ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਸੱਤਾਧਾਰੀ ਧਿਰ ’ਤੇ ਲਾਏ ਦੋਸ਼!
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਢੋਡਾ ਚੌਂਕ ਵਿੱਚ ਸਥਿੱਤ ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ ਚੋਣ ਲੜ ਰਹੇ ਉਮੀਦਵਾਰ ਯੋਗੇਸ਼ ਗਰੋਵਰ (ਬੰਟੀ) ਦੀ ਰੈਡੀਮੇਡ ਗਾਰਮੈਂਟਸ ਦੁਕਾਨ ’ਤੇ ਜੀਐਸਟੀ ਵਿਭਾਗ ਵਲੋਂ ਅਸਿਸਟੈਂਟ ਕਮਿਸ਼ਨਰ ਵਰੁਨ ਨਾਗਪਾਲ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ। ਜਿਸ ਨੂੰ ਵਿਰੋਧੀ ਪਾਰਟੀਆਂ ਨੇ ਦਬਾਅ ਅਤੇ ਗੁੰਡਾਗਰਦੀ ਦੀ ਰਾਜਨੀਤੀ ਗਰਦਾਨਦਿਆਂ ਸੱਤਾਧਾਰੀ ਧਿਰ ਖਿਲਾਫ ਨਾਹਰੇਬਾਜੀ ਕੀਤੀ ਅਤੇ ਗੰਭੀਰ ਦੋਸ਼ ਲਾਏ। ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਅਕਾਲੀ ਆਗੂ ਕੁਲਤਾਰ ਸਿੰਘ ਬਰਾੜ, ਭਾਜਪਾ ਆਗੂ ਸੁਨੀਤਾ ਗਰਗ ਸਮੇਤ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾ ਵਿੱਚ ਆਪਣੀ ਹਾਰ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਵਲੋਂ ਇਸ ਤਰਾਂ ਦੀਆਂ ਡਰਾਉਣ ਅਤੇ ਧਮਕਾਉਣ ਵਾਲੀਆਂ ਗਲਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕ ਸਰਕਾਰ ਦੀਆਂ ਬਦਲਾਖੋਰੀ ਵਾਲੀਆਂ ਨੀਤੀਆਂ ਦਾ ਜਵਾਬ ਵੋਟ ਰਾਹੀਂ ਦੇਣਗੇ। ਜਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 14 ਤੋਂ ਚੋਣ ਮੈਦਾਨ ’ਚ ਉਤਰੇ ਬੰਟੀ ਗਰੋਵਰ ਵਲੋਂ ਢੋਡਾ ਚੋਂਕ ਵਿਖੇ ਬੰਟੀ ਫੈਸ਼ਨ ਦੇ ਨਾਮ ਹੇਠ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਚਲਾਇਆ ਜਾ ਰਿਹਾ ਹੈ। ਜੀਐਸਟੀ ਵਿਭਾਗ ਦੀ ਟੀਮ ਦੀ ਹਾਜਰੀ ਵਿੱਚ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ ਲਈ ਇਸ ਤਰ੍ਹਾਂ ਦੀਆਂ ਕੋਝੀਆਂ ਕਾਰਵਾਈਆਂ ਕਰ ਰਹੀ ਹੈ। ਅਸਿਸਟੈਂਟ ਕਮਿਸ਼ਨਰ ਵਰੁਨ ਨਾਗਪਾਲ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਹ ਚੈਕਿੰਗ ਰੁਟੀਨ ਦੀ ਕਾਰਵਾਈ ਦਾ ਹਿੱਸਾ ਹੈ।

