ਰਾਤ ਦਿਵਸ ਅਠਖੇਲੀਆਂ,ਸੂਰਜ ਖੇਲ੍ਹਾਂ ਖੇਲ੍ਹਦਾ।
ਚਿਹਰਾ ਤਾਂ ਹੀ ਖਿੜ ਗਿਆ,ਫੁੱਲਾਂ ਲੱਦੀ ਵੇਲ ਦਾ।
ਦਿਨ ਤੇ ਰਾਤ ਕਮਾਲ ਹੈ, ਪਲਟੀ ਕੈਸੀ ਮਾਰਦਾ,
ਘੁੰਮਦਾ ਪਹੀਆ ਵਕਤ ਦਾ ਵਿੱਛੜਿਆਂ ਨੂੰ ਮੇਲਦਾ।
ਕਿਰਨਾਂ ਬੂਹੇ ਢੁੱਕੀਆਂ,ਪੱਤ ਸ਼ਰੀਂਹ ਦੇ ਬੱਝ ਗਏ,
ਆ ਨੀ ਮਾਏ!ਧਰਤੀਏ, ਢਾਲ਼ ਤੂੰ ਕੁੱਪਾ ਤੇਲ ਦਾ।
ਰੂਹ ਦੇ ਵਿੱਚ ਰਮਾਉਣ ਲਈ,ਏਨਾ ਕਰਮ ਕਮਾ ਲਵੀਂ,
ਵਕਤ ਖੁੰਝਾਈਂ ਨਾ ਕਦੇ ,ਸੂਰਜ-ਧਰਤਿ ਸੁਮੇਲ ਦਾ।
ਬਿਰਖ ਸੁਹਾਵਿਆਂ ਵਿੱਚ ਦੀ, ਵਾਹੋ-ਦਾਹੀ ਜਾ ਰਿਹਾ,
ਪਿੱਛੇ ਛੱਡੀ ਜਾ ਰਿਹਾ ਰੌਣਕ ,ਪਹੀਆ ਰੇਲ ਦਾ।
ਤੂੰ ਕੀ ਇਸ ਨੂੰ ਸਮਝਦਾ, ਮੈਂ ਕਿਉਂ ਪੁੱਛਾਂ,ਦੱਸ ਤੂੰ,
ਮੇਰੇ ਲਈ ਬ੍ਰਹਿਮੰਡ ਹੈ,ਤੁਪਕਾ ਇੱਕ ਤਰੇਲ ਦਾ।
ਨੀਂਦਰ ਆਇਆਂ ਜਾਗਦਾ, ਟੁੱਟਦਾ ਨੇਤਰ ਖੁੱਲ੍ਹਿਆਂ,
ਉਹ ਸੁਪਨਾ ਸੁਲਤਾਨ ਜੋ, ਦਿਨ ਦੇ ਵਿੱਛੜੇ ਮੇਲਦਾ।
⚫️
ਗੁਰਭਜਨ ਗਿੱਲ