ਬਰੇਂਪਟਨ 24 ਅਗਸਤ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ‘ਸਿਰਜਣਾ ਦੇ ਆਰ-ਪਾਰ’ ਪ੍ਰੋਗਰਾਮ ਤਹਿਤ ਪ੍ਰੋ. ਕੁਲਜੀਤ ਕੌਰ ਵੱਲੋਂ ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ, ਸੇਵਾਮੁਕਤ ਪ੍ਰੋਫੈਸਰ ਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਮੁਖੀ ਡਾ. ਬਲਵਿੰਦਰ ਕੌਰ ਬਰਾੜ ਨਾਲ 23 ਅਗਸਤ ਦਿਨ ਐਤਵਾਰ ਨੂੰ ਵਿਸ਼ੇਸ਼ ਰੂਬਰੂ ਕਰਵਾਇਆ ਗਿਆ। ਇਹ ‘ਸਿਰਜਣਾ ਦੇ ਆਰ-ਪਾਰ’ ਪ੍ਰੋਗਰਾਮ ਤਹਿਤ ਪ੍ਰੋ. ਕੁਲਜੀਤ ਕੌਰ ਵੱਲੋਂ ਕਰਵਾਇਆ ਗਿਆ 57ਵਾਂ ਰੂਬਰੂ ਸੀ। ਡਾ. ਬਲਵਿੰਦਰ ਕੌਰ ਬਰਾੜ ਅੱਜਕੱਲ੍ਹ ਕੈਲਗਰੀ ਵਿਖੇ ਰਹਿ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਸਾਹਿਤਕ ਤੇ ਸਮਾਜਿਕ ਸਰੋਕਾਰਾਂ ਨਾਲ ਲਗਾਤਾਰ ਜੁੜੇ ਹੋਏ ਹਨ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਜੀ ਨੇ ਡਾ. ਬਲਵਿੰਦਰ ਕੌਰ ਬਰਾੜ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਤਾਂ ਪਹਿਲਾਂ ਹੀ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਚੁੱਕੀਆਂ ਹਨ, ਪਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਵਿਚਾਰ ਅਤੇ ਬੋਲ ਹੋਰ ਵੀ ਵੱਡੇ ਘੇਰੇ ਤੱਕ ਪਹੁੰਚੇ ਹਨ। ਰਮਿੰਦਰ ਰੰਮੀ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਦੀ ਜਾਣ-ਪਛਾਣ ਕਰਵਾਉਂਦਿਆਂ ਡਾ. ਬਰਾੜ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ “ ਤੁਸੀਂ ਘਰ ਅਸਾਡੇ ਆਏ , ਅਸੀਂ ਫੁਲੇ ਨਹੀਂ ਸਮਾਏ “ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਹੀ ਇਹ ਸਫ਼ਲ ਪ੍ਰੋਗਰਾਮ ਹੋ ਰਹੇ ਹਨ ।ਰੂਬਰੂ ਦਾ ਆਗਾਜ਼ ਕਰਦਿਆਂ ਪ੍ਰੋ. ਕੁਲਜੀਤ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੇ ਅਨੁਸ਼ਾਸਨ, ਸੰਘਰਸ਼ਮਈ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ 38 ਸਾਲ ਅਧਿਆਪਨ ਦੇ ਖੇਤਰ ਵਿੱਚ ਸੇਵਾ ਨਿਭਾਈ ਅਤੇ ਲਗਭਗ 20 ਪੁਸਤਕਾਂ ਦੀ ਰਚਨਾ ਕੀਤੀ। ਪ੍ਰੋ. ਕੁਲਜੀਤ ਕੌਰ ਨੇ ਗੱਲਬਾਤ ਨੂੰ ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਸਾਹਿਤਕ ਰੁਚੀ ਦੇ ਵਿਕਾਸ ਅਤੇ ਜੀਵਨ ਅਨੁਭਵਾਂ ਨਾਲ ਜੋੜਦਿਆਂ ਬਹੁਤ ਹੀ ਸਹਿਜ ਤੇ ਦਿਲਚਸਪ ਢੰਗ ਨਾਲ ਅੱਗੇ ਵਧਾਇਆ
ਆਪਣੇ ਸਾਹਿਤਕ ਸਫ਼ਰ ਬਾਰੇ ਗੱਲ ਕਰਦਿਆਂ ਡਾ. ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਤਿਹਾਸਕਾਰ ਸਨ ਅਤੇ ਘਰ ਦਾ ਮਾਹੌਲ ਧਾਰਮਿਕ ਸੀ। ਸਾਹਿਤ ਨਾਲ ਸਿੱਧਾ ਵਾਸਤਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾਵਲ ਚੋਰੀ-ਚੋਰੀ ਪੜ੍ਹਨੇ ਸ਼ੁਰੂ ਕੀਤੇ। ਲੋਕ-ਬੋਲੀਆਂ ਅਤੇ ਲੋਕ-ਸਾਹਿਤ ਦੇ ਸੰਪਰਕ ਨੇ ਉਨ੍ਹਾਂ ਦੀ ਸਿਰਜਣਾਤਮਕ ਸੋਚ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਆਪਣੀ ਅਧਿਆਪਕਾ ਦਰਸ਼ਨ ਕੌਰ ਬੇਦੀ ਦੇ ਵਿਸ਼ੇਸ਼ ਯੋਗਦਾਨ ਨੂੰ ਯਾਦ ਕਰਦਿਆਂ ਦੱਸਿਆ ਕਿ ‘ਜੇ ਮੈਂ ਲੜਕਾ ਹੁੰਦੀ’ ਵਿਸ਼ੇ ’ਤੇ ਲਿਖੇ ਲੇਖ ਨੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿੱਤਾ ਕਿ ਉਹ ਲੇਖਕ ਬਣ ਸਕਦੇ ਹਨ।
ਗੱਲਬਾਤ ਦੌਰਾਨ ਡਾ. ਬਰਾੜ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਅਧਿਐਨ ਅਤੇ ਅਧਿਆਪਨ ਦੇ ਦੌਰ ਨੂੰ ਵੀ ਯਾਦ ਕੀਤਾ। ਪੰਜਾਬ ਦੇ ਕਾਲੇ ਦੌਰ ਦੌਰਾਨ ਨੌਜਵਾਨਾਂ ਅਤੇ ਵਿਦਿਆਰਥੀਆਂ ’ਤੇ ਹੋਏ ਜ਼ੁਲਮ ਅਤੇ ਮਾਵਾਂ ਵੱਲੋਂ ਸਹੇ ਮਾਨਸਿਕ ਸੰਤਾਪ ਨੇ ਉਨ੍ਹਾਂ ਦੀ ਸੰਵੇਦਨਾ ਨੂੰ ਡੂੰਘਾ ਪ੍ਰਭਾਵਿਤ ਕੀਤਾ। ਇਹੀ ਅਨੁਭਵ ਬਾਅਦ ਵਿੱਚ ਉਨ੍ਹਾਂ ਦੀ ਗਲਪ ਰਚਨਾ ਦਾ ਮਹੱਤਵਪੂਰਨ ਆਧਾਰ ਬਣੇ।
ਕੈਲਗਰੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਪੰਜਾਬੀ ਅਖ਼ਬਾਰ ਵਿੱਚ ‘ਉਹ ਵੇਲਾ ਯਾਦ ਕਰ’ ਕਾਲਮ ਰਾਹੀਂ ਵੀ ਉਹ ਲੋਕਾਂ ਦੇ ਦੁੱਖ-ਦਰਦ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਗ਼ਮ ਉਨ੍ਹਾਂ ਦਾ ਆਪਣਾ ਗ਼ਮ ਬਣ ਜਾਂਦਾ ਹੈ ਅਤੇ ਜੀਵਨ ਵਿੱਚ ਮਿਲਣ ਵਾਲੇ ਲੋਕ ਉਨ੍ਹਾਂ ਦੀ ਸਿਰਜਣਾ ਲਈ ਪ੍ਰੇਰਨਾ ਬਣਦੇ ਹਨ।
ਪਰਵਾਸੀ ਜੀਵਨ ਦੇ ਅਨੁਭਵਾਂ ਬਾਰੇ ਗੱਲ ਕਰਦਿਆਂ ਡਾ. ਬਰਾੜ ਨੇ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਲੋਕਾਂ, ਖ਼ਾਸ ਕਰਕੇ ਨਵੀਂ ਪੀੜ੍ਹੀ ਦੇ ਮਨੋਵਿਗਿਆਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਕੱਲੇਪਣ, ਪਰਵਾਸੀ ਜੀਵਨ, ਪਰਿਵਾਰਕ ਵਿਛੋੜੇ ਅਤੇ ਨਵੇਂ ਸਮਾਜਿਕ ਅਨੁਭਵਾਂ ਨੂੰ ਸਾਹਿਤ ਵਿੱਚ ਦਰਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਆਪਣੀ ਸਿਰਜਣ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ ਜਿਹੜੀ ਘਟਨਾ ਮਨ ’ਤੇ ਡੂੰਘਾ ਪ੍ਰਭਾਵ ਪਾਉਂਦੀ ਹੈ, ਉਹੀ ਅਕਸਰ ਲਿਖਤ ਦਾ ਵਿਸ਼ਾ ਬਣਦੀ ਹੈ। 38 ਸਾਲਾਂ ਦੇ ਅਧਿਆਪਨ ਦੌਰਾਨ ਵਿਦਿਆਰਥੀਆਂ ਦੇ ਮਨੋਭਾਵਾਂ ਅਤੇ ਪਰਵਾਸੀ ਅਣਜੋੜ ਵਿਆਹਾਂ ਦੀਆਂ ਸ਼ਿਕਾਰ ਵਿਦਿਆਰਥਣਾਂ ਦੇ ਅੰਦਰੂਨੀ ਸੰਘਰਸ਼ਾਂ ਨੂੰ ਵੀ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਥਾਂ ਦਿੱਤੀ।
ਨੌਜਵਾਨ ਪੀੜ੍ਹੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਬਰਾੜ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਸਾਹਿਤ ਨਾਲੋਂ ਬੋਲਾਂ ਰਾਹੀਂ ਵਧੇਰੇ ਜੁੜ ਰਹੀ ਹੈ। ਉਨ੍ਹਾਂ ਪੜ੍ਹਨ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਪੜ੍ਹਨਾ ਸਾਡੇ ਅੰਦਰਲੇ ਸੰਸਾਰ ਦਾ ਵਿਸਥਾਰ ਕਰਦਾ ਹੈ।
ਮਾਨ-ਸਨਮਾਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਡਾ. ਬਰਾੜ ਨੇ ਕਿਹਾ ਕਿ ਉਨ੍ਹਾਂ ਲਈ ਇਨਾਮਾਂ ਨਾਲੋਂ ਲੋਕਾਂ ਦਾ ਪਿਆਰ ਵੱਡਾ ਸਰਮਾਇਆ ਹੈ। ਉਨ੍ਹਾਂ ਆਪਣੇ ਜੀਵਨ ਦੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਕਿਹਾ ਕਿ ਚੁਣੌਤੀਆਂ ਮਨੁੱਖ ਨੂੰ ਤਰਾਸ਼ਦੀਆਂ ਹਨ ਅਤੇ ਅੱਖਰਾਂ ਦਾ ਸਾਥ ਮਨੁੱਖ ਨੂੰ ਬਿਖਰਨ ਤੋਂ ਬਚਾਉਂਦਾ ਹੈ। ਉਨ੍ਹਾਂ ਦੀ ਪੁਸਤਕ ‘ਮਨ ਦਾ ਕੋਨਾ’ ਉਨ੍ਹਾਂ ਦੀਆਂ ਜੀਵਨ ਯਾਦਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਸਾਹਿਤਕ ਰਚਨਾ ਬਹੁ-ਪੱਖੀ ਹੈ।ਇਹ ਵਰਨਣਯੋਗ ਹੈ ਕਿ ਡਾ ਬਲਵਿੰਦਰ ਕੌਰ ਬਰਾੜ ਨੇ ਨਾਵਲ, ਕਹਾਣੀ ਅਤੇ ਵਾਰਤਕ ਤਿੰਨਾਂ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੇ ਨਾਵਲਾਂ ਵਿੱਚ ‘ਹਭੇ ਸਾਕ ਕੂੜਾਵੇ’ ਅਤੇ ‘ਅੰਗੂਠੇ ਦੇ ਨਿਸ਼ਾਨ’ ਸ਼ਾਮਲ ਹਨ, ਜਦਕਿ ਕਹਾਣੀ-ਸੰਗ੍ਰਹਿਆਂ ਵਿੱਚ ‘ਮਿੱਟੀ ਨਾ ਫਰੋਲ ਜੋਗੀਆ’, ‘ਜੱਗ ਵਿੱਚ ਸੀਰ’, ‘ਖੁਰਦੇ ਪੱਤਣ’, ‘ਤਲੀ ’ਤੇ ਉੱਗਿਆ ਫੁੱਲ’, ‘ਰੁੱਤ ਫਿਰੀ ਵਣ ਕੰਬਿਆ’ ਅਤੇ ‘ਉੱਚੇ ਬੁਰਜ’ ਵਰਗੀਆਂ ਰਚਨਾਵਾਂ ਦਰਜ ਹਨ। ਇਸ ਤੋਂ ਇਲਾਵਾ ‘ਮਨ ਦਾ ਕੋਨਾ’ ਅਤੇ ‘ਓਹ ਵੇਲਾ ਯਾਦ ਕਰ’ ਉਨ੍ਹਾਂ ਦੀਆਂ ਵਾਰਤਕ ਪੁਸਤਕਾਂ ਹਨ।
ਉਨ੍ਹਾਂ ਦੀ ਰਚਨਾ ਦਾ ਇੱਕ ਮਹੱਤਵਪੂਰਨ ਪੱਖ ਪੰਜਾਬ ਦਾ ਲੋਕ-ਜੀਵਨ, ਲੋਕ-ਭਾਸ਼ਾ, ਲੋਕ-ਵਿਸ਼ਵਾਸ ਅਤੇ ਆਮ ਮਨੁੱਖ ਦੀਆਂ ਭਾਵਨਾਵਾਂ ਹਨ। ਉਨ੍ਹਾਂ ਦੀ ਲਿਖਤ ਵਿੱਚ ਔਰਤ ਦੇ ਜੀਵਨ, ਪਰਿਵਾਰਕ ਰਿਸ਼ਤਿਆਂ, ਸਮਾਜਕ ਤਬਦੀਲੀਆਂ, ਪਰਵਾਸ ਅਤੇ ਪੰਜਾਬ ਦੇ ਵੱਖ-ਵੱਖ ਦੌਰਾਂ ਦੇ ਅਨੁਭਵਾਂ ਦੀ ਡੂੰਘੀ ਪੇਸ਼ਕਾਰੀ ਵੀ ਨਜ਼ਰ ਆਉਂਦੀ ਹੈ। ਉਨ੍ਹਾਂ ਦੀ ਭਾਸ਼ਾ ਵਿੱਚ ਲੋਕ-ਬੋਲੀ ਦੀ ਸਾਦਗੀ ਅਤੇ ਜੀਵਨ ਦੀ ਮਿੱਟੀ ਦੀ ਮਹਿਕ ਮਹਿਸੂਸ ਹੁੰਦੀ ਹੈ।
ਪ੍ਰੋਗਰਾਮ ਦੌਰਾਨ ਹਾਜ਼ਰ ਸਰੋਤਿਆਂ ਨੇ ਡਾ. ਬਲਵਿੰਦਰ ਕੌਰ ਬਰਾੜ ਦੇ ਵਿਚਾਰਾਂ ਨੂੰ ਬੜੀ ਨੀਝ ਅਤੇ ਇਕਾਗਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਸਮੁੱਚੀ ਔਰਤ ਜਾਤੀ ਲਈ ਮਾਣਯੋਗ ਸ਼ਖ਼ਸੀਅਤ ਦੱਸਿਆ। ਡਾ. ਬਰਾੜ ਨੇ ਇਸ ਸਾਹਿਤਕ ਮਿਲਣੀ ਨੂੰ ਆਪਣੇ ਮਨ ਦੀ ਪਿਆਸ ਬੁਝਾਉਣ ਵਾਲਾ ਕਰਾਰ ਦਿੰਦਿਆਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਪਰਿਵਾਰ ਦਾ ਧੰਨਵਾਦ ਕੀਤਾ। ਪ੍ਰਬੰਧਕੀ ਟੀਮ ਦੇ ਮੈਂਬਰਾਂ ਅਤੇ ਹੋਰ ਸਾਹਿਤਕਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਪਤੀ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਡਾ. ਬਰਾੜ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇਹ ਰੂਬਰੂ ਇੱਕ ਸਿਤਾਰੇ ਨੂੰ ਮਿਲਣ ਵਰਗਾ ਅਨੁਭਵ ਰਿਹਾ। ਉਨ੍ਹਾਂ ਪ੍ਰੋ. ਕੁਲਜੀਤ ਕੌਰ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੀ ਸਹਿਜ, ਸੰਵੇਦਨਸ਼ੀਲ ਅਤੇ ਸੁਚੱਜੀ ਸੰਵਾਦ-ਸ਼ੈਲੀ ਰਾਹੀਂ ਡਾ. ਬਲਵਿੰਦਰ ਕੌਰ ਬਰਾੜ ਦੀ ਬਹੁਪੱਖੀ ਸਾਹਿਤਕ ਸ਼ਖ਼ਸੀਅਤ ਨੂੰ ਸਰੋਤਿਆਂ ਸਾਹਮਣੇ ਉਜਾਗਰ ਕੀਤਾ। ਰਮਿੰਦਰ ਰਮੀ ਨੇ ਵੀ ਪ੍ਰੋ. ਕੁਲਜੀਤ ਕੌਰ ਦੀ ਸਹਿਜਤਾ ਅਤੇ ਡਾ. ਬਰਾੜ ਦੇ ਵਿਦਵਤਾ ਭਰੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ। ਬਹੁਤ ਸਾਰੇ ਮੈਂਬਰਜ਼ ਨੇ ਵੀ ਮੈਡਮ ਬਰਾੜ ਨਾਲ ਵੀ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਧੰਨਵਾਦ ਸਹਿਤ ।
ਇਹ ਰਿਪੋਰਟ ਡਾ . ਪੁਸ਼ਵਿੰਦਰ ਖੋਖਰ ਜੀ ਤੇ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।

