
ਕੋਟਕਪੂਰਾ, 24 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਨਿਰਧਾਰਿਤ ਸਮੇਂ ਅੰਦਰ ਹੀ ਨਹੀਂ, ਸਗੋਂ ਉਸ ਤੋਂ ਪਹਿਲਾਂ ਪੂਰੇ ਕਰਕੇ ਵਿਖਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੇ ਲਗਭਗ 16 ਕਿਲੋਮੀਟਰ ਲੰਬੇ ਰਜਬਾਹੇ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ 12.56 ਕਰੋੜ ਰੁਪਏ ਦੇ ਲਾਗਤ ਨਾਲ ਕੇਵਲ 52 ਦਿਨਾਂ ਵਿੱਚ ਮੁਕੰਮਲ ਕਰਕੇ ਇਸ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਵਿਕਾਸ ਕੰਮ ਨਹੀਂ, ਸਗੋਂ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸਿੰਚਾਈ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕੋਟਕਪੂਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਤੋਂ ਇਲਾਵਾ ਵੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ, ਜਿਸ ਨਾਲ ਸ਼ਹਿਰ ਅਤੇ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਸਭ ਲੋਕਾਂ ਦੇ ਪਿਆਰ, ਭਰੋਸੇ ਅਤੇ ਅਸੀਸਾਂ ਦਾ ਨਤੀਜਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਵਿਕਾਸ ਦੀ ਰਫ਼ਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਐਲਾਨ ਕਰਨਾ ਨਹੀਂ, ਸਗੋਂ ਹਰ ਵਾਅਦੇ ਨੂੰ ਪੂਰਾ ਕਰਨਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ, ਜਸਵਿੰਦਰ ਸਿੰਘ ਸਰਪੰਚ ਲਾਲੇਆਣਾ, ਸਰਪੰਚ ਨਾਨਕਸਰ ਸੁਖਮੰਦਰ ਸਿੰਘ ਚਾਹਲ, ਲਖਵੀਰ ਸਿੰਘ ਸਰਪੰਚ ਢਾਬ ਗੁਰੂ ਕੀ, ਸਰਪੰਚ ਬਾਹਮਣਵਾ ਗੁਰਮੇਲ ਸਿੰਘ, ਬਸੰਤ ਸਿੰਘ ਮਾਨ, ਬਲਜਿੰਦਰ ਮਾਨ, ਬੇਅੰਤ ਸਿੰਘ ਢਾਬ, ਸ਼ਮਸ਼ੇਰ ਸਿੰਘ ਨਾਨਕਸਰ, ਗੁਰਸੇਵਕ ਸਿੰਘ ਨਾਨਕਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।

Leave a Reply