
ਲੁਧਿਆਣਾ 22 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ-ਰੋਜ਼ਾ ਵਰਕਸ਼ਾਪ ਅੱਜ ਪਾਲ ਆਡੀਟੋਰੀਅਮ ਵਿਚ ਸੰਪੰਨ ਹੋ ਗਈ। ਵਰਕਸ਼ਾਪ ਦੇ ਦੂਜੇ ਦਿਨ ਮਾਹਿਰਾਂ ਲਈ ਖੇਤ ਪ੍ਰਦਰਸ਼ਨੀਆਂ ਤੋਂ ਇਲਾਵਾ ਤਕਨੀਕੀ ਸੈਸ਼ਨ ਵੀ ਹੋਏ। ਇਨ੍ਹਾਂ ਵਿਚ ਖੇਤੀ ਮਸ਼ੀਨਰੀ, ਨਵੀਆਂ ਛਿੜਕਾਅ ਤਕਨੀਕਾਂ, ਬਦਲਵੀਆਂ ਫਸਲਾਂ ਦੀ ਕਾਸ਼ਤ, ਜੀਵਾਣੂੰ ਖਾਦਾਂ ਅਤੇ ਹਾੜੀ ਦੀਆਂ ਫ਼ਸਲਾਂ ਦੇ ਅਰਥ ਸ਼ਾਸਤਰ ਨਾਲ ਸਬੰਧਤ ਨਵੀਆਂ ਖੋਜ ਤਕਨਾਲੋਜੀਆਂ ਸਾਂਝੀਆਂ ਕੀਤੀਆਂ ਗਈਆਂ।
ਇਸ ਵਰਕਸ਼ਾਪ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ , ਫਾਰਮ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ ਦੇ ਮਾਹਿਰਾਂ ਅਤੇ ਪੀ ਏ ਯੂ ਵਿਗਿਆਨੀਆਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਦੂਜੇ ਦਿਨ ਦੀ ਕਾਰਵਾਈ ਵਿੱਚ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਸ. ਗੁਰਜੀਤ ਸਿੰਘ ਬਰਾੜ; ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ; ਡਾ. ਕਰਮਜੀਤ ਸਿੰਘ ਗਿੱਲ; ਅਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਸ. ਨਰਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵਿਗਿਆਨੀ ਸ਼ਾਮਲ ਸਨ।
ਦਿਨ ਦੀ ਸ਼ੁਰੂਆਤ ਮਾਹਿਰਾਂ ਦੇ ਖੇਤ ਪ੍ਰਦਰਸ਼ਨੀਆਂ ਦੇ ਦੌਰੇ ਨਾਲ ਹੋਈ। ਪਸਾਰ ਕਰਮੀਆਂ ਨੇ ਖੇਤ ਪ੍ਰਦਰਸ਼ਨੀਆਂ ਵਿਚ ਨਵੀਆਂ ਕਿਸਮਾਂ ਅਤੇ ਕਾਸ਼ਤ ਤਕਨੀਕਾਂ ਦੇ ਪ੍ਰਦਰਸ਼ਨ ਨੂੰ ਦੇਖਿਆ ਅਤੇ ਯੂਨੀਵਰਸਿਟੀ ਮਾਹਿਰਾਂ ਤੋਂ ਇਸ ਬਾਬਤ ਜਾਣਕਾਰੀ ਹਾਸਿਲ ਕੀਤੀ।
ਉਪਰੰਤ ਤੀਜਾ ਤਕਨੀਕੀ ਸੈਸ਼ਨ ਹੋਇਆ, ਜਿਸਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕੀਤੀ।
ਡਾ ਭੁੱਲਰ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿੱਚ ਇਸ ਵਰਕਸ਼ਾਪ ਨੂੰ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚਕਾਰ ਸਾਂਝ ਦਾ ਪ੍ਰਤੀਕ ਕਿਹਾ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਵਿਕਸਿਤ ਕੀਤੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰਾਂ ਨੂੰ ਹੋਰ ਵੀ ਤਨਦੇਹੀ ਨਾਲ ਯਤਨ ਕਰਨੇ ਚਾਹੀਦੇ ਹਨ । ਉਹਨਾਂ ਆਸ ਪ੍ਰਗਟਾਈ ਕਿ ਇਸ ਵਰਕਸ਼ਾਪ ਤੋਂ ਪ੍ਰਾਪਤ ਸਿੱਟਿਆਂ ਅਤੇ ਖੇਤੀ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਮਾਹਿਰ ਸਿਰਤੋੜ ਯਤਨ ਕਰਨਗੇ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ ਤਰਸੇਮ ਸਿੰਘ ਢਿੱਲੋਂ ਵੱਲੋਂ ਇਸ ਸੈਸ਼ਨ ਦਾ ਸੰਚਾਲਨ ਕੀਤਾ ਗਿਆ।
ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਡਾ. ਮਹੇਸ਼ ਕੁਮਾਰ ਨਾਰੰਗ ਨੇ ਖੇਤੀਬਾੜੀ ਵਿੱਚ ਮਸ਼ੀਨਰੀ ਅਤੇ ਛਿੜਕਾਅ ਤਕਨਾਲੋਜੀ ‘ਤੇ ਪੇਸ਼ਕਾਰੀ ਦਿੰਦਿਆਂ ਕੁਸ਼ਲ ਸਪਰੇਅ ਤਕਨਾਲੋਜੀਆਂ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਸਮੇਤ ਪਰਾਲੀ ਦੇ ਖੇਤ ਵਿਚ ਅਤੇ ਖੇਤ ਤੋਂ ਬਾਹਰ ਪ੍ਰਬੰਧਨ ਲਈ ਪੀ ਏ ਯੂ ਦੀ ਸਿਫਾਰਸ਼ ਕੀਤੀ ਮਸ਼ੀਨਰੀ ਦੀ ਵਰਤੋਂ ਬਾਰੇ ਚਰਚਾ ਕੀਤੀ।
ਡਾ. ਵਰੁਣ ਅੱਤਰੀ ਨੇ ਪੰਜਾਬ ਵਿੱਚ ਬਾਂਸ ਦੀ ਕਾਸ਼ਤ ਦੀ ਸੰਭਾਵਨਾ ਰਾਹੀਂ ਖੇਤੀ ਵਿਭਿੰਨਤਾ ਅਤੇ ਆਮਦਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪੰਜਾਬ ਵਿੱਚ ਬਾਂਸ ਦੀ ਕਾਸ਼ਤ ਲਈ ਅਨੁਕੂਲ ਮੌਸਮੀ ਸਥਿਤੀਆਂ ਅਤੇ ਢੁਕਵੀਆਂ ਕਿਸਮਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਹਾਰਾ ਬੰਸ, ਲਾਠੀ ਬੰਸ, ਕਾਂਤਾ ਬੰਸ-1, ਪੀਲਾ ਬੰਸ ਅਤੇ ਬਾਲਕੁਆ ਬੰਸ ਪ੍ਰਮੁੱਖ ਹਨ।
ਡਾ. ਜੁਪਿੰਦਰ ਕੌਰ ਨੇ ਹਾੜੀ ਦੀਆਂ ਫਸਲਾਂ ਵਿੱਚ ਜੀਵਾਣੂੰ ਖਾਦਾਂ ਦੀ ਭੂਮਿਕਾ ਅਤੇ ਵਰਤੋਂ ਬਾਰੇ ਵਿਸਥਾਰ ਨਾਲ ਦੱਸਦਿਆਂ ਮਿੱਟੀ ਦੀ ਸਿਹਤ ਅਤੇ ਪੌਸ਼ਟਿਕ ਤੱਤਾਂ ਦੇ ਵਾਧੇ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਜ਼ੋਰ ਦਿੱਤਾ। ਉਸਨੇ ਫਾਸਫੋਰਸ ਘੁਲਣਸ਼ੀਲਤਾ ਅਤੇ ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਕੰਸੋਰਸ਼ੀਅਮ ਅਤੇ ਰਾਈਜ਼ੋਬੀਅਮ ਜੀਵਾਣੂੰ ਖਾਦਾਂ ਬਾਰੇ ਚਰਚਾ ਕੀਤੀ। ਨਾਲ ਹੀ ਜੈਵਿਕ ਢੰਗਾਂ ਨਾਲ ਬੀਜ ਸੋਧ ਦੇ ਸਹੀ ਢੰਗ ਬਾਰੇ ਵੀ ਦੱਸਿਆ ਗਿਆ।
ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ ਜਤਿੰਦਰ ਮੋਹਨ ਸਿੰਘ ਨੇ ਹਾੜੀ ਦੀਆਂ ਫਸਲਾਂ ਬਾਰੇ ਆਰਥਿਕ ਨਜ਼ਰੀਆ ਪੇਸ਼ ਕਰਨ ਸਮੇਂ ਉਤਪਾਦਨ ਲਾਗਤ ਅਤੇ ਆਮਦਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਤੱਥਾਂ ਨੂੰ ਉਜਾਗਰ ਕੀਤਾ।
ਤਕਨੀਕੀ ਸੈਸ਼ਨ ਤੋਂ ਬਾਅਦ ਵਿਚ ਚਰਚਾ ਸੈਸ਼ਨ ਵਿਚ ਸਵਾਲਾਂ ਦੇ ਨਾਲ ਤਜਰਬੇ ਅਤੇ ਸੁਝਾਅ ਸਾਂਝੇ ਕੀਤੇ ਗਏ।
ਇਸ ਵਰਕਸ਼ਾਪ ਵਿਚ ਹੋਈ ਚਰਚਾ ਤੋਂ ਪੀ ਏ ਯੂ ਨੂੰ ਆਪਣੇ ਖੋਜ ਅਤੇ ਪਸਾਰ ਕਾਰਜਾਂ ਨੂੰ ਕਿਸਾਨਾਂ ਦੀਆਂ ਜ਼ਰੂਰਤਾਂ ਨਾਲ ਜੋੜਨ ਅਤੇ ਵਿਹਾਰਕ ਹੱਲ ਦੀ ਤਲਾਸ਼ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।

