ਮੈਂ ਅੱਖੀਂ ਤੱਕਿਐ ਕਈ ਵਾਰੀ, ਬੱਦਲ ਵੀ ਮੁਹੱਬਤਾਂ ਕਰਦੇ ਨੇ ।
ਪਰ ਧਰਤੀ ਵਾਲੇ ਰੂਹ ਉੱਤੇ ਕਿਉਂ ਪਾਉਂਦੇ ਰਹਿੰਦੇ ਪਰਦੇ ਨੇ ।
ਇਹ ਪਤਾ ਨਹੀਂ ਚੌਗਿਰਦਾ ਹੈ ਜਾਂ ਮਨ ਕਮਜ਼ੋਰਾ, ਖ਼ਬਰ ਨਹੀਂ,
ਦਿਲ ਤੇਜ਼ ਧੜਕਦਾ ਮਿਲਣ ਸਾਰ, ਕਿਉਂ ਠੰਢੇ ਹੌਕੇ ਭਰਦੇ ਨੇ ।
ਨਿਰਛਲ ਨਿਰਕਪਟ ਵਿਕਾਰਹੀਣ, ਸੁੱਚੀ ਵੀ ਮੁਹੱਬਤ ਹੁੰਦੀ ਹੈ,
ਇਹ ਅਗਨੀ ਵਸਤਰਹੀਣ ਭਲੀ, ਮਾਨਣ ਤੋਂ ਸਾਰੇ ਡਰਦੇ ਨੇ ।
ਰਸਮਾਂ ਦੀ ਕੈਦਣ ਧਰਤੀ ਇਹ, ਜਿਸਮਾਂ ਦੀ ਗੁਲਾਮੀ ਕਰਦੀ ਹੈ,
ਇਹ ਬਿਰਖ਼ ਬਰੂਟੇ, ਜੰਤ ਜੀਵ ਸਭ ਰੂਹ ਦਾ ਹਾਣੀ ਵਰਦੇ ਨੇ ।
ਸੁਪਨੇ ਤੇ ਰੀਝਾਂ ਘੁੱਗੀਆਂ ਜਹੇ, ਮਾਸੂਮ ਪਰਿੰਦੇ ਵਾਂਗ ਨਿਰੇ,
ਇਨ੍ਹਾਂ ਦੇ ਕਾਤਲ ਵੇਖੇ ਮੈਂ, ਖ਼ੁਦ ਆਪਣੇ ਹੱਥੋਂ ਹਰਦੇ ਨੇ ।
ਇਹ ਸਤਰੰਗੀ ਜੋ ਪੀਂਘ ਦਿਸੇ ਤੇ ਆਭਾ ਮੰਡਲ ਰਿਸ਼ਮਾਂ ਦਾ,
ਕਿਰਨਾਂ ਦਾ ਮੇਲਾ, ਧਰਮ ਨਾਲ ਇਹ ਸਭ ਜੀਅ ਮੇਰੇ ਘਰ ਦੇ ਨੇ ।
ਆ ਕੁੱਛੜ ਚੜ੍ਹੀਏ ਕੁਦਰਤ ਦੀ ਸਭ ਭੁੱਲ ਭੁਲਾ ਕੇ ਵਲਗਣੀਆਂ,
ਜੋ ਰੂਹ ਦੇ ਘੁੰਗਰੂ ਸੁਣਦੇ ਨਾ, ਓਹੀ ਤਾਂ ਸਦਮੇ ਜਰਦੇ ਨੇ।
ਗੁਰਭਜਨ ਗਿੱਲ