ਏ ਇਨਸਾਨ
ਕੀ ਕਹਿੰਦਾ ਹੈ ਤੂੰ
ਆਪਣੇ ਆਪ ਨੂੰ ਇਨਸਾਨ
ਕਹਾਉਂਦਾ ਹੈਂ
ਕੀ ਤੇਰੇ ਅੰਦਰ ਇਨਸਾਨੀਅਤ
ਵੀ ਹੈ ਕਿ ਨਹੀਂ
ਕਿ ਤੇਰੀ ਜ਼ਮੀਰ ਵੀ ਮਰੀ ਪਈ ਹੈ
ਸੁਣਿਆ ! ਪਤਾ ਹੈ ਤੈਨੂੰ ਕਿ
ਜੱਗਦੀ ਜ਼ਮੀਰ ਵਾਲੇ ਇਨਸਾਨ ਹੁੰਦੇ ਹਨ
ਉਹਨਾਂ ਦੇ ਅੰਦਰ ਇਨਸਾਨੀਅਤ ਹੁੰਦੀ ਹੈ
ਉਹ ਨਫ਼ਰਤ ਕਰਨਾ ਨਹੀਂ ਜਾਣਦੇ ਕਿਸੇ ਨਾਲ
ਹਰ ਇੱਕ ਦੀ ਦਿਲੋਂ ਸਹਾਇਤਾ ਕਰਦੇ ਹਨ
ਸੱਭ ਨੂੰ ਪਿਆਰਦੇ ਤੇ ਸਤਿਕਾਰਦੇ ਹਨ ਉਹ
ਅਗਰ ਕਿਤੇ ਕੁਝ ਗਲਤ ਹੁੰਦਾ ਦੇਖਦੇ
ਤਾਂ ਰੂਹ ਝੰਜੋੜੀ ਜਾਂਦੀ ਹੈ ਉਹਨਾਂ ਦੀ
ਉਹਨਾਂ ਦੇ ਅੰਦਰ ਇਨਸਾਨੀਅਤ ਹੁੰਦੀ ਹੈ
ਅਸਲ ਵਿੱਚ ਉਹ ਇਨਸਾਨ ਹੁੰਦੇ ਹਨ।
ਪਰ ਤੂੰ ਕੀ ਕੀਤਾ
ਪੈਸਾ ਕਮਾ ਲਿਆ ਤੂੰ
ਸਰਾਵਾਂ ਬਣਾ ਦਿੱਤੀਆਂ
ਦਾਨ-ਪੁੰਨ ਵੀ ਕੀਤਾ
ਲੰਗਰ ਲਗਾ ਦਿੱਤੇ
ਮਦਦ ਵੀ ਕੀਤੀ ਲੋਕਾਂ ਦੀ
ਪਾਠ – ਪੂਜਾ ਵੀ ਕਰਦਾ ਏਂ
ਪਰ ਕੀ ਤੇਰੇ ਅੰਦਰੋਂ ਮੈਂ ਗਈ
ਜੱਦ ਤੇਰੇ ਅੰਦਰੋਂ ਮੈਂ ਨਹੀਂ ਗਈ
ਕਿ ਮੈਂ ਜੋ ਚਾਹੇ ਕਰ ਸਕਦਾ ਹਾਂ
ਪੈਸੇ ਦੇ ਬੱਲ ਬੂਤੇ ਤੇ ਜਾਇਜ਼ ਨਾਜਾਇਜ਼
ਸੱਭ ਕਰ ਸਕਦਾ ਹੈਂ ਤੂੰ ਤੇ।
ਹੈਂਕੜ ਤੇ ਗਈ ਨਹੀਂ ਤੇਰੀ ਕਿ
ਕਿਵੇਂ ਕਿਸੇ ਨੂੰ ਨੀਚਾ ਦਿਖਾਉਣਾ ਹੈ
ਕਿਵੇਂ ਕਿਸੇ ਦਾ ਤੋੜ- ਵਿਛੋੜਾ ਕਰਾਉਣਾ ਹੈ
ਮੁਹੱਬਤ ਦੀ ਜਗਹ ਕਿਵੇਂ ਕਿਸੇ ਦੇ ਅੰਦਰ
ਨਫ਼ਰਤ ਦੇ ਬੀਜ ਬੀਜਣੇ ਹਨ।
ਏ ਇਨਸਾਨ ! ਸਕੂਨ ਤੇ ਤੈਨੂੰ
ਇਕ ਪੱਲ ਵੀ ਨਹੀਂ ਕਿਤੇ
ਦੁਨੀਆਵੀ ਭੰਬਲ – ਭੂਸੇ ਵਿੱਚ
ਭਟਕਦਾ ਫਿਰ ਰਿਹਾ ਹੈ ਤੂੰ
ਗਲਤ ਹੈ ਕਿ ਤੂੰ ਪੈਸੇ ਦੇ
ਬੱਲ -ਬੂਤੇ ਤੇ ਸੱਭ ਕਰ ਸਕਦਾ ਹੈਂ
ਪੈਸੇ ਨੇ ਤੇਰੀ ਬੁੱਧੀ ਭ੍ਰਿਸ਼ਟ ਕੀਤੀ ਹੋਈ ਹੈ
ਅੱਖਾਂ ਤੇਰੀਆਂ ਤੇ ਝੂਠੀ ਤੇ ਫੋਕੀ
ਸ਼ੋਹਰਤ ਦੀ ਪੱਟੀ ਬੰਨੀ ਪਈ ਹੈ
ਇਹ ਪੈਸਾ , ਰੁਤਬੇ , ਸ਼ਾਨੋ-ਸ਼ੌਕਤ
ਸੱਭ ਇੱਥੇ ਹੀ ਰਹਿ ਜਾਣੈ ਹਨ
ਗੁਣ ਤੇ ਚੰਗੇ ਕੀਤੇ ਕੰਮ ਨਾਲ ਜਾਣਗੇ ਸਾਡੇ
ਏ ਇਨਸਾਨ ! ਅਜੇ ਵੀ ਕਹਿੰਦੀ ਹਾਂ
ਈਰਖਾ ਕਰਨੀ ਛੱਡ ਪਹਿਲਾਂ ਤੂੰ
ਤੇ ਮੈਂ ਨੂੰ ਅੰਦਰੋਂ ਦੂਰ ਭਜਾ
ਪਿਆਰ ਕਰ ਸੱਭਨਾਂ ਨਾਲ ।
ਇੱਕ ਹੀ ਹੋਕਾ ਬਾਰ ਬਾਰ
ਚੀਕ ਚੀਕ ਕੇ ਦਿਆਂਗੀ ਮੈਂ
ਪਹਿਲਾਂ
ਇਨਸਾਨ ਬਣੋ ਇਨਸਾਨ।
ਇਨਸਾਨ ਬਣੋ ਇਨਸਾਨ।।
ਗੁਰਬਾਣੀ ਵਿਚ ਵੀ ਸ਼ਬਦ ਹੈ
“ਸਭੇ ਸਾਝੀਵਾਲ ਸਦਾਇਨਿ ਤੂੰ ,
ਕਿਸੈ ਨ ਦਿਸਹਿ ਬਾਹਰਾ ਜੀਉ”
ਇਸੇ ਲਈ ਬਾਰ ਬਾਰ ਕਹਿੰਦੀ ਹਾਂ
ਇਨਸਾਨ ਬਣੋ ਇਨਸਾਨ
ਇਨਸਾਨ ਬਣੋ ਇਨਸਾਨ ।
( ਰਮਿੰਦਰ ਰੰਮੀ )
