ਕਿੱਸਾ ਰੰਗੀਲ ਕਾਵਿ ਕਿਤਾ ਬਪੱਤੇ ਪੱਤੇ ਲਿਖੀ ਇਬਾਰਤ..ਨੂੰ ਲਿਖਣ ਤੇ ਛਾਪਣ ਦਾ

ਤੇਜ਼ ਰਫ਼ਤਾਰੀ ਨੇ ਸਾਡਾ ਸਹਿਜ ਖੋਹ ਲਿਆ ਹੈ। ਵਾਹੋਦਾਹੀ ਭੱਜਦੇ ਫਿਰਦੇ ਮਨ ਨੂੰ ਆਪਣੇ ਚਾਰ ਚੁਫ਼ੇਰੇ ਬਲਿਹਾਰੀ ਦੀ ਸਿਰਜੀ ਕਾਇਨਾਤ ਦੇ ਦਰਸ਼ਨ ਹੀ ਨਹੀਂ ਹੁੰਦੇ। ਰੰਗ ਬਰੰਗੇ ਨੋਟਾਂ ਦੀਆਂ ਵੰਨ ਸੁਵੰਨੀਆਂ ਤਿਤਲੀਆਂ ਫੜਦੇ, ਜ਼ਿੰਦਗੀ ਦੇ ਰੰਗ ਗੁਆਚ ਚੱਲੇ ਨੇ। ਚਿੰਤਾ ਵਿਚ ਮਨੁੱਖੀ ਵਜੂਦ ਮਰ ਮੁੱਕ ਰਹੇ ਨੇ। ਕਿੰਨਾ ਕੁਝ ਨਿਗੂਣਾ ਸਮਝ ਕੇ ਅਸੀਂ ਆਪਣੇ ਅੱਖ ਦੇ ਨੇੜਲਾ ਸੰਸਾਰ ਨਹੀਂ ਵੇਖਦੇ। ਘਰ ਬਗੀਚੀ ਵਿਚਲਾ ਵਣ ਤ੍ਰਿਣ ਹੀ ਨਿਹਾਰ ਲਈਏ ਤਾਂ ਤਰੇਲ ਤੁਪਕੇ, ਪੱਤ ਪਤਰਾਲ, ਫੁੱਲ ਫੁਲਾਕਾ ਤਣੋ, ਟਾਹਣੀਆਂ, ਜੜ੍ਹਾਂ, ਕਿਰੇ ਹੋਏ ਪੱਤੇ, ਝੜੇ ਹੋਏ ਫੁੱਲ ਤੁਹਾਨੂੰ ਆਵਾਜ਼ਾਂ ਮਾਰ ਕੇ ਕੋਲ ਖਲੋਣ ਲਈ ਬੁਲਾ ਰਹੇ ਮਹਿਸੂਸ ਹੋਣਗੇ। ਮਨ ਦੀ ਕਚਹਿਰੀ’ਚ ਜੇਕਰ ਕੁਝ ਪਲ ਵੀ ਖੜ੍ਹੇ ਹੋਈਏ ਤਾਂ ਸਾਨੂੰ ਇਹ ਵਿਸਮਾਦੀ ਬਲਿਹਾਰੀ ਵਣ ਤ੍ਰਿਣ ਉਦਾਸ ਨਹੀਂ ਹੋਣ ਦੇਣਗੇ, ਖੇੜਾ ਬਖਸ਼ਣਗੇ।
ਪ੍ਰਕਿਰਤੀ ਦਾ ਹਰ ਕਿਣਕਾ ਮਾਣਨ ਤੇ ਜਾਣਨ ਯੋਗ ਹੈ। ਤੀਸਰਾ ਨੇਤਰ ਇਸ ਨੂੰ ਸਹਿਜੇ ਹੀ ਪਛਾਣ ਤੇ ਮਾਣ ਸਕਦਾ ਹੈ ਪਰ ਤੀਸਰਾ ਨੇਤਰ ਖੋਲ੍ਹਣ ਲਈ ਸਹਿਜ, ਸੰਤੁਲਨ, ਸੁਜਾਗ ਤੇ ਸੁਹਜ ਦਾ ਸੁਮੇਲ ਜ਼ਰੂਰੀ ਹੈ।
ਪਿਛਲੇ ਸਮੇਂ ਦੌਰਾਨ ਕਾਦਰ ਦੀ ਕੁਦਰਤ ਦੇ ਕੁਝ ਕੁ ਪਲਾਂ ਨੂੰ ਆਪਣੇ ਆਈਫੋਨ ਦੇ ਕੈਮਰੇ ਨਾਲ ਮੇਰੇ ਕਲਾਵੰਤ ਮਿੱਤਰ ਸ. ਤੇਜ ਪ੍ਰਤਾਪ ਸਿੰਘ ਸੰਧੂ ਨੇ ਆਪਣੇ ਘਰ ਦੀ ਚਾਰਦੀਵਾਰੀ ਦੀ ਬਗੀਚੀ ‘ਚੋਂ ਪ੍ਰਕਿਰਤੀ ਦੇ ਕੁਝ ਸੁੰਦਰ ਚਿੱਤਰ ਸਰੂਪਾਂ ਨੂੰ ਨਿਹਾਰਿਆ ਤੇ ਸੰਭਾਲਿਆ। ਸੂਰਜ ਦੀ ਰੌਸ਼ਨੀ ਕਿਵੇਂ ਕਿਵੇਂ, ਕਿਸ ਕਿਸ ਵੇਲੇ ਸਾਡੇ ਸਨਮੁਖ ਕਲੋਲ ਕਰਦੀ ਹੈ, ਇਸ ਨੂੰ ਸੰਭਾਲਣਾ ਵੀ ਕਲਾ ਦਾ ਧਰਮ ਹੈ।
ਮੇਰੀ ਪ੍ਰੀਖਿਆ ਇਹ ਸੀ ਕਿ ਇਨ੍ਹਾਂ ਚਿਤਰਾਂ ਨੂੰ ਮੈਂ ਵੀ ਵੇਖਾਂ, ਇਨ੍ਹਾਂ ਨਾਲ ਗੁਫ਼ਤਗੂ ਕਰਾਂ, ਪੱਤਿਆਂ ਦੀ ਪੱਤਰੀ ਪੜ੍ਹਾਂ, ਸੁਨੇਹੇ ਜਾਣਕੇ ਅੱਗੇ ਵਿਸਥਾਰ ਕਰਾਂ। ਸ਼ਬਦ ਸੀਮਾ ਵੀ ਮੈਂ ਆਪੇ ਮਿਥ ਲਈ। ਕੁੱਲ ਚਾਰ ਸਤਰਾਂ ‘ਚ ਬ੍ਰਹਿਮੰਡ ਦੇ ਪਸਾਰੇ ‘ਚੋਂ ਇਸ ਵਰਤਾਰੇ ਨੂੰ ਸਮਝਾਂ ਤੇ ਸਮਝਾਵਾਂ। ਇਹ ਸਾਰਾ ਕੁਝ ਗੁਰੂ ਨਾਨਕ ਉਪਦੇਸ਼ “ਬਲਿਹਾਰੀ ਕੁਦਰਤਿ ਵਸਿਆ” ਅਧੀਨ ਸ਼ਬਦ ਸਰੂਪ ਨਾਲ ਹੀ ਗੁਫ਼ਤਗੂ ਵਿੱਚ ਤਬਦੀਲ ਹੋ ਸਕਿਆ ਹੈ। ਮੇਰੀ ਪੋਤਰੀ ਅਸੀਸ ਦੇ 25 ਸਤੰਬਰ 2018 ਸਵੇਰ ਸਾਰ ਹੋਏ ਜਨਮ ਨਾਲ ਸ਼ੁਰੂ ਹੋਈ ਇਸ ਸਹਿਯਾਤਰਾ ਦਾ ਮੇਰੇ ਲਈ ਹੋਰ ਵੀ ਪਵਿੱਤਰ ਮਹਾਤਮ ਹੈ। ਇੰਜ ਲੱਗਦੈ ਜਿਵੇਂ ਉਸ ਦੇ ਸਾਥ ਨੇ ਮੈਨੂੰ ਨਿਰੰਤਰ ਤੋਰੀ ਰੱਖਿਆ ਹੈ।
ਤੇਜ ਪ੍ਰਤਾਪ ਸਿੰਘ ਸੰਧੂ ਤੇ ਮੇਰੀ ਇਹ ਵਾਰਤਾਲਾਪ ਇੱਕ ਸਾਲ ਚੱਲਦੀ ਰਹੀ, ਇਸ ਵਾਰਤਾਲਾਪ ਮੁਕਾਬਲੇ ‘ਚ ਸਵਾਲ ਜਿੱਤ ਹਾਰ ਦਾ ਨਹੀਂ ਸੀ ਸਗੋਂ ਸਹਿਜ – ਸੁਭਾਈ ਸਹਿਯਾਤਰਾ ਦਾ ਸੀ। ਇਸ ਵਾਰਤਾਲਾਪ ਦੀਆਂ ਚਸ਼ਮਦੀਦ ਕੇਵਲ ਦੋ ਹੀ ਬੀਬੀਆਂ ਗਵਾਹ ਨੇ, ਸਾਡੀਆਂ ਜੀਵਨ ਸਾਥਣਾਂ ਸਤਬੀਰ ਕੌਰ ਸੰਧੂ ਤੇ ਜਸਵਿੰਦਰ ਕੌਰ ਗਿੱਲ ਹੀ ਹਨ। ਇਹ ਸਹਿਯਾਤਰਾ ਕਿੰਨੀ ਕੁ ਸਫਲ ਜਾਂ ਅਸਫ਼ਲ ਹੈ, ਇਸ ਦੀ ਪਰਖ ਹੁਣ ਤੁਹਾਡੇ ਹੱਥ ਹੈ।
2021 ਵਿੱਚ ਇਸਨੂੰ ਰਾਏਕੋਟ ਵਾਲੇ ਸ੍ਰ: ਸੰਤੋਖ ਸਿੰਘ ਗਰੇਵਾਲ ਦੇ ਸਪੁੱਤਰ ਸ: ਕਰਮਜੀਤ ਸਿੰਘ ਗਰੇਵਾਲ(ਸੱਰੀ) ਕੈਨੇਡਾ, ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ:) ਸ੍ਰੀ ਹਰਗੋਬਿੰਦ ਪੁਰ ਦੇ ਪ੍ਰਧਾਨ ਸ: ਪਿਰਥੀਪਾਲ ਸਿੰਘ ਹੇਅਰ ਦੀ ਮਦਦ ਨਾਲ ਕੌਫੀ ਟੇਬਲ ਆਕਾਰ ਦੀ ਰੰਗੀਲ ਪੁਸਤਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ।
ਇਸ ਕਿਤਾਬ ਬਾਰੇ ਪੰਜਾਬੀ ਕਵੀ ਪ੍ਰੋ. ਰਵਿੰਦਰ ਸਿੰਘ ਭੱਠਲ ਜੀ ਦੀ ਲਿਖੀ ਮੁੱਲਵਾਨ ਟਿੱਪਣੀ ਵੀ ਤੁਹਾਡੇ ਧਿਆਨ ਗੋਚਰੇ ਪੇਸ਼ ਹੈ।
ਉਹ ਇਸ ਨੂੰ ਕ੍ਰਿਸ਼ਮੇ ਜਿਹੀ ਸਿਰਜਣਾ ਕਹਿ ਕੇ ਵਡਿਆਉਂਦੇ ਹਨ।
‘ਪੱਤੇ ਪੱਤੇ ਲਿਖੀ ਇਬਾਰਤ’ ਪੁਸਤਕ ਦੀਆਂ ਤਸਵੀਰਾਂ ਤੇ ਲਿਖਤ ਦੋਹਾਂ ‘ਚੋਂ ਲੰਘਣ ਦੀ ਕੋਸ਼ਿਸ਼ ਕਰਦਾ ਹਾਂ । ਪਰ ਇਸ ਤੋਰ ‘ਚ ਮੂਕ ਮਨ ਨਾਲ ਗੁਫ਼ਤਗੂ ਕਰਦਿਆਂ ਇਕ ਅਜੀਬ ਜਿਹੀ ਮਹਿਕ ਨੂੰ ਅੰਤਰ-ਆਤਮਾ ਵਿਚ ਵਸਾਉਣਾ ਪੈਂਦਾ ਹੈ । ਫਿਰ ਕਿਤੇ ਜਾ ਕੇ ਤੁਸੀਂ ਅਰਥਾਂ ਦੀ ਤਹਿ ਤੀਕ ਪਹੁੰਚ ਸਕਦੇ ਹੋ।
ਬ੍ਰਹਿਮੰਡ ਅਤੇ ਉਸਦੇ ਕਰਤੇ ਨੂੰ ਅਸੀਂ ਸਮੁੱਚ ‘ਚ ਨਹੀਂ ਜਾਣ ਸਕਦੇ। ਕਾਦਰ ਦੀ ਕੁਦਰਤ ਦੇ ਕਤਰੇ ਕਤਰੇ, ਪੱਤੇ ਪੱਤੇ ‘ਚੋਂ ਉਸਦੀ ਨੁਹਾਰ ਤੱਕਣੀ ਪੈਂਦੀ ਹੈ। ਇਹ ਕੰਮ ਹਾਰੀ-ਸਾਰੀ ਦੇ ਵੱਸ ਦਾ ਨਹੀਂ, ‘ਪਰ ਤੇਜ ਪ੍ਰਤਾਪ ਸਿੰਘ ਸੰਧੂ ਦੀ ਤੀਸਰੀ ਅੱਖ (ਕੈਮਰੇ) ਅਤੇ ਕਲਮੇ ਵਾਲੀ ਉਂਗਲ ਦੀ ਗਹਿਰੀ ਸੋਚ ਨੇ ਕਰਕੇ ਵਿਖਾਇਆ ਹੈ।
ਬਿਰਖਾਂ ਬੂਟਿਆਂ ਦੇ ਫੁੱਲ-ਪੱਤੇ ਰੁੱਤਾਂ ਦੇ ਨਿੱਘ ਤੇ ਠਾਰ ਨੂੰ ਝੱਲਦੇ, ਧੁੱਪਾਂ ਸਹਿਣ ਕਰਕੇ, ਹਵਾਵਾਂ ਦੀ ਸ਼ਰਾਰਤਾਂ ਤੱਕਦੇ ਆਪਣਾ ਰੂਪ ਰੰਗ ਹੀ ਨਹੀਂ ਬਦਲਦੇ, ਹੋਂਦ ਤਕ ਖ਼ਤਮ ਕਰ ਲੈਂਦੇ ਹਨ । ਅਸਲ ਵਿਚ ਇਹ ਜੀਵਨ ਦੇ ਗੁੱਝੇ ਭੇਤ ਜ਼ਾਹਰ ਕਰਦੇ, ਅਰਥ ਸਮਝਾਉਂਦੇ ਨਜ਼ਰ ਆਉਂਦੇ ਹਨ। ਇਹੀ ਕ੍ਰਿਸ਼ਮਾ ਹੈ ਕੁਦਰਤ ਦਾ। ਇਹ ਪੱਤੇ ਹੀ ਨਹੀਂ, ਵੱਡੇ ਅਰਥਾਂ ਵਾਲੀ ਪੋਥੀ ਦੇ ਰਹੱਸੀ-ਰਮਜ਼ਾਂ ਨਾਲ ਭਰੇ ਸਫ਼ੇ ਹਨ ।
ਹਰ ਬਿਰਖ ਇਕ ਮਹਾਂ-ਕਾਵਿ ਹੈ। ਪਰ ਅਫ਼ਸੋਸ ਸਾਡੇ ਵਿੱਚੋਂ ਕਿਸੇ ਕਵੀ ਨੇ ਵੀ ਇਹ ਹਰਫ਼ ਨਹੀਂ ਪੜ੍ਹੇ। ਤੇਜ ਪ੍ਰਤਾਪ ਸਿੰਘ ਸੰਧੂ ਨੇ ਇਹ ਹਰਫ਼ ਪੜ੍ਹਨ ਦਾ ਉਪਰਾਲਾ ਕੀਤਾ ਤੇ ਗੁਰਭਜਨ ਗਿੱਲ ਦੀ ਲਿਖਤ ਨੇ ਉਸ ਪੜ੍ਹਤ ਨੂੰ ਅੱਖਰਾਂ ਵਿਚ ਢਾਲ ਕੇ ਇਬਾਰਤ ਵਿਚ ਬਦਲ ਦਿੱਤਾ। ਕਿਸੇ ਸ਼ਾਇਰ ਦਾ ਸ਼ੇਅਰ ਇਹੀ ਕਹਿ ਰਿਹਾ ਹੈ :
ਇਤਨੀ ਬੁਲੰਦ ਅਪਨੀ
ਨਿਗਾਹੋਂ ਕੋ ਕੀਜੀਏ,
ਕਤਰਾ ਭੀ ਆਪ ਦੇਖੋਂ ਤੋਂ
ਦਰਿਆ ਦਿਖਾਈ ਦੇ ।
ਇਹ ਕਿਤਾਬ ਪ੍ਰਿੰਟਵੈੱਲ ਅੰਮ੍ਰਿਤਸਰ ਤੋਂ ਛਪੀ ਹੈ। ਤੁਸੀਂ ਇਸਨੂੰ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਜਾਂ ਕਿਸੇ ਵੀ ਪੁਸਤਕ ਵਿਕਰੇਤਾ ਤੋਂ ਇਲਾਵਾ ਐਮਾਜ਼ੋਨ ਤੋਂ ਖਰੀਦ ਕੇ ਪੜ੍ਰ ਸਕਦੇ ਹੌ।

ਗੁਰਭਜਨ ਗਿੱਲ


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.