ਕੋਟਕਪੂਰਾ, 13 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਸਰਵ ਸਮਾਜ ਓਬੀਸੀ ਰੈਲੀ ਰੱਖੀ ਗਈ। ਇਸ ਰੈਲੀ ਦੇ ਮੁੱਖ ਮਹਿਮਾਨਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਰੈਲੀ ਦੀ ਪ੍ਰਧਾਨਗੀ ਰਣਬੀਰ ਸਿੰਘ ਗੰਗਵਾ ਭਵਨ ਅਤੇ ਨਿਰਮਾਣ ਮੰਤਰੀ ਹਰਿਆਣਾ ਸਨ। ਇਸ ਰੈਲੀ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿਲੋਂ, ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਸੰਦੀਪ ਕੁਮਾਰ ਜਾਖੜ ਵਿਧਾਇਕ ਅਬੋਹਰ ਅਤੇ ਭਾਜਪਾ ਦੇ ਸੀਨੀਅਰ ਆਗੂ ਪਹੁੰਚੇ ਹੋਏ ਸਨ। ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਦਾਰਾ ਦੀ ਅਗਵਾਈ ਵਿਚ ਪੰਜਾਬ ਆ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਸ਼ਾਂਤ ਮਈ ਵਿਰੋਧ ਕੀਤਾ ਜਾਣਾ ਸੀ ਪਰ ਪੁਲਿਸ ਪ੍ਰਸਾਸ਼ਨ ਵਲੋਂ ਇਕੱਠੇ ਹੋਏ ਸੈਂਕੜੇ ਕਿਸਾਨਾਂ ਅਤੇ ਮਜਦੂਰਾਂ ਨੂੰ ਹਿਰਾਸਤ ਵਿੱਚ ਲੈਕੇ ਥਾਣਾ ਬਹਾਵ ਵਾਲਾ ਵਿਖ਼ੇ ਬੰਦ ਕਰ ਦਿੱਤਾ ਗਿਆ।ਕਿਸਾਨ ਅਤੇ ਮਜਦੂਰਾਂ ਦੀ ਨਾਜਾਇਜ਼ ਤੌਰ ਤੇ ਹਿਰਾਸਤ ਵਿੱਚ ਲੈਣ ਤੇ ਚੌਧਰੀ ਮਨੋਜ ਕੁਮਾਰ ਗੋਦਾਰਾ ਵਲੋਂ ਸਖਤ ਨਿਖੇਦੀ ਕੀਤੀ ਗਈ। ਕਿਸਾਨਾਂ ਅਤੇ ਮਜਦੂਰਾਂ ਨੂੰ ਨਾਜਾਇਜ ਤੌਰ ਤੇ ਹਿਰਾਸਤ ਵਿੱਚ ਲੈਣ ਤੇ ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਕਿਹਾ ਕਿ 700 ਕਿਸਾਨਾਂ ਦੀ ਕਾਤਲ ਭਾਰਤੀ ਜਨਤਾ ਪਾਰਟੀ ਦਾ ਹਰੇਕ ਮੰਚ ਤੇ ਵਿਰੋਧ ਕੀਤਾ ਜਾਵੇਗਾ। ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਦੱਸਿਆ ਕਿ ਓਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਭਾਜਪਾ ਦਵਾਰਾ ਚੱਲ ਰਹੀ ਕੇਂਦਰ ਸਰਕਾਰ ਵਲੋਂ ਅੱਜ ਤੱਕ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਕਿਓਂ ਨਹੀਂ ਕੀਤੀ? ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਕਿਓਂ ਰੋਕਿਆ ਗਿਆ? ਫਿਟਮੈਂਨ ਫੈਕਟਰ ਅਨੁਸਾਰ ਅਧਿਕਾਰੀ/ਅਫ਼ਸਰ ਅਤੇ ਸੈਨਿਕਾਂ ਵਿੱਚ ਭਤਿਆਂ ਵਿੱਚ ਅਨੁਪਾਤਕ ਫਰਕ ਕਿਓਂ ਰੱਖਿਆ ਗਿਆ ਹੈ। ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਸੰਗਿਆ ਦੇਣ ਵਾਲੇ ਭਾਜਪਾ ਦੇ ਲੀਡਰ ਅੱਜ ਕਿਹੜੇ ਮੂੰਹ ਨਾਲ ਪੰਜਾਬ ਤੇ ਰਾਜ ਕਰਨ ਦੀਆਂ ਗੱਲਾਂ ਕਰ ਰਹੇ ਹਨ, ਕੀ ਪੰਜਾਬੀ ਹੁਣ ਪਾਕਿਸਤਾਨੀ, ਅੱਤਵਾਦੀ, ਵੱਖਵਾਦੀ ਨਹੀਂ ਹਨ? ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਐਮ ਐਸ ਪੀ ਲਾਗੂ ਕਰਨ ਦਾ ਵਾਇਦਾ ਕਰਕੇ ਕਿਓਂ ਮੁਕਰੀ, ਅਜੇ ਤੱਕ ਐਮ ਐਸ ਪੀ ਲਾਗੂ ਕਿਓਂ ਨਹੀਂ ਕੀਤਾ ?ਸੈਨਿਕਾਂ ਤੇ ਹੋਏ ਪੁਲਵਾਮਾ ਅਟੈਕ ਵਿੱਚ ਸ਼ਹੀਦ ਹੋਏ ਸੈਨਿਕਾ ਤੇ ਹਮਲਾ ਕਿਸ ਨੇ ਕੀਤਾ, ਦੋਸ਼ੀ ਗ੍ਰਿਫਤਾਰ ਕਿਓਂ ਨਹੀਂ ਕੀਤੇ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਕਿਓਂ ਨਹੀਂ ਸੌਂਪੀ ਗਈ? ਇਸ ਮੌਕੇ ਬੋਲਦਿਆਂ ਗੁਰਮੀਤ ਸਿੰਘ ਪਰਾਜਪਤੀ ਜਿਲ੍ਹਾ ਪ੍ਰਧਾਨ ਫ਼ਾਜਿਲਕਾ ਨੇ ਦੱਸਿਆ ਕਿ ਅਬੋਹਰ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਰੱਖੀ ਰੈਲੀ ਦਾ ਨਾਮ ਓਬੀਸੀ ਰੈਲੀ ਰੱਖਿਆ ਗਿਆ ਸੀ ਪਰ ਰੈਲੀ ਨੂੰ ਸੰਬੋਧਨ ਕਰਨ ਵਾਲੇ ਨਾਇਬ ਸਿੰਘ ਸੈਣੀ ਸਮੇਤ ਕਿਸੇ ਵੀ ਭਾਜਪਾ ਆਗੂ ਵਲੋਂ ਓਬੀਸੀ ਵਰਗ ਦੀ ਭਲਾਈ ਲਈ ਇੱਕ ਸ਼ਬਦ ਵੀ ਮੂੰਹੋਂ ਨਹੀਂ ਬੋਲਿਆ। ਇਸਤੋਂ ਸਾਫ ਝਲਕ ਰਿਹਾ ਸੀ ਕਿ ਇਸ ਰੈਲੀ ਦਾ ਨਾਂ ਓਬੀਸੀ ਵਰਗ ਨੂੰ ਗੁੰਮਰਾਹ ਕਰਨ ਲਈ ਰੱਖਿਆ ਗਿਆ ਸੀ। ਗ੍ਰਿਫਤਾਰੀ ਦੇਣ ਵਾਲੇ ਕਿਸਾਨਾਂ ਵਿੱਚ ਅਵਤਾਰ ਸਿੰਘ ਸਰਕਲ ਪ੍ਰਧਾਨ, ਬਲਕਰਨ ਸਿੰਘ ਪਟੀ ਸਦੀਕ, ਜਸਵੀਰ ਸਿੰਘ ਗੁਨਾ ਸਰਕਲ ਪ੍ਰਧਾਨ ਆਜ਼ਮ ਵਾਲਾ, ਸੁਦੇਸ਼ ਸਿਆਗ, ਅਮਿਤ ਕੁਮਾਰ, ਪਵਨ ਬਿਸ਼ਨੋਈ, ਸੈਸ਼ਕਰਨ ਗਿਲਾ, ਜਗਦੇਵ ਸਿੰਘ, ਸ਼ਕੀਲਾ, ਸੁਭਾਸ਼ ਭਾਗਸਰ, ਬਲਵਿੰਦਰ ਸਿੰਘ ਦੁਲਾ ਮੱਠਾੜੂ ਪ੍ਰਧਾਨ ਕਿੱਕਰ ਖੇੜਾ, ਪ੍ਰਹਲਾਦ ਮੇਘਵਾਲ, ਰਜਿੰਦਰ ਸ਼ਾਕਿਆ, ਮਾਸਟਰ ਰਾਮ ਚੰਦਰ ਸ਼ਾਕਿਆ ਅਤੇ ਹੋਰ ਸੈਂਕੜੇ ਕਿਸਾਨ ਅਤੇ ਮਜਦੂਰ ਸ਼ਾਮਲ ਸਨ।

