ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਕੰਮੇਆਣਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਬੀਤੇ ਦਿਨੀਂ ਧੂਰੀ ਤੋਂ ਮਾਵਾਂ—ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ ਯੋਗ ਮਹਿਲਾਵਾਂ ਦੇ ਖਾਤਿਆਂ ਵਿੱਚ ਸਨਮਾਨ ਰਾਸ਼ੀ ਜਮਾਂ ਹੋਣੀ ਸ਼ੁਰੂ ਹੋ ਗਈ ਹੈ।ਉਹਨਾਂ ਕਿਹਾ ਕਿ ਇਹ ਸਿਰਫ਼ ਆਰਥਿਕ ਸਹਾਇਤਾ ਨਹੀਂ, ਸਗੋਂ ਹਰ ਮਾਂ, ਹਰ ਭੈਣ ਅਤੇ ਹਰ ਧੀ ਦੇ ਸਨਮਾਨ ਅਤੇ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਹੈ।ਸੰਦੀਪ ਕੰਮੇਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰਨਲਈ ਵਚਨਬੱਧ ਹੈ।ਉਹਨਾਂ ਆਖਿਆ ਕਿ ਮਾਵਾਂ ਦਾ ਸਤਿਕਾਰ, ਧੀਆਂ ਦਾ ਸਨਮਾਨ, ਖੁਸ਼ਹਾਲ ਪੰਜਾਬ ਦੀ ਪਹਿਚਾਣ ਹੈ,ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਸਾਬਿਤ ਕੀਤਾ ਹੈ ਕਿ ਮਹਿਲਾਵਾਂ ਸਿਰਫ਼ ਜ਼ਿੰਮੇਵਾਰੀਆਂ ਨਿਭਾਉਣ ਲਈ ਨਹੀਂ, ਸਗੋਂ ਆਤਮਨਿਰਭਰ ਬਣਨ, ਸੁਪਨੇ ਦੇਖਣ ਅਤੇ ਮਾਣ ਨਾਲ ਅੱਗੇ ਵਧਣ ਦਾ ਪੂਰਾ ਹੱਕ ਰੱਖਦੀਆਂ ਹਨ।ਉਹਨਾਂ ਅੱਗੇ ਕਿਹਾ ਕਿ ਜਦੋਂ ਮਾਵਾਂ ਸਸ਼ਕਤ ਹੁੰਦੀਆਂ ਹਨ ਤੇ ਪਰਿਵਾਰ ਮਜ਼ਬੂਤ ਹੁੰਦੇ ਹਨ, ਜਦੋਂ ਧੀਆਂ ਆਤਮ ਨਿਰਭਰ ਬਣਦੀਆਂ ਹਨ, ਸਮਾਜ ਤਰੱਕੀ ਕਰਦਾ ਹੈ ਅਤੇ ਜਦੋਂ ਮਹਿਲਾਵਾਂ ਨੂੰ ਸਨਮਾਨ ਮਿਲਦਾ ਹੈ ਤਾਂ ਖੁਸ਼ਹਾਲ ਪੰਜਾਬ ਦੀ ਨੀਂਹ ਰੱਖੀ ਜਾਂਦੀ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾਂ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਅਤੇ ਜੋ ਵਾਅਦੇ ਕੀਤੇ ਸਨ, ਉਹਨਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਵਿਖਾਇਆ ਹੈ।ਉਹਨਾਂ ਦੱਸਿਆ ਕਿ ਸਰਕਾਰ ਨੇ ਸਰਪੰਚਾਂ ਨੂੰ ਅਜ਼ਾਦੀ ਦਿਹਾੜੇ ਤੋਂ ਮਾਣਭੱਤਾ ਦੇਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਪੂਰਾ ਕਰਕੇ ਪਿੰਡ ਪੱਧਰ *ਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

