ਪੰਜਾਬ ਦੇ ਮੁੱਖ ਮੰਤਰੀ ਨੇ ਖੇਤੀ ਨੂੰ ਆਧੁਨਿਕ ਬਨਾਉਣ ਲਈ ਪੀ.ਏ.ਯੂ. ਦੀ ਹਰ ਸੰਭਵ ਇਮਦਾਦ ਦਾ ਭਰੋਸਾ ਦਿੱਤਾ

ਲੁਧਿਆਣਾ 19 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕਿਸਾਨਾਂ ਦੇ ਭਾਰੀ ਇਕੱਠ ਨਾਲ ਅੱਜ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਅਰੰਭ ਹੋ ਗਿਆ | ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸ਼ਾਮਿਲ ਹੋਏ | ਉਹਨਾਂ ਨੇ ਆਪਣੇ ਕਰ-ਕਮਲਾਂ ਨਾਲ ਮੇਲੇ ਦਾ ਉਦਘਾਟਨ ਕਰਨ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਵੀ ਕੀਤਾ | ਉਦਘਾਟਨੀ ਸ਼ੈਸਨ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਸ. ਸੁਖਜੀਤਪਾਲ ਸਿੰਘ ਨੇ ਕੀਤੀ| ਇਸ ਤੋਂ ਇਲਾਵਾ ਲੁਧਿਆਣਾ ਖੇਤਰ ਦੇ ਵੱਖ-ਵੱਖ ਹਲਕਿਆਂ ਦੇ ਵਿਧਾਇਕ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ ਅਤੇ ਇੰਜ: ਅਮਰਜੀਤ ਸਿੰਘ ਢਿੱਲੋਂ, ਲੁਧਿਆਣਾ ਦੇ ਮੇਅਰ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ|
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਕਲਾਕਾਰ ਦੇ ਤੌਰ ਤੇ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਰਹੇ ਹਨ | ਉਹਨਾਂ ਦੀ ਪੀ.ਏ.ਯੂ. ਦੀ ਦੇਣ ਨੂੰ ਇਤਿਹਾਸਕ ਕਿਹਾ ਅਤੇ ਦੱਸਿਆ ਕਿ ਦੁਨੀਆਂ ਦੀਆਂ 100 ਸਿਖਰਲੀਆਂ ਸੰਸਥਾਵਾਂ ਵਿਚ ਸ਼ਾਮਿਲ ਹੋ ਕੇ ਇਸ ਸੰਸਥਾ ਦੇ ਕਾਰਜ ਦਾ ਮਾਣ ਅਤੇ ਮਹਾਤਮ ਵਧਿਆ ਹੈ| ਸ. ਮਾਨ ਨੇ ਨਹਿਰੀ ਪਾਣੀ ਨੂੰ ਸੁਚੱਜੇ ਤਰੀਕੇ ਨਾਲ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਸਰਕਾਰੀ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ| ਉਹਨਾਂ ਕਿਹਾ ਕਿ 22 ਫੀਸਦੀ ਵਰਤੋਂ ਯੋਗ ਪਾਣੀ ਨੂੰ 88 ਫੀਸਦੀ ਤੱਕ ਵਧਾ ਦੇਣਾ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘੱਟ ਕਰਨ ਵਾਲਾ ਤੱਤ ਹੈ ਬਲਕਿ ਇਸ ਨਾਲ ਕੁਦਰਤੀ ਪੋਸ਼ਕ ਤੱਤ ਵੀ ਫਸਲਾਂ ਨੂੰ ਮਿਲਦੇ ਹਨ| ਉਹਨਾਂ ਦੱਸਿਆ ਕਿ 14000 ਕਿਲੋਮੀਟਰ ਪਾਈਪ ਲਾਈਨਾਂ ਇਸ ਮੰਤਵ ਲਈ ਵਿਛਾਈਆਂ ਗਈਆਂ ਹਨ ਅਤੇ ਆਉਂਦੇ ਸਾਲਾਂ ਵਿਚ 6000 ਕਿੱਲੋਮੀਟਰ ਹੋਰ ਵਿਛਾਉਣ ਦੀ ਯੋਜਨਾ ਹੈ|
ਮੁੱਖ ਮੰਤਰੀ ਨੇ ਪੀ.ਏ.ਯੂ. ਵੱਲੋਂ ਹਜ਼ਾਰ ਦੇ ਕਰੀਬ ਨਵੀਆਂ ਕਿਸਮਾਂ ਦੀ ਖੋਜ ਨੂੰ ਬੇਹੱਦ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਖੇਤੀ ਨੂੰ ਆਧੁਨਿਕ ਬਨਾਉਣ ਲਈ ਹਰ ਸੰਭਵ ਸਹਿਯੋਗ ਇਸ ਸੰਸਥਾ ਨੂੰ ਦਿੱਤਾ ਜਾਵੇਗਾ| ਸ. ਮਾਨ ਨੇ ਪਰਾਲੀ ਦੀ ਸੰਭਾਲ ਲਈ ਕੌਮਾਂਤਰੀ ਸਾਂਝਦਾਰੀਆਂ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਿਰਫ਼ ਕਾਸ਼ਤ ਦੇ ਨਾਲ-ਨਾਲ ਸਹਾਇਕ ਧੰਦੇ, ਖੇਤੀ ਭਿੰਨਤਾ, ਪ੍ਰੋਸੈਸਿੰਗ, ਮੁੱਲਵਾਧਾ ਆਦਿ ਅੱਜ ਦੀ ਖੇਤੀ ਦੇ ਅਹਿਮ ਅੰਗ ਹਨ ਅਤੇ ਇਹਨਾਂ ਲਈ ਸਰਕਾਰੀ ਯੋਜਨਾਵਾਂ ਵਿਚ ਲੋੜੀਂਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸਮੱਸਿਆਵਾਂ ਅਤੇ ਹੱਲ ਵਿਚਕਾਰ ਜੋ ਅੰਤਰ ਹੈ, ਉਸਨੂੰ ਘਟਾਉਣ ਲਈ ਸਾਡੀ ਸਰਕਾਰ ਅਤੇ ਪੀ.ਏ.ਯੂ. ਮਾਹਿਰਾਂ ਨੂੰ ਸਿਰਤੋੜ ਕੋਸ਼ਿਸ਼ ਕਰਨੀ ਪਵੇਗੀ | ਉਹਨਾਂ ਕਿਹਾ ਕਿ ਕਿਸਾਨ ਨੇ ਯੂਨੀਵਰਸਿਟੀ ਦੇ ਤਜਰਬਿਆਂ ਤੇ ਅਮਲ ਕਰਨਾ ਹੈ | ਇਸਲਈ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਤਜਰਬਿਆਂ ਤੇ ਖਰੇ ਉਤਰ ਕੇ ਹੀ ਸਿਫ਼ਾਰਸ਼ ਕਿਸਾਨ ਤੱਕ ਪਹੁੰਚਾਉਣੀ ਪਵੇਗੀ| ਉਹਨਾਂ ਕਿਹਾ ਕਿ ਪੰਜਾਬ ਸੈਂਟਰਲ ਪੂਲ ਵਿੱਚ ਸਭ ਤੋਂ ਵੱਧ ਝੋਨਾ ਪਾਉਂਦਾ ਹੈ| ਇਸਦਾ ਅਰਥ ਇਹ ਹੈ ਕਿ ਅਸੀਂ ਫ਼ਸਲ ਦੇ ਰੂਪ ਵਿੱਚ ਆਪਣੇ ਕੁਦਰਤੀ ਸਰੋਤ ਦੇਸ਼ ਦੇ ਦੂਜੇ ਹਿੱਸਿਆਂ ਨੂੰ ਦੇ ਰਹੇ ਹਾਂ | ਉਹਨਾਂ ਕਿਹਾ ਕਿ ਦਾਲਾਂ ਅਤੇ ਹੋਰ ਫ਼ਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਗੰਭੀਰ ਸਮੱਸਿਆ ਬਣੀ ਹੋਈ ਹੈ | ਨਾਲ ਹੀ ਸ. ਮਾਨ ਨੇ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਸਰਕਾਰ ਦਾ ਦ੍ਰਿੜ ਨਿਸ਼ਚਾ ਦੁਹਰਾਇਆ | ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਨਮਾਨਿਤ ਕਿਸਾਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ | ਉਹਨਾਂ ਕਿਹਾ ਕਿ ਖੇਤੀ ਹੁਣ ਨਵੀਆਂ ਤਕਨਾਲੋਜੀਆਂ ਨਾਲ ਲਗਾਤਾਰ ਜੁੜ ਰਹੀ ਹੈ | ਇਸਲਈ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਮੁੱਖ ਮੰਤਰੀ ਨੇ ਪਰਾਲੀ ਦੀ ਸੰਭਾਲ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਅਤੇ ਕਿਹਾ ਕਿ ਝੋਨੇ ਦੀ ਉਪਜ ਨਾਲ ਪਰਾਲੀ ਪੈਦਾ ਹੀ ਹੋਣੀ ਹੈ ਪਰ ਸਰਕਾਰ ਆਉਂਦੇ ਕੁਝ ਦਿਨਾਂ ਵਿੱਚ ਇਸਦਾ ਢੁੱਕਵਾਂ ਹੱਲ ਕਰਨ ਲਈ ਵਚਨਬੱਧ ਹੈ | ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ | ਪਰ ਇਸ ਸੰਬੰਧੀ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਵੀ ਉਹਨਾਂ ਦਿੱਤਾ| ਉਹਨਾਂ ਨੇ ਖੇਤੀ ਖਰਚਿਆਂ ਦੇ ਨਾਲ-ਨਾਲ ਸਮਾਜਕ ਖਰਚਿਆਂ ਨੂੰ ਵੀ ਕਾਬੂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ |
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਕਿਸਾਨ ਮੇਲਿਆਂ ਦਾ ਇਤਿਹਾਸ ਪੰਜਾਬ ਦੀ ਖੇਤੀ ਦੇ ਵਿਕਾਸ ਦੀ ਕਹਾਣੀ ਹੈ | ਸ. ਖੁੱਡੀਆਂ ਨੇ ਕਿਹਾ ਕਿ ਯੂਨੀਵਰਸਿਟੀ ਮਾਹਿਰਾਂ ਦੇ ਯੋਗਦਾਨ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ| ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੇ ਸਹਿਯੋਗ ਦੀ ਸਖਤ ਲੋੜ ਹੈ | ਕਿਸਾਨਾਂ ਨੂੰ ਪੀ.ਏ.ਯੂ. ਦੇ ਬੀਜ ਅਤੇ ਸਾਹਿਤ ਖ੍ਰੀਦਣ ਲਈ ਵੀ ਖੇਤੀਬਾੜੀ ਮੰਤਰੀ ਨੇ ਪ੍ਰੇਰਿਤ ਕੀਤਾ | ਉਹਨਾਂ ਦੱਸਿਆ ਕਿ ਪੰਜਾਬ ਝੋਨੇ ਦਾ 40 ਫੀਸਦ ਅਤੇ ਕਣਕ ਦਾ 25 ਫੀਸਦ ਹਿੱਸਾ ਕੇਂਦਰੀ ਪੂਲ ਲਈ ਪਾਉਂਦਾ ਹੈ| ਪਰ ਨਾਲ ਹੀ ਫਸਲੀ ਵਿਭਿੰਨਤਾ ਅਤੇ ਬਾਗਬਾਨੀ ਦੇ ਵਿਕਾਸ ਵਾਸਤੇ ਹੋਰ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ| ਸ. ਖੁੱਡੀਆਂ ਨੇ ਖੇਤੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਵੱਲ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਪਰਿਵਾਰਕ ਆਮਦਨ ਵਧਾਈ ਜਾ ਸਕੇ|
ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਰਜਿਸਟਰਾਰ ਸ਼੍ਰੀ ਸੁਖਜੀਤਪਾਲ ਸਿੰਘ ਨੇ ਕਿਹਾ ਕਿ ਇਹ ਮੇਲਾ ਕਿਸਾਨ ਅਤੇ ਵਿਗਿਆਨੀ ਕੋਲੋਂ ਪਰਸਪਰ ਸਿੱਖਣ ਸਿਖਾਉਣ ਦੀ ਜੀਵੰਤ ਮਿਸਾਲ ਹੈ| ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਤੀਜੀ ਧਿਰ ਵਜੋਂ ਸਰਕਾਰ ਲੋੜੀਂਦੇ ਸਹਿਯੋਗ ਲਈ ਕਿਸਾਨਾਂ ਅਤੇ ਸੰਸਥਾ ਦੀ ਪਿੱਠ ਤੇ ਖੜੀ ਹੈ| ਉਹਨਾਂ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ 990 ਕਿਸਮਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹਨਾਂ ਵਿੱਚੋਂ 250 ਤੋਂ ਵਧੇਰੇ ਕਿਸਮਾਂ ਰਾਸ਼ਟਰੀ ਪੱਧਰ ਤੇ ਕਾਸ਼ਤ ਦੇ ਯੋਗ ਸਮਝੀਆਂ ਗਈਆਂ ਹਨ| ਵਾਈਸ ਚਾਂਸਲਰ ਨੇ ਪਸਾਰ ਢਾਂਚੇ ਦੇ ਹਵਾਲੇ ਨਾਲ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਦੇ ਅਹਿਮ ਕਾਰਜ ਬਾਰੇ ਦੱਸਿਆ| ਉਹਨਾਂ ਕਿਹਾ ਕਿ ਖੇਤੀ ਵਿਚ ਜੋ ਵੀ ਚੁਣੌਤੀਆਂ ਹਨ, ਉਹਨਾਂ ਨੂੰ ਸਰ ਕਰਨ ਲਈ ਯੂਨੀਵਰਸਿਟੀ ਦੇ ਮਾਹਿਰ ਕਿਸਾਨਾਂ ਨਾਲ ਸਹਿਯੋਗ ਕਰਕੇ ਲਗਾਤਾਰ ਯਤਨਸ਼ੀਲ ਰਹਿਣਗੇ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ|
ਮੁੱਖ ਮੰਤਰੀ ਨੇ ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਿਨ੍ਹਾਂ ਵਿਚ ਮਨਦੀਪ ਸਿੰਘ ਖੱਟੜਾ, ਕੁਲਵਿੰਦਰ ਸਿੰਘ, ਬਲਧੀਰ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਜੋਬਨਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਪਿੰਡ ਮੋਹੀ ਕਲਾਂ ਜ਼ਿਲ੍ਹਾ ਪਟਿਆਲਾ ਦੀ ਪੰਚਾਇਤ ਸ਼ਾਮਿਲ ਹੈ|
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਉਹਨਾਂ ਨੇ ਮੁੱਖ ਮੰਤਰੀ ਦੇ ਕਰ-ਕਮਲਾਂ ਨਾਲ ਪੀ.ਏ.ਯੂ. ਦੇ ਚੋਣਵੇਂ ਖੇਤੀ ਸਾਹਿਤ ਨੂੰ ਲੋਕ ਅਰਪਿਤ ਕਰਨ ਦੀ ਪਹਿਲਕਦਮੀ ਕੀਤੀ|
ਅੰਤ ਵਿੱਚ ਧੰਨਵਾਦ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ |
ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ|
ਪੰਜਾਬ ਦੇ ਲੋਕ ਕਲਾਕਾਰਾਂ ਸੁਰਜੀਤ ਭੁੱਲਰ, ਫੋਕ ਸਾਜ਼ ਅਤੇ ਦਲਜੀਤ ਧਲੇਰੀਆ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ |
ਮੇਲੇ ਵਿੱਚ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ. ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ|
