ਦਰਦਾਂ ਦੇ ਦਰਿਆ ਵਿੱਚ ਮੈਨੂੰ ,ਜੇ ਨਾ ਦੇਂਦੇ ਸ਼ਬਦ ਸਹਾਰਾ।
ਰੁੜ੍ਹ ਜਾਣਾ ਸੀ ਲਹਿੰਦੇ ਬੰਨੇ,ਬਚਿਆ ਹਾਂ ਸੁਣ ਕੇ ਲਲਕਾਰਾ।
ਫ਼ਤਿਹ ਨਸੀਬ ਉਨ੍ਹਾਂ ਨੂੰ ਹੋਵੇ ਹਾਸ਼ਮ ਸ਼ਾਹ ਦੇ ਕਹਿਣ ਮੁਤਾਬਕ,
ਹਿੰਮਤ ਯਾਰ ਬਣਾਉਂਦੇ ਜਿਹੜੇ, ਮੰਗਦੇ ਨਾ ਉਹ ਤਾਣ ਉਧਾਰਾ।
ਦੇਗ ਉਬਾਲ਼ੇ ਖਾਂਦੀ ਅੰਦਰ,
ਸੁਣਨ ਦਿਆਲੇ ਦੇ ਜੈਕਾਰੇ,
ਆਖ ਰਿਹਾ ਸੀ ਆਪਣੇ ਗੁਰ ਨੂੰ,
ਦਿਉ ਅਸੀਸਾਂ, ਮਿਲਾਂ ਦੋਬਾਰਾ।
ਪ੍ਰਾਣ ਜਦੋਂ ਪੰਖੇਰੂ ਹੋਏ,ਮਤੀ ਦਾਸ ਇਹ ਕਹਿੰਦਿਆਂ ਸੁਣਿਆ,
ਸਾਡੀ ਨਸਲ ਮੁਕਾ ਨਹੀਂ ਸਕਦਾ ਔਰੰਗਜ਼ੇਬਾ ਤੇਰਾ ਆਰਾ।
ਸਤੀ ਦਾਸ ਪਾ ਅਗਨੀ-ਵਸਤਰ ਵਕਤ ਦਿਆਂ ਸਫ਼ਿਆਂ ਤੇ ਲਿਖਿਆ,
ਕਲਮ ਡੋਬ ਕੇ,ਰੱਤ ਦੇ ਅੰਦਰ, ਇੱਕੋ ਸਤਿਗੁਰ- ਸ਼ਬਦ ਸਹਾਰਾ।
ਬਾਬੇ ਦੀਪ ਸਿਹੁੰ ਨੇ ਦੱਸਿਆ,
ਧਰਮ-ਧੁਰੇ ਵਿਸ਼ਵਾਸ ਆਸਰੇ,
ਸੀਸ ਤਲ਼ੀ ਤੇ ਆਪੇ ਟਿਕਦਾ,
ਤੱਕ ਵੈਰੀ ਦਾ ਲਸ਼ਕਰ ਭਾਰਾ।
ਲਾਲ ਕਿਲ੍ਹੇ ਰੱਤ ਸਾਡੀ ਕੈਦਣ,ਹੁਣ ਤੀਕਰ ਨਾ ਕਿਸ਼ਤਾਂ ਮੁੱਕੀਆਂ,
ਪੜ੍ਹ ਸਕਦੇ ਹੋ ਵਹੀਆਂ ਵਿੱਚੋਂ ਫੋਲੋਗੇ ਜੇ ਖਾਤਾ ਸਾਰਾ।
▪️ਗੁਰਭਜਨ ਗਿੱਲ
