਖਿਆ
ਯਾਰੀ ਤੋਂ ਮਿਟਣ ਵਾਲਾ ਯਾਰ ਸੱਚਾ ਦੇਖਿਆ
ਪਹਿਲਾਂ ਆਪ ਸੜਿਆ ਤੇ ਫੇਰ ਤੈਨੂੰ ਸੇਕ ਲੱਗਾ
ਦੱਸ ਤੂੰ ਕੀ ਕਦਰ ਉਹਦਾ ਪਾਇਆ
ਦੁੱਧ ਨੂੰ ਮਧਾਣੀ ਪੁੱਛਦੀ
ਰਾਤੀ ਜਾਗ ਹੰਝੂਆਂ ਦਾ ਕੀਹਨੇ ਲਾਇਆ”
ਪੰਜਾਬ ਦੇ ਸਿਰਮੌਰ ਸ਼ਾਇਰ ਜਨਾਬ ‘ਚਰਨ ਸਿੰਘ ਸਫਰੀ ‘ ਦੇ ਇਸ ਗੀਤ ਨੂੰ ਗਾਇਆ ਸੀ ਅਲਬੇਲੇ ਗਾਇਕ “ਭਾਨ ਸਿੰਘ ਮਾਹੀ ” ਨੇ
ਭਾਨ ਸਿੰਘ 1 ਜਨਵਰੀ 1940 ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਲਾਣਾ ਵਿੱਚ ਪਿਤਾ ਸ੍ਰ ਕਰਤਾਰ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਪੈਦਾ ਹੋਇਆ
ਪ੍ਰੀਵਾਰ ਦਾ ਲਗਾਓ ਗੁਰੂਘਰ ਨਾਲ ਸੀ, ਭਾਨ ਸਿੰਘ ਗੁਰੂਘਰ ਜਾਂਦਾ ਕੀਰਤਨ ਸੁਣਦਾ ਹੌਲੀ ਹੌਲੀ ਸ਼ਬਦ ਯਾਦ ਕਰਕੇ ਗਾਉਣ ਲੱਗ ਪਿਆ। ਇਸ ਤਰ੍ਹਾਂ ਗਾਇਕੀ ਦਾ ਸ਼ੌਕ ਪ੍ਰਫੁਲਤ ਹੋਣ ਲੱਗ ਪਿਆ
ਗਾਇਕ ‘ਪਾਲ ਸਿੰਘ ਜੰਡਿਆਲਾ ‘ ਨੂੰ ਉਸਨੇ ਆਪਣਾ ਉਸਤਾਦ ਧਾਰਿਆ ਉਸਤਾਦ ਦੀ ਛਤਰ ਛਾਇਆ ਹੇਠ ਗਾਇਕੀ ਦੇ ਗੁਣ ਸਿੱਖੇ 1959-60 ਵਿੱਚ ਭਾਨ ਸਿੰਘ ਨੇ ਕਲਕੱਤੇ ਦੇ ਬੈਰਕਪੁਰ ਗੁਰੂਘਰ ਵਿਚ ਗ੍ਰੰਥੀ ਵੱਜੋਂ ਸੇਵਾ ਨਿਭਾਈ
1961 ਵਿੱਚ ਵਾਪਸ ਪੰਜਾਬ ਆਕੇ ਜਲੰਧਰ ਰੇਡੀਓ ਤੋਂ ਗਾਉਣਾ ਸ਼ੁਰੂ ਕਰ ਦਿੱਤੇ । ਇਸੇ ਅਰਸੇ ਦੌਰਾਨ ਵਿਸ਼ਵ ਪ੍ਰਸਿੱਧ ਕੰਪਨੀ ਐਚ ਐਮ ਵੀ ਨੇ ਉਸਦੇ ਗੀਤ ਤਵਿਆਂ ਵਿੱਚ ਭਰਨੇ ਸ਼ੁਰੂ ਕਰ ਦਿੱਤੇ। ਜੋ ਪੰਜਾਬ ਦੇ ਪੇਂਡੂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਏ
ਫੁੱਲ ਚਿੜੀਆਂ ਕੰਘੀ ਨਾਲ ਪਾਵੇ
ਚਾਅ ਮੁਕਲਾਵੇ ਦਾ
ਗੋਰੀ ਤੇਲ ਮੁਸ਼ਕਣਾ ਲਾਵੇ
ਚਾਅ ਮੁਕਲਾਵੇ ਦਾ
- ਤੇਲ ਮੁਸ਼ਕਣਾ –
(ਜੀਹਨੂੰ ਹੁਣ ਪ੍ਰਫਿਊਮ ਕਹਿੰਦੇ ਐ)ਸ਼ਹਿਰ ਨੂੰ ਨਾ ਜਾਈਂ ਗੋਰੀਏ ਪੈਰੀਂ ਪਾ ਕੇ ਸਲੀਪਰ ਕਾਲੇ ਜਿਨਸਾਂ ਦਾ ਮੁੱਲ ਦੱਸਣਾ ਭੁੱਲ ਜਾਣਗੇ ਸ਼ਹਿਰ ਦੇ ਲਾਲੇ ਰੰਗ ਜੋਗੀਆ ਟਸਰ ਦਾ ਨਾਲਾ ਗੋਰੀ ਦੇ ਪਸੰਦ ਆ ਗਿਆ ਬੱਲੇ ਰੇਸ਼ਮੀ ਪਰਾਂਦਾ ਕਾਲਾ ਗੋਰੀ ਦੇ ਪਸੰਦ ਆ ਗਿਆ ਵੰਗ ਛਣਕੀ ਵੰਗਾ ਦੇ ਨਾਲ ਵੱਜ ਕੇ ਗੋਰੀ ਨਿੱਕਲੀ ਹਵੇਲੀ ਵਿੱਚੋਂ ਸੱਜ ਕੇ ਤੇ ਮਿੱਤਰਾਂ ਦਾ ਮਨ ਮੋਹ ਲਿਆ
ਸਮੇਤ ਅਨੇਕਾਂ ਹੀ ਗੀਤ ਅੱਜ ਵੀ ਪੁਰਾਣੇ ਸ੍ਰੋਤਿਆਂ ਦੇ ਦਿਲਾਂ ਵਿੱਚ ਧੜਕਦੇ ਹਨ
ਫਿਲਮ ਚੰਬੇ ਦੀ ਕਲੀ ਲਈ ਮੁਹੰਮਦ ਰਫ਼ੀ ਦੇ ਗੀਤ ਵਿੱਚ ਭਾਨ ਸਿੰਘ ਮਾਹੀ ਨੇ ਤੂੰਬੀ ਨਾਲ ਸਾਥ ਦਿੱਤਾ ਸੀ
1977 ਵਿੱਚ ਭਾਨ ਸਿੰਘ ਮਾਹੀ ਅਮਰੀਕਾ ਚਲਾ ਗਿਆ, ਹੁਣ ਉਹ ਦੁਨੀਆਂ ਦੇ ਮਾਹਾਨਗਰ ‘ਨਿਊਯਾਰਕ ‘ ਵਿੱਚ ਆਪਣੇ ਪ੍ਰੀਵਾਰ ਨਾਲ ਰਹਿ ਰਿਹਾ ਹੈ, ਕਦੇ ਕੁ ਤਾਈਂ ਮੇਰੀ ਫੋਨ ਤੇ ਗੱਲ ਵੀ ਹੋ ਜਾਂਦੀ ਐ ਸਾਦਗੀ ਤੇ ਨਿਮਰਤਾ ਦਾ ਮੁਜੱਸਮਾ ਹੈ ‘ਭਾਨ ਸਿੰਘ ਮਾਹੀ ‘
ਅਸ਼ੋਕ ਬਾਂਸਲ ਮਾਨਸਾ
