ਏ ਮੌਤ
ਮੈਂ ਤਾਂ ਹਰ ਪੱਲ
ਤੇਰਾ ਇੰਤਜ਼ਾਰ ਕਰ ਰਹੀ ਹਾਂ
ਤੂੰ ਜੱਦ ਵੀ ਆਵੀਂ
ਬੱਸ ਮਲਕੜੇ ਜਿਹੇ ਆ ਜਾਵੀਂ
ਮੈਂ ਤੈਨੂੰ ਤਿਆਰ ਮਿਲਾਂਗੀ
ਇਕ ਦਮ ਤੇਰੇ ਨਾਲ ਤੁਰ ਪਵਾਂਗੀ
ਪਿਛਾਂਹ ਮੁੜ ਕੇ ਨਹੀੰ ਦੇਖਾਂਗੀ
ਮਤਾਂ ਆਪਣਿਆਂ ਦਾ ਮੋਹ
ਫਿਰ ਨਾ ਜਾਗ ਪਏ ਤੇ
ਮੇਰੇ ਕਦਮ ਕਿਤੇ ਲੜਖੜਾ ਨਾ ਜਾਣ
ਜ਼ਿਆਦਾ ਦਰਦ ਵੀ ਨਾ ਦੇਣਾ
ਦਰਦ ਤੇ ਪਹਿਲਾਂ ਹੀ ਬਹੁਤ ਨੇ
ਜਿਹਨਾਂ ਦੀ ਪੰਡ ਚੁੱਕੀ ਫਿਰਦੀ ਹਾਂ
ਮੈਂ ਆਪਣੇ ਕਿਸੇ ਨੂੰ ਕੋਈ ਵੀ
ਦੁੱਖ ਦਰਦ ਨਹੀਂ ਦੇਣਾ ਚਾਹੁੰਦੀ
ਉਹਨਾਂ ਦੇ ਚਿਹਰੇ ਤੇ ਉਦਾਸੀ
ਵੀ ਨਹੀਂ ਦੇਖ ਸਕਦੀ
ਬੱਸ ਮਨ ਭਰ ਗਿਆ ਹੁਣ
ਜੀਊਣ ਤੇ ਦਿਲ ਹੀ ਨਹੀਂ ਕਰਦਾ
ਰਿਸ਼ਤੇ ਨਿਭਾਉਂਦੇ ਨਿਭਾਉਂਦੇ
ਦੂਸਰਿਆਂ ਨੂੰ ਖ਼ੁਸ਼ ਕਰਦੇ ਕਰਦੇ
ਮੁੱਹਬਤਾਂ ਵੰਡਦੇ ਵੰਡਦੇ
ਥੱਕ ਗਈ ਹਾਂ
ਸਕੂਨ ਦੀ ਨੀਂਦ ਸੌਣਾ ਚਾਹੁੰਦੀ ਹਾਂ
ਸੁਣਿਆ ਸੀ ਕਿ ਪਤਾ ਨਹੀਂ
ਤੇਰੇ ਵਿੱਚ ਐਸਾ ਕੀ ਹੈ
ਜਿਸਨੂੰ ਵੀ ਤੂੰ ਇਕ ਵਾਰ
ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ
ਉਹ ਸਦਾ ਲਈ ਤੇਰਾ ਹੋ ਜਾਂਦਾ ਹੈ
ਮੈਂ ਵੀ ਸਦਾ ਲਈ ਤੇਰੀ ਹੋਣਾ ਲੋਚਦੀ ਹਾਂ
ਤੂੰ ਜੱਦ ਵੀ ਆਈਂ ਬਿਨਾਂ ਦੱਸੇ ਆ ਜਾਈਂ
ਮੈਨੂੰ ਆਪਣੇ ਆਗੋਸ਼ ਵਿੱਚ ਭਰ ਲਈ
ਤਾਂਕਿ ਮੈਂ ਸਕੂਨ ਨਾਲ ਸਦਾ ਲਈ
ਮਿੱਠੀ ਨੀਂਦ ਸੋ ਜਾਵਾਂ ਤੇ ਫਿਰ
ਇਹ ਅੱਖਾਂ ਕਦੀ ਨਾ ਖੁੱਲ੍ਹਣ
ਏ ਮੌਤ ਤੂੰ ਜੱਦ ਵੀ ਆਈਂ
ਚੁੱਪਕੇ ਜਿਹੇ ਆ ਜਾਵੀਂ
ਮੈਂ ਤੈਨੂੰ ਤਿਆਰ ਮਿਲਾਂਗੀ
ਏ ਮੌਤ ।
ਗੁਰਬਾਣੀ ਵਿੱਚ ਲਿਖਿਆ ਹੈ
“ ਮਰਨਾ ਸੱਚ , ਜਿਊਣਾ ਝੂਠ “
( ਰਮਿੰਦਰ ਰੰਮੀ )
