ਪੰਜਾਬ ਦੇ ਪਾਣੀਆਂ ‘ਤੇ ਯੂਨਾਇਟੇਡ ਸਿੱਖ ਸਟੂਡੈਂਟਸ ਫਡਰੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਕਰਵਾਈ ਗਈ ਵਿਚਾਰ ਚਰਚਾ
ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਨੌਜਵਾਨ ਬਾਖੂਬੀ ਸਿਆਸੀ ਸਮਝ ਰੱਖਦੇ ਹਨ। ਉਹ ਖੁੱਲ ਕੇ ਹਰ ਮੁੱਦੇ ਉੱਤੇ ਚਰਚਾ ਕਰਨਾ ਚਾਹੁੰਦੇ ਹਨ। ਉਹ ਆਪਣੇ ਸੁਝਾਅ ਸਿਆਸੀ ਲੀਡਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। 20 ਅਪ੍ਰੈਲ 2026 ਨੂੰ ਜਦੋਂ ਮੈਨੂੰ ਇਸ ਵਿਚਾਰ ਚਰਚਾ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਇਹ ਸੋਚ ਕੇ ਗਈ ਸੀ ਕਿ ਇਹ ਯੂਨੀਵਰਸਿਟੀ ਦੇ ਸਟੇਜ ਉੱਤੇ ਇੱਕ ਕਿਸਮ ਦੀ ਵਿਦਿਆਰਥੀਆਂ ਦੀ Debate ਹੋਵੇਗੀ। ਪਰ ਜਦੋਂ ਮੈਂ ਜਾ ਕੇ ਦੇਖਿਆ ਤਾਂ ਯੂਨਾਇਟੇਡ ਸਿੱਖ ਸਟੂਡੈਂਟਸ ਫਡਰੇਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਦੇ ਨਾਲ ਯੂਨਿਵਰਸਿਟੀ ਦੇ ਕਈ ਨੌਜਵਾਨ ਵੱਡੀ ਤੱਦਾਦ ਵਿੱਚ ਇੱਕ ਪਾਰਕ ਵਿੱਚ ਇਕੱਠੇ ਹੋ ਕੇ ਵਿਚਾਰ ਕਰ ਰਹੇ ਸਨ। ਇੰਨਾਂ ਨੌਜਵਾਨਾਂ ਨੇ ਪਾਰਕ ਦੇ ਬੈਂਚ ਨੂੰ ਹੀ ਆਪਣਾ ਸਟੇਜ ਬਣਾ ਲਿਆ ਅਤੇ ਆਪਣੇ ਵਿਚਾਰ ਰੱਖਣੇ ਸ਼ੁਰੂ ਕਰ ਦਿੱਤੇ। ਨਾ ਇੰਨਾਂ ਨੌਜਵਾਨਾ ਨੂੰ ਆਪਣੇ ਵਿਚਾਰ ਰੱਖਣ ਲਈ ਕਿਸੇ ਸਟੇਜ ਦੀ ਲੋੜ ਸੀ, ਨਾ ਕਿਸੇ ਮਾਇਕ ਦੀ, ਨਾ ਕਿਸੇ ਭੀੜ ਦੀ, ਨਾ ਕਿਸੇ ਚੈਨਲ ਦੀ ਅਤੇ ਨਾ ਕਿਸੇ ਬੈਨਰ ਦੀ। ਇੰਨਾਂ ਨੌਜਵਾਨਾ ਦੇ ਵਿਚਾਰ ਸੁਣ ਕੇ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਇਹ ਨੌਜਵਾਨ ਪੰਜਾਬ ਪ੍ਰਤੀ ਆਪਣੀ ਸੁਹਿਰਦਤਾ ਦੱਸਣਾ ਚਾਹੁੰਦੇ ਹਨ। ਇੰਨਾਂ ਨੂੰ ਇਸ Debate ਲਈ ਕਿਸੇ ਜਿੱਤ ਹਾਰ ਦੀ ਲਾਲਸਾ ਨਹੀਂ ਹੈ ਅਤੇ ਨਾ ਹੀ ਕਿਸੇ ਇਨਾਮ ਦੀ। ਇੰਨਾਂ ਦੇ ਦਿਲ ਵਿੱਚ ਸਿਰਫ ਪੰਜਾਬ ਲਈ ਦਰਦ ਹੈ ਜੋ ਇਹ ਪਾਰਕ ਵਿੱਚ ਇਕੱਠੇ ਹੋ ਕੇ ਆਪਣੇ ਨਾਲ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਹਨ। ਅਕਸਰ ਅਸੀਂ ਜਿੱਥੇ ਕਾਲਜ ਯੂਨੀਵਰਸਿਟੀਆਂ ਦੇ ਨੌਜਵਾਨਾਂ ਦੇ ਇਕੱਠ ਨੂੰ ਇੱਕ ਅੱਲੜਪੁਣੇ ਨਾਲ ਹੀ ਦੇਖੀ ਦਾ ਹੈ ਅਤੇ ਇਹ ਸੋਚੀ ਦਾ ਹੈ ਕਿ ਨੌਜਵਾਨਾ ਦਾ ਇਹ ਇਕੱਠ ਸਿਰਫ ਹਾਸੇ ਠੱਠੇ ਹੀ ਕਰ ਸਕਦਾ ਹੈ ਜਾਂ ਲੰਘਦੇ ਵੜਦੇ ਕਿਸੇ ਨੂੰ ਛੇੜਖ਼ਾਨੀਆਂ ਹੀ ਕਰਦੇ ਹੋਣਗੇ। ਪਰ ਨਹੀ ਇੱਥੇ ਤਾਂ ਸਭ ਉਲਟ ਹੀ ਸੀ। ਬਹੁਤ ਹੀ ਸੁਹਿਰਦਤਾ ਨਾਲ ਸਭ ਨੌਜਵਾਨ ਪੰਜਾਬ ਦੇ ਪਾਣੀਆਂ ਪ੍ਰਤੀ ਆਪਣੀ ਚਿੰਤਾ ਦੱਸ ਰਹੇ ਸਨ। ਨੌਜਵਾਨਾਂ ਦਾ ਜੱਜ਼ਬਾ ਇਹ ਦਰਸਾ ਰਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸਾਡੇ ਲੀਡਰ ਸਾਡੀ ਸੁਨਣ ਅਤੇ ਅਸੀਂ ਰੱਲ ਕੇ ਪੰਜਾਬ ਦੇ ਪਾਣੀਆਂ ਦਾ ਹੱਲ ਲੱਭਿਏ। ਪਰ ਇੱਥੇ ਨੌਜਵਾਨਾਂ ਨੇ ਖੇਦ ਵੀ ਪ੍ਰਗਟ ਕੀਤਾ ਕਿ ਕੋਈ ਲੀਡਰ ਸਾਡੀ ਸੁਣ ਕੇ ਨਹੀਂ ਰਾਜ਼ੀ। ਪੰਜਾਬ ਦੇ ਪਾਣੀਆਂ ਲਈ ਕੁਝ ਕਰਕੇ ਨਹੀਂ ਰਾਜੀ। ਜੋ ਕਿ ਕਾਫ਼ੀ ਹੱਦ ਤੱਕ ਸੱਚ ਵੀ ਹੈ। ਡੈਮਾਂ ਦੀ ਨੁਮਾਇੰਦਗੀ ਪੰਜਾਬ ਦੇ ਬਸ਼ਿੰਦਿਆਂ ਦੇ ਹੱਥ ਵਿੱਚ ਨਾ ਹੋ ਕੇ ਦੂਸਰੇ ਸੂਬੇ ਦੇ ਹੱਥਾਂ ਵਿੱਚ ਹੋਣਾ ਨੌਜਵਾਨਾ ਦੀ ਤੜਫ ਦੀ ਸੱਚਾਈ ‘ਤੇ ਮੋਹਰ ਲਗਾਉਂਦੀ ਹੈ। ਪਰ ਇੱਥੇ ਮੈਂ ਇਹ ਜਾਣ ਕੇ ਵੀ ਹੈਰਾਨ ਹੋਈ ਕਿ ਪੰਜਾਬ ਦੇ ਪਾਣੀਆਂ ਦੀ ਫ਼ਿਕਰ ਕਰਣ ਵਾਲੇ ਇੰਨਾਂ ਨੌਜਵਾਨਾਂ ਨੂੰ ਯੂਨਿਵਰਸਿਟੀ ਵਿੱਚ ਪੀਣ ਦੇ ਪਾਣੀ ਲਈ ਪੁੱਖਤਾ ਇੰਤਜ਼ਾਮ ਨਾ ਹੋਣ ਕਰਕੇ ਵੀ ਮੈਨਜਮੈਂਟ ਅੱਗੇ ਅਵਾਜ ਚੁੱਕਣੀ ਪੈ ਰਹੀ ਹੈ। ਇੱਕ ਨਾਮਵਰ ਯੂਨਿਵਰਸਿਟੀ ਹੋਵੇ ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਕੈਂਪਸ ਵਿੱਚ ਪੀਣ ਲਈ ਸਾਫ ਪਾਣੀ ਨਾ ਮਿਲੇ, ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਮੈਨੇਜਮੈਂਟ ਲਈ ਬਹੁਤ ਮਾੜੀ ਗੱਲ ਹੈ। ਪੰਜਾਬ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ। ਯੂਨਿਵਰਸਿਟੀ ਦਾ ਨਾਮ ਗੁਰੂਆਂ ਦੇ ਨਾਮ ‘ਤੇ ਹੋਵੇ ਅਤੇ ਵਿਦਿਆਰਥੀਆਂ ਨੂੰ ਪੀਣ ਲਈ ਸਾਫ਼ ਪਾਣੀ ਨਾ ਮਿਲੇ। ਬਹੁਤ ਨਮੋਸ਼ੀ ਵਾਲੀ ਗੱਲ ਹੈ। ਜਿੱਥੇ ਸਾਰਾ ਪੰਜਾਬ ਛਬੀਲਾਂ ਲਗਾਉਂਦਾ ਨਹੀਂ ਥੱਕਦਾ, ਉੱਥੇ ਯੂਨਿਵਰਸਿਟੀ ਦੇ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਦੀ ਮੰਗ ਕਰਨੀ ਪਏ, ਇਸ ਤੋਂ ਵੱਧ ਨਮੋਸ਼ੀ ਕੀ ਹੋਵੇਗੀ। ਨੌਜਵਾਨਾਂ ਨੇ ਇੱਥੇ ਇੱਕ ਹੋਰ ਮੰਗ ਲਈ ਅਵਾਜ਼ ਬੁਲੰਦ ਕੀਤੀ ਕਿ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਕੋਈ Book Shop ਨਹੀਂ ਹੈ। ਬੱਚਿਆਂ ਨੂੰ ਕਿਤਾਬਾਂ ਖ਼ਰੀਦਣ ਲਈ ਦੂਰ ਬਜ਼ਾਰ ਵਿੱਚ ਜਾਣਾ ਪੈਂਦਾ ਹੈ। ਇਹ ਵੀ ਇੱਕ ਹੈਰਾਨੀ ਵਾਲੀ ਗੱਲ ਸੀ। ਇੰਨਾਂ ਵੱਡਾ ਵਿੱਦਿਅਕ ਅਦਾਰਾ ਹੋਵੇ, ਜਿਸ ਦਾ ਖੁਦ ਦਾ ਪਬਲੀਕੇਸ਼ਨ ਹੋਵੇ, ਉੱਥੇ ਕੋਈ ਵੀ Book Shop ਨਹੀਂ ਹੈ। ਜਦਕਿ ਯੂਨਿਵਰਸਿਟੀ ਵਿੱਚ book shop ਹੋਣੀ ਲਾਜ਼ਮੀ ਹੋਣੀ ਚਾਹਿਦੀ ਹੈ। ਬਲਕਿ ਵਿਦਿਆਰਥੀਆਂ ਨੂੰ ਉਨਾਂ ਦੀ Student I’d ਦੇਖ ਕੇ ਕਿਤਾਬਾਂ ਦੀ ਖਰੀਦ ‘ਤੇ ਛੂਟ ਵੀ ਮਿਲਣੀ ਚਾਹਿਦੀ ਹੈ। ਮੈਂ ਇੰਨਾਂ ਨੌਜਵਾਨਾਂ ਦੀਆਂ ਚਰਚਾ ਸੁਣ ਕੇ ਸੋਚ ਰਹੀ ਸੀ ਕਿ ਕਦੇ ਇਹੋ ਜਿਹਾ ਜ਼ਮਾਨਾ ਹੁੰਦਾ ਸੀ ਕਿ ਵਿੱਦਿਅਕ ਅਦਾਰਿਆਂ ਨੂੰ ਪੂਜਨਿਕ ਦਰਜਾ ਦਿੱਤਾ ਜਾਂਦਾ ਸੀ ਅਤੇ ਮਾਪੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਭੇਜਦੇ ਸਨ ਕਿ ਇੰਨਾਂ ਵਿੱਦਿਅਕ ਅਦਾਰਿਆਂ ਵਿੱਚ ਜਾ ਕੇ ਸਾਡੇ ਬੱਚੇ ਆਪਣੇ ਗਿਆਨ ਵਿੱਚ ਵਾਧਾ ਕਰਣਗੇ ਅਤੇ ਉਸ ਸਮੇਂ ਦੇ ਗੁਰੂਜਨ ਵੀ ਆਪਣੇ ਵਿਦਿਆਰਥੀਆਂ ਨੂੰ ਸਰੀਰਕ ਪੱਖੋਂ, ਵਿਚਾਰਕ ਪੱਖੋਂ ਮਜ਼ਬੂਤ ਕਰਨਾ ਆਪਣਾ ਧਰਮ ਸਮਝਦੇ ਸਨ। ਜਿਸ ਕਰਕੇ ਵਿਦਿਆਰਥੀ ਵੀ ਅਤੇ ਉਨਾਂ ਦੇ ਮਾਪੇ ਵੀ ਗੁਰੂਜਨਾਂ ਨੂੰ ਪੂਜਨੀਕ ਅਵਸਥਾ ਵਿੱਚ ਸਮਝਦੇ ਸਨ। ਪਰ ਅੱਜ ਕੱਲ ਵਿੱਦਿਅਕ ਅਦਾਰਿਆਂ ਦਾ ਇਹ ਹਾਲ ਹੈ ਕਿ ਵਿਦਿਆਰਥੀ ਇਹ ਸਾਬਿਤ ਕਰ ਰਹੇ ਹਨ ਕਿ ਉਹ ਇਸ ਹੱਦ ਤੱਕ ਸੁਹਿਰਦ ਹਨ ਕਿ ਉਹ ਆਪਣੇ ਦੇਸ਼ ਪੰਜਾਬ ਲਈ ਖੁੱਦ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਉੱਤੇ ਚਰਚਾ ਕਰਦੇ ਹਨ। ਜਦਕਿ ਉਨਾਂ ਨੂੰ ਵਿੱਦਿਅਕ ਅਦਾਰੇ ਵੱਲੋਂ ਪੂਰੇ ਅਤੇ ਪੁਖਤਾ ਇੰਤਜ਼ਾਮ ਵੀ ਨਹੀਂ ਮਿਲਦੇ। ਮੈਂ ਸੋਚ ਰਹੀ ਸੀ ਕਿ ਵਿਦਿਆਰਥੀ ਤਾਂ ਅੱਜ ਵੀ ਪੂਜਨੀਕ ਸੋਚ ਲੈ ਕੇ ਇੱਥੇ ਪੜਣ ਆਉਂਦੇ ਹਨ ਪਰ ਇੱਥੇ ਜਿੰਨਾਂ ਨੇ ਵਿਦਿਆਰਥੀਆਂ ਨੂੰ ਸੋਝੀ ਦੇਣੀ ਸੀ ਉਨਾਂ ਨੂੰ ਤਾਂ ਇਹ ਵਿਦਿਆਰਥੀ ਖੁਦ ਸਭ ਕੁਝ ਕਿੰਝ ਸੁਚਾਰੂ ਢੰਗ ਨਾਲ ਕਰਣ ਲਈ ਹਲੂਣੇ ਦੇ ਰਹੇ ਹਨ। ਵਿੱਦਿਅਕ ਅਦਾਰੇ ਸਿਰਫ ਕਮਾਈ ਦੇ ਸਾਧਨ ਬਣ ਕੇ ਰਹਿ ਗਏ ਹਨ ਜਾਂ ਲਵਜੋਤ ਸਿੰਘ ਗਿੱਲ ਦੇ ਸ਼ਬਦਾਂ ਵਿੱਚ ਇੰਝ ਕਹਿ ਲਓ ਕਿ ਇਹ ਵਿੱਦਿਅਕ ਅਦਾਰੇ Student Factory ਬਣ ਕੇ ਰਹਿ ਗਏ ਹਨ। ਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ।
ਰਸ਼ਪਿੰਦਰ ਕੌਰ ਗਿੱਲ
ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
+91-9888697078

