
ਲੁਧਿਆਣਾ : 13 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਖੇ ‘ਸਮਰ ਕਰੈਸ਼ ਕੋਰਸ’ ਪੂਰਾ ਹੋਣ ‘ਤੇ ‘ਸਰਟੀਫਿਕੇਟ ਵੰਡ ਸਮਾਰੋਹ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਲੀਵੁੱਡ ਸੰਗੀਤ, ਨ੍ਰਿਤ ਅਤੇ ਸਾਜ਼ ਦੀਆਂ ਪੇਸ਼ਕਾਰੀਆਂ ਕੀਤੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਡੀਨ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ “ਜੀ ਆਇਆਂ” ਆਖਿਆ ਅਤੇ ਇੰਸਟੀਚਊਟ ਵਿਖੇ ਕਰਵਾਏ ਜਾ ਰਹੇ ਕੋਰਸਾਂ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇੰਸਟੀਚਊਟ ਵਿਚ ਗਾਇਕੀ, ਨ੍ਰਿਤ ਅਤੇ ਹਰ ਤਰ੍ਹਾਂ ਦੇ ਸਾਜ਼ ਵਜਾਉਣ ਦੀ ਸਿਖਲਾਈ ਅਤੇ ਆਡੀਓ-ਵੀਡੀਓ ਤਕਨਾਲੋਜੀ ਆਦਿ ਦੇ ਕੋਰਸ ਪਾਠ-ਕ੍ਰਮ ਵਿਧੀ ਅਨੁਸਾਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਡਾ. ਚਰਨ ਕਮਲ ਸਿੰਘ ਹੁਰਾਂ ਦੀ ਯੋਗ ਅਗਵਾਈ ਵਿਚ ਅੱਜ ਦਾ ਇਹ ਸਮਾਗਮ ਉਲੀਕਿਆ ਗਿਆ ਹੈ, ਡਾਇਰੈਕਟਰ ਸਾਹਿਬ ਵਿਦੇਸ਼ ਦੌਰੇ ਤੇ ਹੋਣ ਦੇ ਬਾਵਜੂਦ ਵੀ ਅੱਜ ਦੇ ਸਮਾਗਮ ਦਾ ਵੀਡੀਓ ਕਾਨਫਰੰਸ ਰਾਹੀਂ ਆਨੰਦ ਮਾਣ ਰਹੇ ਹਨ ਅਤੇ ਲਗਾਤਾਰ ਲੋੜੀਂਦੇ ਨਿਰਦੇਸ਼ ਦੇ ਕੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਤਤਪਰ ਹਨ।
ਪ੍ਰੋਗਰਾਮ ਦੀ ਸ਼ੁਰੂਆਤ ਕਲਾਸੀਕਲ ਦੀ ਸਿਖਿਆਰਥਣ ਹਰਸਿਮਰਨ ਕੌਰ ਨੇ ਗੁਰਬਾਣੀ ਦੇ ਸ਼ਬਦ ‘ਕਲਿਯੁਗ ਜਹਾਜ ਅਰਜਨ ਗੁਰੂ’ ਨਾਲ ਕੀਤੀ।
ਇਸ ਮੌਕੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਚ ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਪੁੱਜ ਕੇ ਸਿਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਦਿਆਰਥੀਆਂ ਵਿਚ ਕੋਮਲ ਕਲਾਵਾਂ ਉਜਾਗਰ ਕਰ ਰਿਹਾ ਹੈ ਜਿਸ ਨਾਲ ਭਵਿੱਖ ਦਾ ਸਮਾਜ ਇਕ-ਦੂਜੇ ਪ੍ਰਤੀ ਸੰਵੇਦਨਸ਼ੀਲ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਭਿਆਚਾਰਕ ਮਾਮਲੇ ਵਿਭਾਗ ਅਧੀਨ ਚੱਲ ਰਹੇ ਇਸ ਇੰਸਟੀਚਿਊਟ ਦਾ ਇਲਾਕਾ ਨਿਵਾਸੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਰੈਸ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰ. ਮੁਖਵਿੰਦਰ ਸਿੰਘ, ਉਘੇ ਯੂ.ਟਿਊਬਰ ਗਾਇਕ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਸਮਾਗਮ ਵਿਚ ਰਾਸ਼ੀ, ਜ਼ੀਨੀਅਲ, ਮੰਜੂ, ਬਲਦੇਵ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਲਿਵ ਕੌਰ, ਹਰਦਿਆਲ, ਰਵਿੰਦਰ ਕੁਮਾਰ ਨੇ ਮਧੁਰ ਸੰਗੀਤ ਪੇਸ਼ ਕੀਤਾ। ਇੰਸਟੀਚਿਊਟ ਦੇ ਸਿਖਿਆਰਥੀਆਂ ਵੱਲੋਂ ਹਿਪਹਾਪ ਦੀ ਪੇਸ਼ਕਾਰੀ ਵਿਚ ਖੁਸ਼ੀ, ਮੁਸਕਾਨ, ਦਕਸ਼, ਪਰੀਜ਼ਾਦ ਨੇ ਬਹੁਤ ਦਿਲਕਸ਼ ਪੇਸ਼ਕਾਰੀ ਦਿੱਤੀ। ਕੀ-ਬੋਰਡ ਦੀ ਪੇਸ਼ਕਾਰੀ ਖੁਸ਼ਪ੍ਰੀਤ, ਨੀਜ਼ਲ, ਇਵਾਨ ਨੇ ਕੀਤੀ। ਡਰੰਮ ਦੀ ਪੇਸ਼ਕਾਰੀ ਲਿਸ਼ਕਾਰ ਵਲੋਂ ਹੋਈ। ਗਿਟਾਰ ਦੀ ਪੇਸ਼ਕਾਰੀ ਅਭੀਉਦੈ ਵਲੋਂ ਕੀਤੀ ਗਈ। ਕੱਥਕ ਦੀ ਪੇਸ਼ਕਾਰੀ ਆਦਿਆ, ਸਾਨਵੀ, ਦਿਵਿਆਂਸ਼ੀ, ਅਨਨਿਆ, ਜੋਯਲ ਨੇ ਬਹੁਤ ਬਾਖੂਬੀ ਨਾਲ ਨਿਭਾਈ। ਭੰਗੜੇ ਵਿਚ ਇਸ਼ਟਮੀਤ, ਪਾਹੁਲ, ਵਾਰਿਸ, ਮਨਅਸੀਸ, ਅਨਾਹਦ ਕੌਰ, ਅਸਰੀਤ, ਅਵਨੀਤ, ਗੁਰਸ਼ਰਨ, ਰੋਮਨ, ਹਰਸੀਰਤ, ਅਨਾਹਤ ਕੌਰ, ਹਰਮਨ, ਵਨਦੀਪ, ਨੀਜ਼ਲ, ਸਹਿਜ ਕੌਰ, ਅਵੀਰਾਜ, ਬਖਸ਼ੀਸ਼, ਅਵਨੂਰ, ਏਕਨਾਮ, ਏਕਰੂਪ ਨੇ ਸਰੋਤਿਆਂ ਦਾ ਮਨ ਮੋਹ ਲਿਆ।
ਕਰੈਸ਼ ਕੋਰਸ ਦੇ ਸਿਖਿਆਰਥੀਆਂ ਨੇ 10 ਦਿਨਾਂ ਲਈ ਸਿਖਲਾਈ ਪ੍ਰਾਪਤ ਕੀਤੀ ਤੇ ਪੇਸ਼ਕਾਰੀਆਂ ਕੀਤੀਆਂ। ਇਸ ਦੇ ਨਾਲ ਹੀ ਜਿਹੜੇ ਸਿਖਿਆਰਥੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਖੇ ਲੰਮੇਰੇ ਸਮੇਂ ਤੋਂ ਸਿਖਿਆ ਲੈ ਰਹੇ ਹਨ ਉਨ੍ਹਾਂ ਦੀਆਂ ਪੇਸ਼ਕਾਰੀਆਂ ਸੁਣ ਕੇ ਸਰੋਤੇ ਅਸ਼-ਅਸ਼ ਕਰ ਉਠੇ। ਰੈਗੂਲਰ ਕੋਰਸ ਦੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇਖ ਕੇ ਕਰੈਸ਼ ਕੋਰਸ ਦੇ ਬਹੁਤਾਤ ਸਿਖਿਆਰਥੀਆਂ ਨੇ ਵੀ ਰੈਗੂਲਰ ਕੋਰਸ ਵਿਚ ਦਾਖਲਾ ਕਰਵਾਉਣ ਦਾ ਵਾਅਦਾ ਕੀਤਾ।
ਸਮਾਗਮ ਦੇ ਸਟੇਜ ਦਾ ਸੰਚਾਲਨ ਨ੍ਰਿਤ ਅਧਿਆਪਕਾ ਮਿਸਿਜ਼ ਸ਼ੀਤਲ ਸ਼ਰਮਾ ਨੇ ਬਾਖੂਬੀ ਕੀਤਾ।
