ਮੈਂ ਬੜਾ ਕੁਝ ਲਿਖ ਦਿੱਤਾ ਹੈ, ਹੋਰ ਇਸ ਤੋਂ ਬਾਅਦ ਕੀ ਲਿਖਾਂ,
ਕਮਜ਼ੋਰ ਔਰਤ ਦੀ ਦਬੀ ਹੋਈ ਆਵਾਜ਼ ਕੀ ਲਿਖਾਂ,
ਵਾਤਾਵਰਣ, ਖੁਰਾਕ, ਪਾਣੀ ਸਾਫ਼ ਅਤੇ ਸ਼ੁੱਧ ਨਹੀਂ,
ਮੈਂ ਹੁਣ ਇਨਸਾਨ ਦੀ ਉਮਰ ਦਰਾਜ ਕੀ ਲਿਖਾਂ,
ਰਿਸ਼ਤਿਆਂ ਵਿੱਚ ਮੋਹ, ਪਿਆਰ ਨਾਂ ਰਹਿਣ ਕਰਕੇ,
ਜ਼ਿੰਦਗੀ ਦੇ ਵਜਦੇ ਹੋਏ ਬੇਸੁਰੇ ਸਾਜ਼ ਕੀ ਲਿਖਾਂ,
ਸਹੁਰਿਆਂ ਦੇ ਪਰਿਵਾਰ ਵਿੱਚ ਇੱਜ਼ਤ, ਮਾਣ ਦਾ ਨਾਂ ਮਿਲਣਾਂ,
ਗ਼ਰੀਬ ਨੇ ਧੀ ਨੂੰ ਦਿੱਤਾ ਹੋਇਆ ਘੱਟ ਦਾਜ ਕੀ ਲਿਖਾਂ,
ਹੱਦ ਤੋਂ ਵੱਧ ਮਹਿੰਗਾਈ ਹੋਣ ਕਰਕੇ ਕਰਜਦਾਰ ਪਰੇਸ਼ਾਨ ਹਨ,
ਮੂਲਧਨ ਤੋਂ ਵੀ ਵਧਦੇ ਜਾਂਦੇ ਅੱਜ-ਕੱਲ੍ਹ ਵਿਆਜ ਕੀ ਲਿਖਾਂ,
ਬੇਰੁਜ਼ਗਾਰ ਹੋਣ ਕਰਕੇ ਨੌਜਵਾਨ ਮੁੰਡੇ, ਕੁੜੀਆਂ ਜੋ ਵਿਹਲੇ ਰਹਿਣ ਲਈ ਮਜਬੂਰ ਹਨ,
ਕੋਈ ਲਾਭ ਨਾਂ ਹੋਣ ਕਰਕੇ ਰੁਕੇ ਹੋਏ ਕੰਮ ਕਾਜ ਕੀ ਲਿਖਾਂ,
ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ ਆਦਿ ਨੂੰ ਦੂਰ ਕਰਨ ਵਾਲੇ਼,
ਵਿਦੇਸ਼ਾਂ ਵੱਲ ਨੂੰ ਉੱਡੇ ਜਾਂਦੇ ਹਵਾਈ ਜਹਾਜ਼ ਕੀ ਲਿਖਾਂ,
ਰੇਹ, ਸਪਰੇਅ ਵਰਤਦੇ ਹਨ ਅੱਜਕਲ੍ਹ ਫ਼ਸਲ ਦੀ ਕਾਸ਼ਤ ਵਧਾਉਣ ਲਈ,
ਕਣਕ, ਝੋਨਾਂ, ਛੋਲੇ, ਮੂੰਗੀ ਆਦਿ ਅਨਾਜ ਕੀ ਲਿਖਾਂ।
ਸਿਹਤ ਨੂੰ ਨੁਕਸਾਨ ਪਹੁੰਚਾਈ ਜਾਣ ਜੋ ਵਸਤੂਆਂ ਤਾਕਤ ਦਿੰਦੀਆਂ ਸਨ,
ਠੰਢੇ ਅਤੇ ਗਰਮ, ਮਿੱਠੇ ਅਤੇ ਖੱਟੇ ਖਾਣੇ ਦਾ ਸਵਾਦ ਕੀ ਲਿਖਾਂ,
ਰੱਖਦੇ ਨੇ ਜੋ ਬੁਰੀ ਨਜ਼ਰ ਬੇਗਾਨੀ ਧੀ -ਭੈਣ ਦੇ ਘਰ ਵਿੱਚ ਆ ਕੇ,
ਉਹਨਾਂ ਯਾਰ ਗਦਾਰਾਂ ਨੂੰ ਮੈਂ ਬੇਈਮਾਨ, ਧੋਖੇਬਾਜ਼ ਕੀ ਲਿਖਾਂ,
ਰੱਬ ਦੀ ਰਜਾ ਦਾ ਕੋਈ ਭੇਤ ਨਹੀਂ ਜਾਣ ਸਕਦਾ ਇਸ ਦੁਨੀਆਂ ਵਿੱਚ,
‘ਦਿਲਸ਼ਾਨ’ ਕਹਿੰਦਾ ਹੈ ਹੁਣ ਮੈਂ ਆਪਣੀ ਔਕਾਤ ਤੇ ਮਿਆਦ ਕੀ ਲਿਖਾਂ।
ਦਿਲਸ਼ਾਨ, ਮੋਬਾਈਲ -9914304172

