ਡਿਜ਼ੀਟਲ ਖੇਤੀਬਾੜੀ ਦੀ ਪ੍ਰਦਰਸ਼ਨੀ ਨੂੰ ਕਿਸਾਨਾਂ ਨੇ ਵਿਸ਼ੇਸ਼ ਦਿਲਚਸਪੀ ਨਾਲ ਦੇਖਿਆ
ਲੁਧਿਆਣਾ 21 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਿਸਾਨ ਮੇਲੇ ਦੇ ਦੂਜੇ ਦਿਨ ਅੱਜ ਕਿਸਾਨਾਂ ਦਾ ਭਾਰੀ ਹਜ਼ੂਮ ਦੇਖਣ ਨੂੰ ਮਿਲਿਆ| ਰਾਜ ਭਰ ਦੇ ਵੱਖ-ਵੱਖ ਖਿੱਤਿਆਂ ਚੋਂ ਕਿਸਾਨਾਂ ਨੇ ਭਰਪੂਰ ਹਾਜ਼ਰੀ ਵਿਚ ਪੀ.ਏ.ਯੂ. ਵਿਖੇ ਲੱਗੀਆਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਨੂੰ ਦੇਖਿਆ| ਵਿਗਿਆਨਕ ਖੇਤੀ ਦੇ ਨੁਕਤਿਆਂ ਨੂੰ ਸਮਝਣ ਲਈ ਮਾਹਿਰਾਂ ਨਾਲ ਵੱਡੀ ਪੱਧਰ ਤੇ ਕਿਸਾਨਾਂ ਦਾ ਸੰਵਾਦ ਦੇਖਣ ਨੂੰ ਮਿਲਿਆ| ਇਸ ਦੌਰਾਨ ਡਿਜ਼ੀਟਲ ਖੇਤੀ ਬਾਰੇ ਲਾਈ ਪੀ.ਏ.ਯੂ. ਦੀ ਪ੍ਰਦਰਸ਼ਨੀ ਉੱਪਰ ਕਿਸਾਨਾਂ ਦਾ ਵਿਸ਼ੇਸ਼ ਇਕੱਠ ਵੇਖਣ ਨੂੰ ਮਿਲਿਆ| ਹਜ਼ਾਰਾਂ ਦੀ ਗਿਣਤੀ ਵਿਚ ਬੀਜ ਵਿਕਰੀ ਕੇਂਦਰਾਂ ਅਤੇ ਫਲਦਾਰ ਬੂਟਿਆਂ ਦੇ ਵਿਕਰੀ ਥਾਵਾਂ ਦੇ ਨਾਲ-ਨਾਲ ਖੇਤੀ ਸਾਹਿਤ, ਮਸ਼ੀਨਰੀ, ਸਰੋਤ ਪ੍ਰਬੰਧਨ ਤਕਨੀਕਾਂ ਨਾਲ ਕਿਸਾਨਾਂ ਦਾ ਜੁੜਾਵ ਦੇਖਿਆ ਗਿਆ| ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਹੋਏ ਵਿਸ਼ੇਸ਼ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਮੁੱਖ ਮਹਿਮਾਨ ਦੇ ਤੌਰ ਤੇ ਆਈ ਸੀ ਏ ਆਰ ਦੇ ਨਿਰਦੇਸ਼ਕ ਜਨਰਲ ਖੇਤੀ ਖੋਜ ਅਤੇ ਸਿੱਖਿਆ ਡਾ. ਮਾਂਗੀ ਲਾਲ ਜਾਟ, ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਤੋਂ ਇਲਾਵਾ ਅਟਾਰੀ ਦੇ ਨਿਰਦੇਸ਼ਕ ਸ਼੍ਰੀ ਪਰਵਿੰਦਰ ਸ਼ੇਰੋ, ਸਿਫਟ ਦੇ ਨਿਰਦੇਸ਼ਕ ਡਾ. ਨਚੀਕੇਤ ਕੋਤਵਾਲੀਵਾਲੇ, ਭਾਰਤੀ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਐੱਚ ਐੱਸ ਜਾਟ, ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ, ਸ਼੍ਰੀ ਅਮਰਜੀਤ ਸਿੰਘ ਢਿੱਲੋਂ ਅਤੇ ਸ਼੍ਰੀ ਮੋਹਨ ਸਿੰਘ ਜਾਖੜ ਸ਼ਾਮਿਲ ਸਨ|
ਡਾ. ਮਾਂਗੀ ਲਾਲ ਜਾਟ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਅਤੇ ਪੰਜਾਬ ਦੋਵੇਂ ਇਕਮਿਕ ਹਨ ਅਤੇ ਇਹਨਾਂ ਬਾਰੇ ਸੋਚਣਾ ਬੜਾ ਭਾਵੁਕ ਕਿਸਮ ਦੇ ਰਿਸ਼ਤੇ ਨੂੰ ਸਾਕਾਰ ਕਰਦਾ ਹੈ| ਉਹਨਾਂ ਕਿਹਾ ਕਿ ਕਿਸਾਨ ਪ੍ਰਕਿਰਤੀ ਦਾ ਦੂਤ ਅਤੇ ਅਸਲ ਗੁਰੂ ਹੁੰਦਾ ਹੈ ਜੋ ਕਿਤਾਬਾਂ ਨਾਲੋਂ ਵੱਧ ਸਿਖਾਉਂਦਾ ਹੈ| ਮੇਲੇ ਦੇ ਉਦੇਸ਼ ਬਾਰੇ ਗੱਲ ਕਰਦਿਆਂ ਡਾ. ਜਾਟ ਨੇ ਸਥਿਰਤਾ ਅਤੇ ਖੇਤੀ ਵਿਭਿੰਨਤਾ ਨੂੰ ਅੱਜ ਦੇ ਸਮੇਂ ਦੀਆਂ ਪ੍ਰਮੁੱਖ ਜ਼ਰੂਰਤਾਂ ਕਿਹਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਔਖਾ ਰਸਤਾ ਹੈ ਤੇ ਔਖਾ ਰਸਤਾ ਪੰਜਾਬੀਆਂ ਲਈ ਰਾਖਵਾਂ ਹੁੰਦਾ ਹੈ| ਉਹਨਾਂ ਕਿਹਾ ਕਿ ਪੰਜਾਬ ਨੇ ਦੇਸ਼ ਦਾ ਢਿੱਡ ਭਰਨ ਦਾ ਵੱਡਮੁੱਲਾ ਕਾਰਜ ਕੀਤਾ| ਹੁਣ ਖੇਤੀ ਵਿਭਿੰਨਤਾ ਦਾ ਮਸ਼ਾਲ ਧਾਰਕ ਵੀ ਪੰਜਾਬ ਦਾ ਕਿਸਾਨ ਹੀ ਬਣੇਗਾ| ਡਾ. ਜਾਟ ਨੇ ਖੇਤੀ ਵਿਭਿੰਨਤਾ ਬਾਰੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਪੀ.ਏ.ਯੂ. ਨਾਲ ਰਲ ਕੇ ਇਹਨਾਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਇੱਛਾ ਪ੍ਰਗਟਾਈ| ਉਹਨਾਂ ਕਿਹਾ ਕਿ ਨਰਮਾ, ਦਾਲਾਂ, ਵੱਧ ਝਾੜ ਵਾਲੀਆਂ ਕਿਸਮਾਂ ਅਤੇ ਤੇਲਬੀਜਾਂ ਸੰਬੰਧੀ ਭਾਰਤ ਸਰਕਾਰ ਦੇ ਮਿਸ਼ਨ ਤਾਂ ਹੀ ਕਾਮਯਾਬ ਹੋਣਗੇ ਜੇਕਰ ਪੀ.ਏ.ਯੂ. ਇਹਨਾਂ ਨੂੰ ਸਹੀ ਤਰੀਕੇ ਨਾਲ ਕਿਸਾਨਾਂ ਤੱਕ ਪਹੁੰਚਾਏਗੀ| ਡਾ. ਜਾਟ ਨੇ ਮੰਡੀਕਰਨ ਦੀ ਖੋਜ ਬਾਰੇ ਨਵੀਆਂ ਵਿਧੀਆਂ ਦੀ ਲੋੜ ਉੱਪਰ ਜ਼ੋਰ ਦਿੱਤਾ| ਨਾਲ ਹੀ ਉਹਨਾਂ ਨੇ ਖਾਦਾਂ ਦੀ ਢੁੱਕਵੀਂ ਵਰਤੋਂ ਲਈ ਮਿੱਟੀ ਦੀ ਪਰਖ ਨੂੰ ਆਮ ਕਿਸਾਨ ਤੱਕ ਪਹੁੰਚਾਉਣ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਸਲਾਹ ਦਿੱਤੀ| ਉਹਨਾਂ ਕਿਹਾ ਕਿ ਜੀਵਾਣੂੰ ਖਾਦਾਂ ਦੀ ਵਰਤੋਂ ਬੇਹੱਦ ਉਸਾਰੂ ਢੰਗ ਨਾਲ ਖਰਚੇ ਘਟਾ ਕੇ ਮੁਨਾਫ਼ਾ ਵਧਾ ਸਕਦੀ ਹੈ| ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪੰਜਾਬ ਵੱਲੋਂ ਬੀਤੇ ਸਮੇਂ ਵਿਚ ਪਰਾਲੀ ਸੰਭਾਲ ਕਾਰਜਾਂ ਉੱਪਰ ਤਸੱਲੀ ਪ੍ਰਗਟਾਉਂਦਿਆਂ ਡਾ. ਜਾਟ ਨੇ ਇਸੇ ਤਰਜ ਤੇ ਫਾਸਫੋਰਸ ਦੀ ਸਹੀ ਵਰਤੋਂ ਵਾਸਤੇ ਬਰੀਡਿੰਗ ਪ੍ਰੋਗਰਾਮ ਵਿਚ ਸੁਧਾਰ ਦਾ ਸੁਝਾਅ ਦਿੱਤਾ| ਉਹਨਾਂ ਕਿਹਾ ਕਿ ਖੇਤੀ ਉਤਪਾਦਨ ਨੂੰ ਭੋਜਨ ਲੜੀ ਨਾਲ ਜੋੜ ਕੇ ਵਧੇਰੇ ਮੁਨਾਫ਼ੇ ਦਾ ਰਸਤਾ ਰੌਸ਼ਨ ਹੋ ਸਕਦਾ ਹੈ| ਪਾਣੀ ਦੀ ਸੰਭਾਲ ਲਈ ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਮਜ਼ਬੂਤ ਯੋਜਨਾਬੰਦੀ ਵਾਸਤੇ ਵਿਚਾਰ-ਚਰਚਾ ਦਾ ਸੱਦਾ ਦਿੱਤਾ| ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਹਿਰਾਂ ਨਾਲ ਦੁਵੱਲੇ ਰਿਸ਼ਤੇ ਨੂੰ ਹੋਰ ਮਜ਼ਬੂਤ ਅਤੇ ਪਕੇਰਾ ਬਨਾਉਣ|
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਅਕਾਦਮਿਕ ਪਸਾਰ ਅਤੇ ਖੋਜ ਕਾਰਜਾਂ ਦੇ ਵਿਕਾਸ ਦੇ ਨਾਲ-ਨਾਲ ਸਰਕਾਰੀ ਸਹਾਇਤਾ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ| ਵਾਈਸ ਚਾਂਸਲਰ ਨੇ ਦੱਸਿਆ ਕਿ 1967 ਤੋਂ ਲੱਗਣ ਵਾਲੇ ਕਿਸਾਨ ਮੇਲਿਆਂ ਨੂੰ ਆਨਲਾਈਨ ਪ੍ਰਸਾਰਿਤ ਕਰਨ ਨਾਲ ਦੇਸ਼-ਵਿਦੇਸ਼ ਤੱਕ ਇਹਨਾਂ ਦੀ ਰਸਾਈ ਹੋਈ ਹੈ| ਉਹਨਾਂ ਕਣਕ ਦੇ ਸਿੱਟਿਆਂ ਦੇ ਜਾਮਨੀ ਰੰਗ ਵਟਾਉਣ ਨੂੰ ਕਿਸੇ ਖਤਰੇ ਦਾ ਸੰਕੇਤ ਨਾ ਮੰਨਣ ਲਈ ਕਿਸਾਨਾਂ ਨੂੰ ਅਗਾਹ ਕੀਤਾ ਅਤੇ ਮੌਸਮ ਦੀ ਅਨੁਕੂਲਤਾ ਦੀ ਕਾਮਨਾ ਕੀਤੀ| ਵਾਈਸ ਚਾਂਸਲਰ ਨੇ ਨਰਮੇ ਦੇ ਬਦਲ ਵਜੋਂ ਦੇਸੀ ਕਪਾਹ ਕਾਸ਼ਤ ਕਰਨ ਲਈ ਕਿਹਾ| ਉਹਨਾਂ ਨੇ ਆਲੂਆਂ ਦੀਆਂ ਕਿਸਮਾਂ ਸੰਬੰਧੀ ਹੋ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ ਅਤੇ ਨਵੇਂ ਯੁੱਗ ਦੇ ਖੇਤੀ ਕਾਰਜਾਂ ਨੂੰ ਕਿਸਾਨੀ ਵਿਹਾਰ ਦਾ ਹਿੱਸਾ ਬਨਾਉਣ ਲਈ ਹੁਨਰ ਵਿਕਾਸ ਪ੍ਰੋਗਰਾਮ ਨਾਲ ਜੁੜਨ ਅਤੇ ਸਿਖਲਾਈ ਹਾਸਲ ਕਰਨ ਲਈ ਨੌਜਵਾਨ ਕਿਸਾਨਾਂ ਨੂੰ ਪ੍ਰੇਰਿਤ ਕੀਤਾ|
ਡਾ. ਗੋਸਲ ਨੇ ਕਿਹਾ ਕਿ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਅਤੇ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਚ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਨੂੰ ਖੇਤੀ ਵਿੱਦਿਆ ਦੇਣ ਦੇ ਉਦੇਸ਼ ਨਾਲ 10 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ| ਇਸਦਾ ਉਦੇਸ਼ ਆਉਂਦੀਆਂ ਪੀੜੀਆਂ ਨੂੰ ਵਿਗਿਆਨਕ ਖੇਤੀ ਨਾਲ ਭਰਪੂਰ ਕਰਕੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨਾ ਹੈ|
ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨ ਮੇਲਾ ਪੰਜਾਬ ਦੀ ਤਰੱਕੀ, ਖੇਤੀ ਵਿਕਾਸ ਅਤੇ ਉੱਦਮ ਲਈ ਚਰਚਾ ਦਾ ਇਕ ਮੰਚ ਹੈ| ਉਹਨਾਂ ਕਿਹਾ ਕਿ ਇਸ ਖੇਤਰ ਵਿਚ ਵੀ ਏ ਆਈ ਵਰਗੀਆਂ ਨਵੀਆਂ ਤਕਨੀਕਾਂ ਸ਼ਾਮਿਲ ਹੋ ਰਹੀਆਂ ਹਨ| ਇਸਦੇ ਮੱਦੇਨਜ਼ਰ ਖੇਤੀ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਹਨ| ਉਹਨਾਂ ਨੇ ਢੁੱਕਵੇਂ ਮੰਡੀਕਰਨ ਲਈ ਸਰਕਾਰੀ ਯਤਨਾਂ ਬਾਰੇ ਦੱਸਦਿਆਂ ਕਿਹਾ ਕਿ ਰਾਸ਼ਟਰੀ ਮੰਡੀਕਰਨ ਨੀਤੀ ਵਿਚ ਵੀ ਲੋੜੀਂਦੇ ਸੁਧਾਰ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨੀ ਦੀ ਭਲਾਈ ਲਈ ਜੋ ਕਾਰਜ ਕੀਤੇ ਗਏ ਉਹਨਾਂ ਦਾ ਨਤੀਜਾ ਸਾਹਮਣੇ ਆ ਰਿਹਾ ਹੈ| ਰਾਜ ਸਭਾ ਵਿਚ ਬੀਤੇ ਦਿਨੀਂ ਪੇਸ਼ ਕੀਤੀ ਗਈ ਇਕ ਰਿਪੋਰਟ ਵਿਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ| ਸ਼੍ਰੀ ਬਰਸਟ ਨੇ ਕਿਹਾ ਕਿ ਯੂਨੀਵਰਸਿਟੀ ਦੀ ਖੋਜ ਦੀ ਅਸਲ ਪਰਖ ਕਿਸਾਨ ਦੇ ਖੇਤਾਂ ਵਿਚ ਹੋਵੇਗੀ ਇਸਲਈ ਕਿਸਾਨਾਂ ਨੂੰ ਮਾਹਿਰਾਂ ਨਾਲ ਸੰਵਾਦ ਅਤੇ ਸਹਿਚਾਰ ਦੇ ਰਿਸ਼ਤੇ ਵਿਚ ਬੱਝਣਾ ਲਾਜ਼ਮੀ ਹੈ|
ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਨਵੀਆਂ ਕਿਸਮਾਂ ਵਿਚ ਉਹਨਾਂ ਝੋਨੇ ਦੀ ਕਿਸਮ ਪੀ ਆਰ 133 ਦਾ ਜ਼ਿਕਰ ਕੀਤਾ ਜੋ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ, ਮਿਆਰੀ ਚੌਲਾਂ ਵਾਲੀ ਅਤੇ ਵੱਖ-ਵੱਖ ਖੋਜ ਤਜਰਬਿਆਂ ਵਿੱਚੋਂ ਉੱਤਮ ਪਾਈ ਗਈ ਦਰਮਿਆਨੇ ਸਮੇਂ ਦੀ ਕਿਸਮ ਹੈ| ਕਪਾਹ ਦੀ ਦੇਸੀ ਕਿਸਮ ਪੀ ਬੀ ਡੀ 88 ਦਾ ਜ਼ਿਕਰ ਕਰਦਿਆਂ ਡਾ. ਢੱਟ ਨੇ ਦੱਸਿਆ ਕਿ ਇਹ ਕਿਸਮ 28 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਵਾਲੀ ਅਤੇ ਰੂੰ ਦੇ ਵਧੇਰੇ ਕਸ ਵਾਲੀ ਕਿਸਮ ਹੈ| ਚਿੱਟੀ ਮੱਖੀ ਅਤੇ ਸੋਕੇ ਵਾਲੀਆਂ ਬਿਮਾਰੀਆਂ ਦਾ ਇਸ ਉੱਪਰ ਕੋਈ ਅਸਰ ਨਹੀਂ ਹੁੰਦਾ| ਇਸੇ ਤਰ੍ਹਾਂ ਮੱਕੀ ਦੀ ਕਿਸਮ ਐੱਨ ਕੇ 7328 ਦਾ ਜ਼ਿਕਰ ਵੀ ਨਿਰਦੇਸ਼ਕ ਖੋਜ ਨੇ ਵਿਸ਼ੇਸ਼ ਰੂਪ ਵਿਚ ਕੀਤਾ| ਉਤਪਾਦਨ ਤਕਨੀਕਾਂ ਵਿਚ ਬੈੱਡਾਂ ਉੱਪਰ ਪਨੀਰੀ ਦੀ ਲਵਾਈ ਦੀ ਤਕਨੀਕ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਕਣਕ ਦੇ ਨਾੜ ਦੀ ਮਲਚ ਵਜੋਂ ਵਰਤੋਂ ਮੱਕੀ/ਅਰਹਰ-ਕਣਕ ਦੀ ਬਿਜਾਈ ਦੀ ਤਕਨੀਕ ਪ੍ਰਮੁੱਖ ਸਨ| ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਦੇ ਮਧਰੇਪਣ ਦੇ ਰੋਗ ਦੀ ਰੋਕਥਾਮ ਲਈ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ|
ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ| ਅੰਤ ਵਿਚ ਡਾ. ਤਰਸੇਮ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ| ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ| ਇਸ ਮੌਕੇ ਕਿਸਾਨਾਂ ਲਈ ਰੰਗਾਰੰਗ ਸਮਾਗਮ ਵੀ ਵੱਖ-ਵੱਖ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ| ਪੀ.ਏ.ਯੂ. ਦਾ ਖੇਤੀ ਸਾਹਿਤ ਪ੍ਰਧਾਨਗੀ ਮੰਡਲ ਨੇ ਆਪਣੇ ਕਰ-ਕਮਲਾਂ ਨਾਲ ਲੋਕ ਅਰਪਿਤ ਕੀਤਾ|

