— ਟਰੱਸਟ ਆਗੂਆਂ ਨੇ ਕੀਤੀ ਸ਼ਿਰਕਤ —
ਫਰੀਦਕੋਟ 23 ਜੁਲਾਈ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਨਾਮਣਾ ਖੱਟਣ ਵਾਲੀ ਗੈਰ ਸਰਕਾਰੀ ਅਤੇ ਗੈਰ ਰਾਜਨੀਤਕ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਜਿਲ੍ਹੇ ਦੇ ਸਰਕਾਰੀ ਸਕੂਲ ਅੰਦਰ ਰੁੱਖ ਲਗਾਓ ਮੁਹਿੰਮ ਲਗਾਤਾਰ ਜਾਰੀ ਹੈ। ਇਸ ਲੜੀ ਅਧੀਨ ਅੱਜ ਜਿਲ੍ਹੇ ਦੇ ਸ਼ਹੀਦ ਗੁਰਪ੍ਰੀਤ ਸਿੰਘ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਸਕੂਲ ਢਿੱਲਵਾਂ ਕਲਾਂ ਵਿਖੇ 51 ਪੌਦੇ ਲਗਾਏ ਗਏ। ਪੌਦੇ ਲਾਉਣ ਦੀ ਇਹ ਰਸਮ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਅਤੇ ਸਕੂਲ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਇਸ ਸਮੇਂ ਸਕੂਲ ਸਟਾਫ ਦੇ ਰੂਪਿੰਦਰ ਸਿੰਘ, ਅਵਿਨਵ, ਮੀਨਾਕਸ਼ੀ, ਦੀਪ ਅਮਰ, ਪਰਮਪਾਲ ਕੌਰ, ਗੁਰਸ਼ਰਨ ਸਿੰਘ, ਕੁਲਵੰਤ ਸਿੰਘ ਅਤੇ ਜਸਕਰਨ ਸਿੰਘ ਸਮੇਤ ਸਕੂਲੀ ਵਿਦਿਆਰਥੀ ਮੌਜੂਦ ਸਨ। ਪੌਦੇ ਲਾਉਣ ਸਮੇਂ ਪ੍ਰਿੰ. ਪੰਨਾ ਲਾਲ ਪੀ.ਈ. ਐੱਸ.-1 ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਢੋਸੀਵਾਲ ਨੇ ਕਿਹਾ ਕਿ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਬੇਹੱਦ ਅਹਿਮ ਭੂਮਿਕਾ ਹੈ। ਸਾਨੂੰ ਰੁੱਖਾਂ ਨੂੰ ਆਪਣੇ ਪੁੱਤਾਂ ਵਾਂਗੂੰ ਪਾਲਣਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਅਤੇ ਟਰੱਸਟ ਆਗੂ ਇੰਸ. ਬਾਰੋਲੀਆ ਨੇ ਵਿਦਿਆਰਥੀਆਂ ਨੂੰ ਆਪਣਾ ਜੀਵਨ ਵਿੱਚ ਹਰ ਸਾਲ ਘੱਟੋ-ਘੱਟ ਪੰਜ ਰੁੱਖ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਦਰਦੀ ਨੇ ਕਿਹਾ ਕਿ ਰੁੱਖਾਂ ਦੀ ਬੇਤਹਾਸ਼ਾ ਕਟਾਈ ਅਤੇ ਸਹੀ ਸੇਵਾ ਸੰਭਾਲ ਨਾ ਹੋਣਾ ਸਮੁੱਚੀ ਮਾਨਵਤਾ ਲਈ ਖਤਰੇ ਦੀ ਘੰਟੀ ਹੈ। ਆਪਣੇ ਸਕੂਲ ਵਿੱਚ ਪੌਦੇ ਲਾਉਣ ਲਈ ਸਕੂਲ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਆਗੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਟਰੱਸਟ ਮਹੱਤਵ ਪੂਰਨ ਰੋਲ ਅਦਾ ਕਰ ਰਿਹਾ ਹੈ। ਮੁੱਖ ਅਧਿਆਪਕਾ ਨੇ ਟਰੱਸਟ ਵੱਲੋਂ ਲਗਾਏ ਗਏ ਸਾਰੇ ਪੌਦਿਆਂ ਦੀ ਸਹੀ ਦੇਖ ਭਾਲ ਦਾ ਵਿਸ਼ਵਾਸ਼ ਵੀ ਦਿਵਾਇਆ। ਅੱਜ ਇੱਥੇ ਟਰੱਸਟ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਨੇ ਦੱਸਿਆ ਹੈ ਕਿ ਅਗਲੇ ਹਫ਼ਤੇ ਟਰੱਸਟ ਵੱਲੋਂ ਜਿਲ੍ਹੇ ਦੇ ਕੁਝ ਹੋਰ ਸਕੂਲਾਂ ਵਿੱਚ ਵੀ ਪੌਦੇ ਗਾਏ ਜਾਣਗੇ।

