ਫ਼ਰੀਦਕੋਟ, 19 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਅਧੀਨ ਰਾਜ ਪੱਧਰੀ ਖੇਡਾਂ ਦੇ ਮੁਕਾਬਲੇ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਉਤਸ਼ਾਹ ਨਾਲ ਜਾਰੀ ਹਨ। ਇਨ੍ਹਾਂ ਖੇਡਾਂ ਤਹਿਤ ਲੜਕਿਆਂ ਅਤੇ ਲੜਕੀਆਂ ਦੇ ਹੈਂਡਬਾਲ ਅਤੇ ਤਾਇਕਵਾਂਡੋ ਦੇ ਵੱਖ-ਵੱਖ ਪੰਜ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ। ਖੇਡਾਂ ਦੇ ਦੂਜੇ ਦਿਨ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਪ੍ਰਕਾਸ਼ ਸ਼ੁਕਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਮੁੱਖ ਮਹਿਮਾਨ ਸ. ਪਰਮਜੀਤ ਸਿੰਘ ਗਿੱਲ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਹੁਣ ਤੱਕ ਹੋਏ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਆਪਣੀ ਮਿਹਨਤ ਤੇ ਲਗਨ ਸਦਕਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਫ਼ਰੀਦਕੋਟ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਰਾਜ ਪੱਧਰੀ ਖੇਡ ਮੁਕਾਬਲੇ ਨਹਿਰੂ ਸਟੇਡੀਅਮ ਫ਼ਰੀਦਕੋਟ ਅਤੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਅੱਜ ਤਾਇਕਵਾਂਡੋ ਦੇ ਮੁਕਾਬਲਿਆਂ ਵਿੱਚ ਅੰਡਰ-17 ਲੜਕੀਆਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਮਨਦੀਪ ਕੌਰ ਨੇ ਪਹਿਲਾ, ਫ਼ਰੀਦਕੋਟ ਦੀ ਦਕਸ਼ਿਤਾ ਜੈਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਫ਼ਿਰੋਜ਼ਪੁਰ ਦੀ ਸ਼ੁਭਰੀਤ ਕੌਰ ਅਤੇ ਅਜੀਤ ਸਿੰਘ ਨਗਰ ਦੀ ਜੈਸਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ 46 ਕਿਲੋਗ੍ਰਾਮ ਭਾਰ ਵਰਗ ਵਿੱਚ ਫ਼ਿਰੋਜ਼ਪੁਰ ਦੀ ਏਕਮਜੋਤ ਕੌਰ ਨੇ ਪਹਿਲਾ, ਪਠਾਨਕੋਟ ਦੀ ਵੈਸ਼ਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਫ਼ਰੀਦਕੋਟ ਦੀ ਸਹਿਜਪ੍ਰੀਤ ਕੌਰ ਅਤੇ ਪਟਿਆਲਾ ਦੀ ਆਰੋਹੀ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17 ਲੜਕਿਆਂ ਦੇ 59 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਕਰਮਪਾਲ ਨੇ ਪਹਿਲਾ, ਫ਼ਰੀਦਕੋਟ ਦੇ ਆਕਾਸ਼ ਕੁਮਾਰ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਯੂਸ਼ ਅਤੇ ਤਰਨਤਾਰਨ ਦੇ ਦਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੋਚ, ਦਫ਼ਤਰੀ ਸਟਾਫ਼, ਸਿੱਖਿਆ ਵਿਭਾਗ ਦੇ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ./ਪੀ.ਟੀ.ਆਈ. ਅਧਿਆਪਕ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

