ਖ਼ਾਲਿਸਤਾਨ ਦੇ ਐਲਾਨ ਤੋਂ ਭਾਰਤ ਸਰਕਾਰ ਅੱਜ ਵੀ ਚਿੰਤਤ

ਸਰਬੱਤ ਖ਼ਾਲਸਾ ਵੱਲੋਂ ਥਾਪੀ ਪੰਥਕ ਕਮੇਟੀ ਨੇ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਸਮੂਹ ‘ਚੋਂ ਖ਼ਾਲਿਸਤਾਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕਹਿ ਗਏ ਸਨ ਕਿ ‘ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।’ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹਰ ਅਣਖੀਲਾ ਸਿੱਖ ਖ਼ਾਲਿਸਤਾਨ ਦੇ ਰਾਹ ਪੈ ਗਿਆ ਸੀ। ਸਿੱਖਾਂ ਦਾ ਹਿੰਦੁਸਤਾਨ ਨਾਲ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਭਾਰਤ ਅਤੇ ਸਿੱਖਾਂ ਵਿਚਾਲੇ ਲਕੀਰ ਖਿੱਚੀ ਜਾ ਚੁੱਕੀ ਸੀ।

ਜਿਸ ਭਾਰਤ ਸਰਕਾਰ ਨੇ ਸਮੁੱਚੀ ਮਾਨਵਤਾ ਦੇ ਪੂਜਨੀਕ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰ ਦਿੱਤਾ, ਭਗਤੀ-ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ, ਸਿੱਖ ਯੋਧਿਆਂ ਅਤੇ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ, ਸਿੱਖ ਨੌਜਵਾਨੀ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ, ਪੰਜਾਬ ਭਰ ਵਿੱਚ ਸਿੱਖਾਂ ਦਾ ਲਹੂ ਵਹਾਇਆ ਗਿਆ, ਦਿੱਲੀ ਅਤੇ ਹੋਰ ਸੂਬਿਆਂ ‘ਚ ਸਿੱਖਾਂ ਦੇ ਗਲਾਂ ‘ਚ ਬਲ਼ਦੇ ਟਾਇਰ ਪਾਏ ਗਏ, ਜਾਇਦਾਦਾਂ ਸਾੜੀਆਂ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਪੱਤ ਸ਼ਰ੍ਹੇ-ਬਜ਼ਾਰ ਰੋਲੀ ਅਤੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਲਗਾਤਾਰ ਮਾਰਿਆ ਜਾ ਰਿਹਾ ਸੀ ਤਾਂ ਐਨਾ ਕੁਝ ਵਾਪਰਨ ਦੇ ਬਾਵਜੂਦ ਵੀ ਸਿੱਖ ਕਿਵੇਂ ਭਾਰਤ ਨੂੰ ਆਪਣਾ ਦੇਸ਼ ਮੰਨੀ ਬੈਠੇ ਰਹਿੰਦੇ।

ਭਾਰਤ ਸਰਕਾਰ ਨੇ ਸਿੱਖਾਂ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਸਿੱਖਾਂ ਕੋਲ ਦੋ ਹੀ ਰਾਹ ਬਚੇ ਸਨ ਗ਼ੁਲਾਮੀ ਜਾਂ ਅਜ਼ਾਦੀ ਤੇ ਸਿੱਖ ਕੌਮ ਨੇ ਖਾਲਿਸਤਾਨ ਦੀ ਜ਼ਾਦੀ ਦਾ ਰਾਹ ਚੁਣ ਲਿਆ। ਪਹਿਲਾਂ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਸੰਬਰ 1985 ਵਿੱਚ ਦੋ ਦਿਨਾਂ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ ਜਿੱਥੇ ਕੌਮੀ ਭਵਿੱਖ ਦੀਆਂ ਵਿਚਾਰਾਂ ਅਤੇ ਸ੍ਰੀ ਦਰਬਾਰ ਸਾਹਿਬ ‘ਚ ਜਾਨਾਂ ਵਾਰਨ ਵਾਲ਼ੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਹੋਇਆ। ਫਿਰ 26 ਜਨਵਰੀ 1986 ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦੇ ਸੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਰਬੱਤ ਖ਼ਾਲਸਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ‘ਸਿੱਖ ਭਾਰਤ ਵਿੱਚ ਗ਼ੁਲਾਮ ਹਨ ਤੇ ਅਜ਼ਾਦੀ ਉਹਨਾਂ ਦਾ ਮੁੱਢਲਾ ਹੱਕ ਹੈ।’ ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਵ-ਉਸਾਰੀ, ਨਵੇਂ ਜਥੇਦਾਰਾਂ ਦੀ ਨਿਯੁਕਤੀ, ਗੱਦਾਰਾਂ ਉੱਤੇ ਪੰਥਕ ਕਾਰਵਾਈ, ਸ਼੍ਰੋਮਣੀ ਕਮੇਟੀ ਭੰਗ ਅਤੇ ਸਿੱਖ ਕੌਮ ਦੀ ਅਗਵਾਈ ਲਈ ਪੰਜ ਮੈਂਬਰੀ ਪੰਥਕ ਕਮੇਟੀ ਗਠਿਤ ਕੀਤੀ ਗਈ।

ਫਿਰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਦੇ ਮੈਂਬਰਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਅਰੂੜ ਸਿੰਘ ਡੱਲਾ, ਭਾਈ ਧੰਨਾ ਸਿੰਘ ਅਤੇ ਭਾਈ ਵੱਸਣ ਸਿੰਘ ਜੱਫ਼ਰਵਾਲ ਨੇ ਸਮੁੱਚੀ ਸਿੱਖ ਕੌਮ ਅਤੇ ਸਿੱਖ ਜੁਝਾਰੂਆਂ ਨੂੰ ਇੱਕ ਨਿਸ਼ਾਨੇ ਉੱਤੇ ਸੇਧਿਤ ਕਰਨ ਅਤੇ ਉਸ ਦੀ ਪ੍ਰਾਪਤੀ ਵਾਸਤੇ ਜੂਝਣ ਲਈ ਤੇ ਦੁਨੀਆਂ ਭਰ ਦੇ ਦੇਸ਼ਾਂ ਅਤੇ ਲੋਕਾਂ ਨੂੰ ਇਹ ਦੱਸਣ ਲਈ ਕਿ ਸਿੱਖ ਕੀ ਚਾਹੁੰਦੇ ਹਨ ਬਾਰੇ ਸਪੱਸ਼ਟ ਕਰਦਿਆਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਖਾਲਿਸਤਾਨ ਦਾ ਦਸਤਾਵੇਜ਼ ਜਾਰੀ ਕਰਦਿਆਂ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ। ਜਿਸ ਤੋਂ ਭਾਰਤ ਸਰਕਾਰ ਪੂਰੀ ਤਰ੍ਹਾਂ ਹਿੱਲ ਗਈ।

ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕਰਕੇ ਜੁਝਾਰੂ ਸਿੰਘ ਤਾਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਤੁਰੰਤ ਨਿਕਲ ਗਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੁਕਮ ‘ਤੇ ਅਖੌਤੀ ਅਕਾਲੀ ਬਰਨਾਲਾ ਸਰਕਾਰ ਨੇ ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਭੇਜ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਭਾਈ ਸੂਰਤ ਸਿੰਘ ਖਾਲਸਾ ਸਮੇਤ ਅਨੇਕਾਂ ਸੰਗਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੀ ਮੁੜ ਬੇਅਦਬੀ ਕੀਤੀ ਹਾਲਾਂਕਿ ਸਰਕਾਰ ਨੂੰ ਇਸ ਗੱਲ ਦੀ ਖ਼ਬਰ ਸੀ ਕਿ ਓਥੇ ਕੋਈ ਵੀ ਖਾੜਕੂ ਮੌਜੂਦ ਨਹੀਂ ਹੈ ਪਰ ਰਾਜੀਵ ਨੇ ਸੁਰਜੀਤ ਸਿੰਘ ਬਰਨਾਲੇ ਤੋਂ ਇਹ ਸਭ ਕੁਝ ਕਰਵਾ ਕੇ ਅਕਾਲੀਆਂ ਦੇ ਮੱਥੇ ਉੱਤੇ ਕਲੰਕ ਅਤੇ ਜੂਨ 1984 ਦੀ ਕਾਰਵਾਈ ਨੂੰ ਸਹੀ ਠਹਿਰਾਉਣਾ ਚਾਹਿਆ।

6 ਜੂਨ 1984 ਅਤੇ 29 ਅਪ੍ਰੈਲ 1986 ਦੇ ਦਿਨ ਨੂੰ ਸਿੱਖ ਕੌਮ ਖ਼ਾਲਿਸਤਾਨ ਦੇ ਐਲਾਨ ਵਜੋਂ ਯਾਦ ਕਰਦੇ ਹਨ। ਇਸ ਐਲਾਨ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਹਰੀ ਸਿੰਘ ਉਰਫ ਭਾਈ ਮਨਬੀਰ ਸਿੰਘ ਚਹੇੜੂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ‘ਉਹਨਾਂ ਦੀ ਅਗਵਾਈ ‘ਚ ਇਹ ਫੋਰਸ ਖ਼ਾਲਿਸਤਾਨ ਦੀ ਰੱਖਿਆ ਲਈ ਕੰਮ ਕਰੇਗੀ ਤੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਖ਼ਾਲਿਸਤਾਨ ਲਈ ਜੂਝ ਰਹੇ ਸਿੰਘਾਂ ਦੀ ਹਰ ਪ੍ਰਕਾਰ ਸਹਾਇਤਾ ਅਤੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ ਤੇ ਭਾਰਤ ਸਰਕਾਰ ਨੂੰ ਖ਼ਾਲਿਸਤਾਨ ਤੋਂ ਫ਼ੌਜੀ ਤੇ ਸਿਆਸੀ ਕਬਜ਼ਾ ਛੱਡਣ ਲਈ ਹਦਾਇਤ ਕੀਤੀ ਗਈ।

ਖ਼ਾਲਿਸਤਾਨ ਦੇ ਇਸ ਜੰਗੀ ਐਲਾਨ ਤੋਂ ਬਾਅਦ ਅਨੇਕਾਂ ਜੁਝਾਰੂ ਫੋਰਸਾਂ ਹੋਂਦ ਵਿੱਚ ਆਈਆਂ ਅਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਹਥਿਆਰਬੰਦ ਸੰਘਰਸ਼ ਹੋਰ ਤੇਜ਼ ਹੋ ਗਿਆ। ਪਿੰਡਾਂ-ਸ਼ਹਿਰਾਂ ਵਿੱਚ ਉੱਠੇ ਆਮ ਜਿਹੇ ਸਿੱਖ ਨੌਜਵਾਨਾਂ ਨੇ ਹੀ ਦਿੱਲੀ ਤਖ਼ਤ ਨੂੰ ਹਿਲਾ ਦਿੱਤਾ। ਭਾਰਤੀ ਫ਼ੌਜ ਦਾ ਚੀਫ਼ ਜਨਰਲ ਅਰੁਣ ਵੈਦਿਆ ਵੀ ਸਿੰਘਾਂ ਨੇ ਸੋਧ ਦਿੱਤਾ ਅਤੇ ਹੋਰ ਅਨੇਕਾਂ ਫੌਜੀ ਅਤੇ ਪੁਲਿਸ ਅਫਸਰ, ਕਾਂਗਰਸੀ ਅਤੇ ਹੋਰ ਭਾਰਤੀ ਨੇਤਾ, ਪੰਥ ਦੇ ਗ਼ੱਦਾਰ ਤੇ ਕੈਟ-ਮੁਖ਼ਬਰ ਸੋਧੇ ਗਏ। ਖਾਲਿਸਤਾਨੀ ਫੋਰਸਾਂ ਅਤੇ ਭਾਰਤੀ ਫੋਰਸਾਂ ਵਿਚਾਲੇ ਦਮਦਾਰ ਮੁਕਾਬਲੇ ਹੁੰਦੇ ਰਹੇ ਤੇ ਸਿੰਘ ਘਰ-ਘਰ ਵਿੱਚ ਚਮਕੌਰ ਦੀ ਗੜ੍ਹੀ ਵਾਲਾ ਇਤਿਹਾਸ ਦੁਹਰਾਉਂਦੇ ਰਹੇ।

ਖਾਲਿਸਤਾਨ ਦਾ ਸੰਘਰਸ਼ ਐਨੀਆਂ ਬੁਲੰਦੀਆਂ ਛੂਹ ਗਿਆ ਕਿ ਭਾਰਤ ਸਰਕਾਰ ਕਈ ਵਾਰ ਖਾੜਕੂਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਈ ਪਰ ਹਰ ਵਾਰ ਸਰਕਾਰ ਨੇ ਧੋਖਾ, ਮੱਕਾਰੀ ਅਤੇ ਬੇਈਮਾਨੀ ਕੀਤੀ। ਹਰ ਰੋਜ਼ ਮੁਕਾਬਲੇ, ਤਸ਼ਦੱਦ ਅਤੇ ਸ਼ਹੀਦੀਆਂ ਹੋਣ ਲੱਗੀਆਂ ਪਰ ਫਿਰ ਵੀ ਸੂਰਮੇ ਡੋਲੇ ਨਾ ਤੇ ਉਹਨਾਂ ਨੇ ਖਾਲਿਸਤਾਨ ਦੀ ਅਜ਼ਾਦੀ ਲਈ ਹਰ ਮੁਹਾਜ਼ ‘ਤੇ ਲੜਾਈ ਲੜੀ। ਬੱਚੇ, ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਸਾਰੇ ਹੀ ਇਸ ਸੰਘਰਸ਼ ਵਿੱਚ ਕੁੱਦ ਪਏ। ਹਰ ਪਾਸੇ ਖ਼ਾਲਸਾਈ ਜਲਵਾ ਤੇ ਪੰਥ ਦੇ ਬੋਲਬਾਲੇ ਹੋ ਗਏ। ਇੱਕ-ਇੱਕ ਪਿੰਡ ਦੇ ਹੀ 20-20 ਨੌਜਵਾਨ ਇਸ ਸੰਘਰਸ਼ ਦਾ ਹਿੱਸਾ ਬਣੇ, ਸ਼ਹਿਰੀ ਨੌਜਵਾਨ ਵੀ ਪਿੱਛੇ ਨਾ ਰਹੇ, ਸਿੰਘਣੀਆਂ ਵੀ ਆਪਣੇ ਪਤੀ-ਭਰਾਵਾਂ ਅਤੇ ਹੋਰ ਸਿੰਘਾਂ ਨਾਲ ਬੇਖ਼ੌਫ਼ ਹੋ ਕੇ ਤੁਰ ਪਈਆਂ, ਕਈ ਬੱਚਿਆਂ ਨੇ ਵੀ ਸਕੂਲਾਂ ਦੇ ਬੈਗ ਛੱਡ ਕੇ ਹਥਿਆਰ ਚੁੱਕ ਲਏ, ਸਰਕਾਰੀ ਨੌਕਰੀਆਂ ‘ਤੇ ਸਰਵਿਸ ਕਰਦੇ ਕਈ ਸਿੰਘ ਅਹੁਦਿਆਂ ਨੂੰ ਠੋਕਰ ਮਾਰ ਕੇ ਸਿਰਾਂ ਉੱਤੇ ਕੱਫਨ ਬੰਨ੍ਹ ਕੇ ਸਰਕਾਰ ਨਾਲ ਲੋਹਾ ਲੈਣ ਲੱਗੇ। ਹਰ ਸਿੱਖ ਦੇ ਮੂੰਹ ਉੱਤੇ ਖ਼ਾਲਿਸਤਾਨ ਆ ਗਿਆ ਸੀ, ਪਿੰਡਾਂ-ਸ਼ਹਿਰਾਂ ਵਿੱਚ ਖ਼ਾਲਿਸਤਾਨ ਦੀ ਤਸਵੀਰ ਦਿਸਣ ਲੱਗੀ।

ਭਾਰਤੀ ਹਕੂਮਤ ਨੇ ਇਸ ਸੰਘਰਸ਼ ਨੂੰ ਦੱਬਣ ਤੇ ਖ਼ਤਮ ਕਰਨ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ, ਹਜ਼ਾਰਾਂ ਬੇਦੋਸ਼ੇ ਨੌਜਵਾਨ ਹੀ ਘਰਾਂ, ਖੇਤਾਂ ਤੇ ਦੁਕਾਨਾਂ ਵਿੱਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ। ਖਾਲਿਸਤਾਨੀ ਜੁਝਾਰੂਆਂ ਨੂੰ ਬਦਨਾਮ ਕਰਨ ਲਈ ਕਈ ਭੈੜੇ ਕਾਰੇ ਕਰਵਾਏ ਜਾਣ ਲੱਗੇ ਅਤੇ ਕੈਟਾਂ-ਟਾਊਟਾਂ ਦੇ ਵਿਛਾਏ ਗਏ ਵੱਡੇ ਜਾਲ ਨੇ ਖ਼ਾਲਿਸਤਾਨੀ ਸੰਘਰਸ਼ ਦੇ ਵੱਡੇ ਜਰਨੈਲ ਅਤੇ ਹੋਰ ਅਨੇਕਾਂ ਜੁਝਾਰੂ 1992-93 ਵਿੱਚ ਸ਼ਹੀਦ ਕਰਵਾ ਦਿੱਤੇ ਜਿਸ ਨਾਲ ਲਹਿਰ ਵਿੱਚ ਖੜੋਤ ਆ ਗਈ ਪਰ 31 ਅਗਸਤ 1995 ਨੂੰ ਭਾਈ ਦਿਲਾਵਰ ਸਿੰਘ ਨੇ ਫਿਰ ਇੱਕ ਵੱਡਾ ਧਮਾਕਾ ਕੀਤਾ ਜਿਸ ਵਿੱਚ ਮੁੱਖ ਮੰਤਰੀ ਬੁੱਚੜ ਬੇਅੰਤ ਸਿਹੁੰ ਮਾਰ ਦਿੱਤਾ।

ਹਥਿਆਰਬੰਦ ਲਹਿਰ ਤੋਂ ਬਾਅਦ ਖ਼ਾਲਿਸਤਾਨ ਦਾ ਇਹ ਸੰਘਰਸ਼ ਅੱਜ ਵੀ ਰਾਜਨੀਤਿਕ, ਜਮਹੂਰੀਅਤ ਤੇ ਸ਼ਾਂਤਮਈ ਢੰਗ ਨਾਲ ਜਾਰੀ ਹੈ ਤੇ ਅਜੇ ਤਕ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਖ਼ਾਲਿਸਤਾਨੀ ਪੱਖੀ ਨੌਜਵਾਨਾਂ ਤੋਂ ਹਥਿਆਰ ਫੜੇ ਗਏ ਤੇ ਇਹ ਕੋਈ ਵੱਡੀ ਵਾਰਦਾਤ ਕਰਨਾ ਚਾਹੁੰਦੇ ਸਨ। ਆਏ ਸਾਲ ਕੋਈ ਨਾ ਕੋਈ ਖ਼ਾਲਿਸਤਾਨੀ ਯੋਧਾ ਕਿਸੇ ਦੁਸ਼ਮਣ ਨੂੰ ਸੋਧ ਕੇ ਹਥਿਆਰਬੰਦ ਸੰਘਰਸ਼ ਦੀ ਹੋਂਦ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਦਾ ਹੈ।

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਜੋ ਪੰਜਾਬ ਵਿੱਚ ਖ਼ਾਲਿਸਤਾਨ ਦੀ ਸਿਰਜਣਾ ਲਈ ਸਰਗਰਮ ਹਨ ਅਤੇ ਵਿਦੇਸ਼ਾਂ ਵਿੱਚ ਸਿੱਖਸ ਫਾਰ ਜਸਟਿਸ (ਖਾਲਿਸਤਾਨ ਰੈਫਰੰਡਮ), ਵਰਲਡ ਸਿੱਖ ਪਾਰਲੀਮੈਂਟ ਅਤੇ ਹੋਰ ਕਈ ਜਥੇਬੰਦੀਆਂ ਤੇ ਸੰਗਤਾਂ ਪੂਰੀ ਤਨਦੇਹੀ ਨਾਲ ਖ਼ਾਲਿਸਤਾਨ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀਆਂ ਹਨ। ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਖ਼ਾਲਿਸਤਾਨ ਦਾ ਸੰਘਰਸ਼ ਅੱਜ ਵੀ ਭਾਰਤ ਸਰਕਾਰ ਲਈ ਵੱਡੀ ਆਫ਼ਤ ਅਤੇ ਖ਼ਤਰਾ ਬਣਿਆ ਹੋਇਆ ਹੈ।

ਇੱਕ ਤ੍ਰਾਸਦੀ ਦੀ ਗੱਲ ਇਹ ਹੈ ਕਿ ਜਿਸ ਦਮਦਮੀ ਟਕਸਾਲ ਨੇ ਖ਼ਾਲਿਸਤਾਨ ਦਾ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਐਨੀ ਵੱਡੀ ਕੁਰਬਾਨੀ, ਘਾਲਣਾ ਕੀਤੀ ਤੇ ਸ਼ਹਾਦਤਾਂ ਦਿੱਤੀਆਂ ਅੱਜ ਉਸ ਟਕਸਾਲ ਦਾ ਮੁਖੀ ਅਖਵਾਉਣ ਵਾਲਾ ਬਾਬਾ ਹਰਨਾਮ ਸਿੰਘ ਧੁੰਮਾ ਖਾਲਿਸਤਾਨ ਦੇ ਸੰਘਰਸ਼ ਵੱਲ ਪੂਰੀ ਤਰ੍ਹਾਂ ਪਿੱਠ ਕਰ ਚੁੱਕਾ ਹੈ ਤੇ ਭਾਰਤ ਸਰਕਾਰ ਅਤੇ ਭਾਜਪਾ ਦੇ ਸੋਹਿਲੇ ਗਾਉਂਦਾ ਹੈ ਤੇ ਹਿੰਦੂ ਕਰਮ-ਕਾਂਡ ਕਰਨ ਵਿੱਚ ਵੀ ਝਿਜਕ ਮਹਿਸੂਸ ਨਹੀਂ ਕਰਦਾ। ਜਿਸ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਸ ਸੰਘਰਸ਼ ਵਿੱਚ ਵੱਡੀ ਭੂਮਿਕਾ ਸੀ, ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬੀਬੀ ਉਪਕਾਰ ਕੌਰ ਜੀ, ਭਾਈ ਗੁਰਜੀਤ ਸਿੰਘ ਹਰੀਹਰ ਝੋਕ ਅਤੇ ਹੋਰ ਅਨੇਕਾਂ ਆਗੂਆਂ ਨੇ ਸ਼ਹੀਦੀਆਂ ਦਿੱਤੀਆਂ ਅੱਜ ਉਸ ਫੈਡਰੇਸ਼ਨ ਦੇ ਵੱਖ-ਵੱਖ ਧੜੇ ਵੀ ਬਾਦਲ ਦਲ ਦੇ ਪੈਰਾਂ ਵਿੱਚ ਬੈਠੇ ਹਨ, ਕੁਝ ਭਾਜਪਾ ਦੀ ਝੋਲੀ ਵਿੱਚ ਪੈ ਗਏ ਤੇ ਕੁਝ ਭਾਰਤ ਸਰਕਾਰ ਦੇ ਬੀਬੇ ਪੁੱਤ ਬਣ ਗਏ। 13 ਅਪ੍ਰੈਲ 1978 ਨੂੰ ਸਿੱਖ ਸੰਘਰਸ਼ ਦੇ ਮੁੱਢ ਸਮੇਂ 13 ਸ਼ਹੀਦ ਸਿੰਘਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਜ਼ਿਆਦਾਤਰ ਸਿੰਘ ਸਨ, ਇਸ ਵਿੱਚੋਂ ਹੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਪੈਦਾ ਹੋਇਆ ਜਿਸ ਨੇ ਭਾਰਤੀ ਹਕੂਮਤ ਨੂੰ ਵਕਤ ਪਾਈ ਰੱਖਿਆ ਪਰ ਅੱਜ ਅਖੰਡ ਕੀਰਤਨੀ ਜਥਾ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਕੋਈ ਸਰਗਰਮੀ ਨਹੀਂ ਵਿਖਾ ਰਿਹਾ। 29 ਅਪ੍ਰੈਲ 1986 ਨੂੰ ਖ਼ਾਲਿਸਤਾਨ ਦਾ ਐਲਾਨ ਕਰਨ ਵਾਲੇ ਪੰਜ ਮੈਂਬਰਾਂ ਵਿੱਚੋਂ ਤਿੰਨ ਆਗੂ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ ਤੇ ਭਾਈ ਅਰੂੜ ਸਿੰਘ ਸ਼ਹੀਦੀਆਂ ਪਾ ਗਏ ਤੇ ਭਾਈ ਧੰਨਾ ਸਿੰਘ ਅਮਰੀਕਾ ਵਿੱਚ ਤੇ ਭਾਈ ਵੱਸਣ ਸਿੰਘ ਜੱਫਰਵਾਲ ਪੰਜਾਬ ਵਿੱਚ ਬੈਠੇ ਹਨ ਪਰ ਇਹਨਾਂ ਵੱਲੋਂ ਹੁਣ ਖਾਲਿਸਤਾਨ ਬਾਰੇ ਕੋਈ ਬਾਤ ਨਹੀਂ ਪਾਈ ਜਾ ਰਹੀ। ਭਾਰਤ ਸਰਕਾਰ ਹਰ ਸਮੇਂ ਖ਼ਾਲਿਸਤਾਨ ਨੂੰ ਭੰਡਦੀ ਰਹਿੰਦੀ ਹੈ ਇਸ ਨੂੰ ਕਦੇ ਅੱਤਵਾਦ ਤੇ ਕਦੇ ਗੈਂਗਸਟਰਾਂ ਨਾਲ ਜੋੜਦੀ ਹੈ।

ਇਸ ਦੇ ਬਾਵਜੂਦ ਵੀ ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧਦਾ ਜਾ ਰਿਹਾ ਹੈ ਤੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਕੀਤਾ ਜਾਂਦਾ ਹਰ ਜ਼ੁਲਮ, ਧੱਕਾ ਤੇ ਬੇਇਨਸਾਫ਼ੀ ਸਿੱਖਾਂ ਨੂੰ ਖ਼ਾਲਿਸਤਾਨ ਦੇ ਸੰਘਰਸ਼ ਵੱਲ ਹੋਰ ਪੱਕਾ ਕਰਦੀ ਹੈ। ਜਾਗਦੀਆਂ ਜ਼ਮੀਰਾਂ ਵਾਲ਼ੇ ਸਿੱਖਾਂ ਦੇ ਦਿਲਾਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬੋਲ ਧੜਕਦੇ ਰਹਿੰਦੇ ਹਨ ਕਿ ‘ਹੁਣ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਨਹੀਂ ਹੈ।’ ਭਾਰਤੀ ਮੀਡੀਆ ਅਤੇ ਭਾਰਤ ਸਰਕਾਰ ਕਈ ਵਾਰ ਖ਼ਾਲਿਸਤਾਨ ਦੇ ਸੰਘਰਸ਼ ਦੇ ਖ਼ਤਮ ਹੋਣ ਦੇ ਦਾਅਵੇ ਕਰਦੀ ਪਰ ਛੇਤੀ ਹੀ ਖਾਲਿਸਤਾਨ ਦੀ ਕੋਈ ਸਰਗਰਮੀ, ਬਿਆਨ ਅਤੇ ਹਕੀਕਤ ਭਾਰਤ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੰਦੀ ਹੈ। ਹੁਣ ਸੰਸਾਰ ਭਰ ਵਿੱਚ ਸਿੱਖਾਂ ਦੀ ਪਛਾਣ ਖ਼ਾਲਿਸਤਾਨ ਵਜੋਂ ਬਣ ਚੁੱਕੀ ਹੈ, ਸਿੱਖ ਅਤੇ ਖ਼ਾਲਿਸਤਾਨ ਦੋਵੇਂ ਇੱਕ-ਦੂਜੇ ਵਿੱਚ ਪੂਰੇ ਘੁਲ-ਮਿਲ ਚੁੱਕੇ ਹਨ, ਸਿੱਖਾਂ ਦੇ ਦਿਲ-ਦਿਮਾਗ ਵਿੱਚ ਵਸੇ ਖ਼ਾਲਿਸਤਾਨ ਦੇ ਸ਼ਬਦ ਨੂੰ ਹੁਣ ਕੋਈ ਨਹੀਂ ਕੱਢ ਸਕਦਾ, ਖ਼ਾਲਿਸਤਾਨ ਦੇ ਸੰਕਲਪ ਅਤੇ ਸੁਪਨੇ ਨੂੰ ਸਿੱਖ ਸਾਕਾਰ ਕਰਨਾ ਚਾਹੁੰਦੇ ਹਨ। ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖ ਖ਼ਾਲਿਸਤਾਨ ਪ੍ਰਤੀ ਪੂਰੇ ਦ੍ਰਿੜ ਹਨ ਤੇ ਉਹ ਸਮਰਥਾ ਤੋਂ ਵੱਧ ਕੇ ਆਵਾਜ਼ ਬੁਲੰਦ ਕਰਦੇ ਹਨ। ਭਾਰਤ ਸਰਕਾਰ ਅਕਸਰ ਹੀ ਚਿੰਤਤ ਰਹਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਖ਼ਾਲਿਸਤਾਨ ਤਾਂ ਹੁਣ ਇੱਕ ਦਿਨ ਬਣ ਕੇ ਰਹੇਗਾ। ਸਾਡਾ ਢੱਠਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਦੁਨੀਆਂ ਦੇ ਨਕਸ਼ੇ ਉੱਤੇ ਖ਼ਾਲਿਸਤਾਨ ਜਲਦ ਹੋਂਦ ਵਿੱਚ ਆਏਗਾ। ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹੀਦੀਆਂ ਪਾਉਣ, ਜੇਲ੍ਹਾਂ ਕੱਟਣ, ਤਸ਼ੱਦਦ ਝੱਲਣ ਅਤੇ ਕਿਸੇ ਤਰ੍ਹਾਂ ਵੀ ਹਿੱਸਾ ਪਾਉਣ ਵਾਲੇ ਸਭ ਸਿੰਘਾਂ-ਸਿੰਘਣੀਆਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.