ਗਲ਼ੀ ਗਲ਼ੀ ਵਣਜਾਰਾ ਫਿਰਦਾ, ਹੋਕਾ ਦਏ ਹਥਿਆਰਾਂ ਦਾ ।
ਜ਼ਿੰਦਗੀ ਬਦਲੇ ਮੌਤ ਖ਼ਰੀਦੋ, ਸੌਦਾ ਗੁੱਝੀਆਂ ਮਾਰਾਂ ਦਾ ।
ਉੱਡਣ-ਖਟੋਲੇ, ਤੋਪਾਂ ਲੈ ਲਉ, ਅਮਨ ਚੈਨ ਤੋਂ ਸਾਵੇਂ ਤੋਲ,
ਸ਼ਿਸਤਾਂ ਬੰਨ੍ਹ ਕੇ ਘੁੱਗੀਆਂ ਮਾਰੋ, ਨਾਸ ਕਰੋ ਸਭ ਡਾਰਾਂ ਦਾ ।
ਕਣਕਾਂ, ਨਰਮੇ, ਜੰਤ ਪਰਿੰਦੇ, ਖ੍ਵਾਬ ਖ਼ਿਆਲ ਤਿਆਗ ਦਿਓ,
ਸਿਰਫ਼ ਧਿਆਨ ਧਰੋ ਇਹ ਕਹਿੰਦਾ, ਤੇਗਾਂ ਤੇ ਤਲਵਾਰਾਂ ਦਾ ।
ਸੱਤ-ਸਮੁੰਦਰ ਪਾਰੋਂ ਆਇਆ, ਨਾਰਦ ਪਰਖਣ ਨਰਦਾਂ ਨੂੰ,
ਕਿੰਨਾ ਦਮ ਹੈ ਬਾਕੀ ਬਚਿਆ, ਹਿੰਮਤੀ ਪੌਣ ਸਵਾਰਾਂ ਦਾ ।
ਸ਼ਾਮ ਸਵੇਰੇ ਟੀ ਵੀ ਭੌਂਕੇ, ਅੰਨ੍ਹੀ ‘ਵਾ ਨੂੰ ਪਾਗਲ ਵਾਂਗ,
ਅੱਖਰ ਅੱਖਰ ਝੱਗੋ ਝੱਗ ਹੈ, ਹਲ਼ਕ ਗਏ ਅਖ਼ਬਾਰਾਂ ਦਾ ।
ਵੇਖ ਲਓ ਖਰਗੋਸ਼ ਬਰਾਬਰ, ਨਾਲ ਸ਼ਿਕਾਰੀ ਦੌੜ ਰਿਹਾ,
ਸਮਝ ਰਿਹਾ ਨਾ ਚਾਲਾਂ ਇਹ ਜੀ, ਸਬਜ਼-ਬਾਗ ਸਰਕਾਰਾਂ ਦਾ ।
ਸੋਚ ਬਾਜ਼ਾਰੀ, ਚੁਸਤ ਮਦਾਰੀ, ਤੇਜ਼ ਲਲਾਰੀ ਵੇਖ ਲਵੋ,
ਡੋਬਾ ਦੇ ਕੇ ਇੱਕ ਰੰਗ ਚਾਹੁੰਦੈ, ਚੁੰਨੀਆਂ ਤੇ ਦਸਤਾਰਾਂ ਦਾ।
🔴
️ਗੁਰਭਜਨ ਗਿੱਲ
