ਆਵੀਂ ਨੀ ਆਵੀਂ ਨੀ ਵਿਸਾਖੀਏ
ਅੰਨਦਾਤੇ ਦੇ ਵਿਹੜੇ ਫੇਰਾ ਪਾਵੀ ਨੀ ਵਿਸਾਖੀਏ
ਝੋਲੀਆਂ ਭਰ ਭਰ ਖੇੜੇ ਲਿਆਵੀਂ ਨੀ ਵਿਸਾਖੀਏ
ਪਹਿਲਾਂ ਪੂਰ ਦੇਈਂ ਖੇਤਾਂ ਨੂੰ ਨੀ
ਜਿੱਥੇ ਸੋਨੇ ਰੰਗੀਆਂ ਤੇ ਖਿੜਨ ਬਹਾਰਾਂ
ਟਹਿਕ ਪੈਣ ਫੇਰ ਸੁੱਤੇ ਸੁਫ਼ਨੇ ਨੀ
ਗਾਉਣ ਢਾਡੀਆਂ ਵਾਰਾਂ
ਇਹੋ ਸੁੱਖ ਤੂੰ ਦਿਵਾਈਂ ਨੀ ਵਿਸਾਖੀਏ
ਆਈਂ ਨੀ ਵਿਸਾਖੀਏ
ਪੁੱਟ ਦੇਵੀਂ ਬੂਟੇ ਖੇਤੋਂ ਸਲਫਾਸ ਦੇ ਨੀ
ਗੱਡ ਦੇਵੀਂ ਰਿਜ਼ਕ ਦੀਆਂ ਦਾਬਾਂ
ਖਾਵੇ ਨਾ ਝੋਰਾ ਧਰੇਕਾਂ ਵਾਂਗੂੰ ਵਧਦੀਆਂ ਦਾ
ਮੱਲੇ ਨਾ ਬਾਬਲ ਮੜੀਆਂ ਦੀਆਂ ਰਾਹਵਾਂ ਨੀ ਵਿਸਾਖੀਏ
ਆਵੀਂ ਨੀ ਵਿਸਾਖੀਏ ਆਵੀਂ ਨੀ ਵਿਸਾਖੀਏ
ਲਿਆਵੀਂ ਠੰਢੀਆਂ ਤੂੰ ਵਾਹਵਾਂ ਨੀ ਵਿਸਾਖੀਏ
ਖਾਣੇ ਨਾ ਪੈਣ ਧੱਕੇ ਗੁਰੂ ਦਿਆਂ ਲਾਲਾਂ ਨੂੰ
ਬਚਾ ਰੱਖੀਂ ਵਾਹਵਾਂ ਤੱਤੀਆਂ ਤੋ ਬਾਲਾਂ ਨੂੰ
ਤੋੜ ਦੇਵੀਂ ਤੂੰ ਪਾਏ ਜਾਂਦੇ ਸਭ ਉਹ ਜਾਲ਼ਾਂ ਨੂੰ
ਮਨ ਦੀਆਂ ਖੁਸ਼ੀਆਂ ਲਿਆਵੀਂ ਨੀ ਵਿਸਾਖੀਏ
ਆਵੀਂ ਨੀ ਵਿਸਾਖੀਏ ਆਵੀਂ ਨੀ ਵਿਸਾਖੀਏ
ਕੋਹੜ ਇਥੋਂ ਨਸਿਆਂ ਦਾ ਛੇਤੀ ਮੁੱਕ ਜਾਵੇ ਨੀ
ਵਿਹੜਿਆਂ ‘ਚੋਂ ਵੈਣਾਂ ਦੀ ਕੜੀ ਰੁਕ ਜਾਵੇ ਨੀ
ਹਰ ਘਰ ਰੱਜ ਰੱਜ ਟੁੱਕ ਸੋਹਣਾ ਖਾਵੇ ਨੀ
ਇਹੋ ਜਿਹੀਆਂ ਘੜੀਆਂ ਲਿਆਵੀਂ ਨੀ ਵਿਸਾਖੀਏ
ਆਈਂ ਨੀ ਵਿਸਾਖੀਏ ਆਈਂ ਨੀ ਵਿਸਾਖੀਏ
ਗੁਰੂ ਜੀ ਨੇ ਖ਼ਾਲਸੇ ਦਾ ਪੰਥ ਸੀ ਸਾਜਿਆ
ਖੁਸ਼ੀ ਮਨਾਈ ਅਸਾਂ ਨਾਲ ਸੀ ਵਾਜਿਆਂ
ਇਸੇ ਤਰਾਂ ਚੜਤ ਰੱਖੀਂ ਵਾਂਗੂੰ ਨੀ ਰਾਜਿਆਂ
ਕਲਯੁੱਗੀ ਘੜੀ ਨਾ ਵਿਖਾਈਂ ਨੀ ਵਿਸਾਖੀਏ
ਆਈਂ ਨੀ ਵਿਸਾਖੀਏ ਆਈਂ ਨੀ ਵਿਸਾਖੀਏ
ਖੁਸ਼ੀਆਂ ਦੀ ਘੜੀ ਲਿਆਈਂ ਨੀ ਵਿਸਾਖੀਏ

ਡਾ ਸਤਿੰਦਰਜੀਤ ਕੌਰ ਬੁੱਟਰ

