ਮਹਿੰਗੀ ਪਈ ਆਜ਼ਾਦੀ ਸਾਨੂੰ,
ਮਹਿੰਗੀ ਪਈ ਆਜ਼ਾਦੀ।
ਦਿੱਲੀ ਬੈਠੇ ਕੀ ਵੀ ਜਾਨਣ,
ਕਿਹਨੂੰ ਕਹਿੰਦੇ ਨੇ ਬਰਬਾਦੀ।
ਮਹਿੰਗੀ ਪਈ ਆਜ਼ਾਦੀ ਸਾਨੂੰ,
ਮਹਿੰਗੀ ਪਈ ਆਜ਼ਾਦੀ।
ਸਾਂਝੇ ਚੁੱਲ੍ਹੇ, ਸਾਂਝੇ ਪਿੰਡ,
ਸਾਡੀ ਸਾਂਝੀ ਲੰਬੜਦਾਰੀ ਸੀ।
ਸਾਂਝੇ ਖੂਹ, ਸਾਂਝੀਆਂ ਟਿੰਡਾਂ,
ਸਾਂਝੀ ਹੀ ਸਰਦਾਰੀ ਸੀ।
ਐਸੀ ਖਿੱਚੀ ਲੀਕ ਜ਼ਾਲਮਾਂ,
ਹਰ ਹੱਥ ਦੇ ਵਿਚ ਕਟਾਰੀ ਸੀ।
ਕੁਝ ਐਥੋਂ, ਕੁਝ ਉੱਥੋਂ ਆਈਆਂ,
ਰੇਲ ਲਾਸ਼ਾਂ ਤੋਂ ਨਾ ਭਾਰੀ ਸੀ।
ਲੁੱਟਾਂ ਖੋਹਾਂ ਇੱਜ਼ਤਾਂ ਰੁਲੀਆਂ,
ਹਰ ਪਾਸੇ ਚੜੀ ਖੁਮਾਰੀ ਸੀ।
ਪੱਤ ਧੀ ਦੀ ਨਾ ਹੋ ਜੇ ਮਿੱਟੀ,
ਮਾਂ ਧੀ ਆਪਣੀ ਵੀ ਸਾੜੀ ਸੀ।
ਹਾਕਮ ਲੋਕਾਂ ਜਸ਼ਨ ਮਨਾਏ,
ਸਾਥੋਂ ਗਈ ਰੋਟੀ ਨਾ ਖਾਧੀ।
ਮਹਿੰਗੀ ਪਈ ਆਜ਼ਾਦੀ ਸਾਨੂੰ,
ਮਹਿੰਗੀ ਪਈ ਆਜ਼ਾਦੀ।
ਜਾਨਾਂ ਬਚਾ ਕੇ ਨਿੱਕਲੇ ਰਾਤੀਂ,
ਕੁਝ ਰਾਹਾਂ ਵਿਚ ਗਏ ਲੁੱਟੇ ਸੀ।
ਸੱਜ ਵਿਆਹੀਆਂ ਕਈ ਮੁਟਿਆਰਾਂ,
ਗਾਨਿਆਂ ਸਣੇ ਹੀ ਚੂੜੇ ਟੁੱਟੇ ਸੀ।
ਗੱਭਰੂ ਪੁੱਤਾਂ ਦੀਆਂ ਲਾਸ਼ਾਂ ਨੂੰ,
ਖਾਂਦੇ ਚੌਂਕ ਚੁਰਾਹੇ ਕੁੱਤੇ ਸੀ।
ਕਿਸੇ ਰੱਜ ਜਵਾਨੀ ਮਾਣੀ ਨਾ,
ਜੋ ਤੁਰ ਗਏ ਜੋਬਨ ਰੁੱਤੇ ਸੀ।
ਵਾਂਗ ਕਾਫ਼ਰਾਂ ਕਰਦੇ ਹਮਲੇ,
ਬਣ ਬਣ ਕੇ ਝਰਮੁੱਟੇ ਸੀ।
ਲਾਹ ਕੇ ਗੱਡੇ ਉੱਤੋਂ ਵੱਢਿਆ,
ਪਈ ਮਾਰੇ ਚੀਕਾਂ ਭਾਬੀ।
ਮਹਿੰਗੀ ਪਈ ਆਜ਼ਾਦੀ ਸਾਨੂੰ,
ਮਹਿੰਗੀ ਪਈ ਆਜ਼ਾਦੀ।
ਅਸੀਂ ਵੱਸਦੇ ਉਜੜੇ ਇੱਕੋ ਹਾਲੀਂ,
ਖਾਧਾ ਟੁੱਕ ਕੋਲ ਨਾ ਬਾਣਾ।
ਹਰ ਪਾਸੇ ਚੀਕਾਂ ਦਰਦ ਦੀਆਂ,
ਪਿਆ ਇਹ ਕੀ ਸੰਤਾਪ ਹੰਡਾਣਾ।
ਛੱਡ ਕੇ ਆਏ ਨਾ ਖਬਰਾਂ ਮਿਲੀਆਂ,
ਸਾਥੋਂ ਦੂਰ ਹੋਇਆ ਨਨਕਾਣਾ।
ਬਾਬਾ ਤੇਰੇ ਸਿੱਖਾਂ ਉੱਤੇ,
ਇਹ ਕੀ ਕੀ ਵਰਤਿਆ ਭਾਣਾ।
ਬੁਰਜੀਆਂ ਲੱਗੀਆਂ ਦਿੱਸਣ ਬਾਕੀ,
ਬੰਦ ਹੋ ਗਿਆ ਆਣਾ ਜਾਣਾ।
ਉਸ ਪਾਰ ਪਈ ਮਾਰੇ ਹਾਕਾ,
ਮੇਰੀ ਛੋਟੀ ਭੈਣ ਗੁਲਾਬੀ।
ਮਹਿੰਗੀ ਪਈ ਆਜ਼ਾਦੀ ਸਾਨੂੰ,
ਮਹਿੰਗੀ ਪਈ ਆਜ਼ਾਦੀ।
ਬਲਵਿੰਦਰ ਸਿੰਘ ਸਾਫੀ਼
ਮੋਬਾਈਲ 8054175945